ਪੰਜਾਬ ਪੁਲਿਸ.
ਚੰਡੀਗੜ੍ਹ ਨਿਊਜ: ਪੰਜਾਬ ਪੁਲਿਸ ਨੇ ਘਰੇਲੂ ਇਕੱਠ ਜਾਂ ਵਿਆਹ ਸਮਾਗਮ ਵਿੱਚ ਵੀ
ਪੁਲਿਸ ਬੈਂਡ ਵਜਾਉਣ ਸਬੰਧੀ ਇਕ ਸਰਕੂਲਰ ਜਾਰੀ ਕੀਤਾ ਹੈ। ਗਣਤੰਤਰ ਦਿਵਸ ਅਤ ਆਜ਼ਾਦੀ ਦਿਵਸ ਵਰਗੇ ਸਰਕਾਰੀ ਪ੍ਰੋਗਰਾਮਾਂ ਵਿੱਚ ਲੋਕ ਅਕਸਰ ਪੰਜਾਬ ਪੁਲਿਸ ਦੇ ਬੈਂਡ ਦੀ ਗੂੰਜ ਸੁਣਦੇ ਸਨ ਪਰ ਹੁਣ ਗੈਰ ਸਰਕਾਰੀ ਵਿਅਕਤੀ ਵੀ ਪੁਲਿਸ ਬੈਂਡ ਨੂੰ ਆਪਣੇ ਘਰ ਵਿਚ ਰੱਖੇ ਸਮਾਗਮ ਲਈ ਬੁੱਕ ਕਰ ਸਕਦਾ ਹੈ । ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਇਸ ਸਬੰਧੀ ਸਰਕੂਲਰ ਜਾਰੀ ਕਰਕੇ ਸ਼ਹਿਰ ਵਾਸੀਆਂ ਨੂੰ ਕਿਹਾ ਹੈ ਕਿ ਉਹ ਘਰੇਲੂ ਇਕੱਠ ਵਿੱਚ ਮੁਕਤਸਰ ਪੁਲਿਸ ਦਾ ਬੈਂਡ ਬੁੱਕ ਕਰਵਾ ਸਕਦੇ ਹਨ। ਹੁਣ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਵਿਅਕਤੀ ਪੁਲਿਸ ਬੈਂਡ ਬੁੱਕ ਕਰ ਸਕਦਾ ਹੈ।
ਇਹ ਹੈ ਬੁਕਿੰਗ ਦੀ ਫੀਸ ਦਾ ਵੇਰਵਾ
ਪੁਲਿਸ ਵਿਭਾਗ ਵਲੋਂ ਜਾਰੀ ਸਰਕੂਲਰ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਸਰਕਾਰੀ ਕਰਮਚਾਰੀਆਂ ਲਈ ਇਕ ਘੰਟੇ ਦੀ ਬੁਕਿੰਗ ਲਈ 5,000 ਰੁਪਏ ਦਾ ਚਾਰਜ ਰੱਖਿਆ ਗਿਆ ਹੈ। ਜਦੋਂ ਕਿ ਪ੍ਰਾਈਵੇਟ ਕਰਮਚਾਰੀਆਂ ਅਤੇ ਆਮ ਲੋਕਾਂ ਲਈ ਇਕ ਘੰਟੇ ਦੀ ਬੁਕਿੰਗ ਲਈ ਸੱਤ ਹਜ਼ਾਰ ਰੁਪਏ ਦਾ ਚਾਰਜ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ ਤੋਂ 2500 ਰੁਪਏ ਅਤੇ ਆਮ ਲੋਕਾਂ ਤੋਂ 3500 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਨਾਲ ਵਾਧੂ ਚਾਰਜ ਲਿਆ ਜਾਵੇਗਾ। ਪੁਲਿਸ ਲਾਈਨ ਤੋਂ ਸਮਾਗਮ ਵਾਲੀ ਥਾਂ ਤੇ ਜਾਣ ਵਾਲੀ ਗੱਡੀ ਦੀ ਵਾਧੂ ਲਾਗਤ ਵੀ 80 ਰੁਪਏ ਪ੍ਰਤੀ ਕਿਲੋਮੀਟਰ ਹੋਵੇਗੀ।
ਕੋਰੋਨਾ ਕਾਲ ਦੌਰਾਨ ਬੰਦ ਕੀਤੀ ਗਈ ਸੀ ਬੁਕਿੰਗ
ਇਥੇ ਇਹ ਦੱਸ ਦੇਈਏ ਕਿ ਪਿਛਲੇ 22-23 ਸਾਲ ਪਹਿਲਾਂ ਤੋਂ ਹੀ ਮਾਣਯੋਗ ਸਾਬਕਾ ਸੀਨੀਅਰ ਅਫ਼ਸਰਾ ਵੱਲੋਂ ਅੱਤਵਾਦ ਦੇ ਟਾਈਮ ਦੌਰਾਨ, ਪੁਲਿਸ ਦਾ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਪੰਜਾਬ ਦੇ ਹਰ ਜ਼ਿਲੇ ਵਿੱਚ ਪੁਲਿਸ ਬੈਂਡ ਸਟਾਫ ਦੀ ਤਾਇਨਾਤੀ ਕੀਤੀ ਗਈ ਸੀ l ਜਿਲਾ ਸ਼੍ਰੀ ਮੁਕਤਸਰ ਸਾਹਿਬ ਦਾ ਪੁਲਿਸ ਬੈਂਡ ਸਟਾਫ 22-23 ਸਾਲਾਂ ਤੋਂ ਲੋਕਾਂ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਦਾ ਆ ਰਿਹਾ ਹੈ ਪਰ ਕਰੋਨਾ ਸਮੇਂ ਇਹ ਪੁਲਿਸ ਬੈਂਡ ਸਟਾਫ ਵੱਲੋਂ ਕਰੋਨਾ
ਗਾਈਡਲਾਈਨ ਤੇ ਚਲਦਿਆਂ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨੀ ਬੰਦ ਕਰ ਦਿੱਤੀ ਸੀ । ਇਸ ਲਈ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਬੈਂਡ ਸਟਾਫ਼ ਵਿਚ ਹੋਮ ਗਾਰਡ ਦੇ ਮੁਲਾਜ਼ਮਾਂ ਦੀ ਤਾਇਨਾਤੀ ਕਰਕੇ ਲੋਕਾਂ ਦੇ ਪ੍ਰੋਗਰਾਮਾਂ ਵਿੱਚ ਅਤੇ ਪੁਲਿਸ ਵਿਭਾਗ ਦੇ ਪ੍ਰੋਗਰਮਾਂ ਵਿੱਚ ਸ਼ਮੂਲੀਅਤ ਕਰਨ ਲਈ ਦੁਬਾਰਾ ਤੋਂ ਐਕਟਿਵ ਕੀਤਾ ਗਿਆ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ