ਸੋਮਵਾਰ ਨੂੰ ਸੱਤ ਫੇਰੇ ਲੈਣਗੇ ਕਿਆਰਾ ਤੇ ਸਿਧਾਰਥ, ਵਿਆਹ ਦੀਆਂ ਤਿਆਰੀਆਂ ਮੁਕੰਮਲ

Published: 

04 Feb 2023 14:02 PM

ਬਾਲੀਵੁੱਡ ਦੇ ਸਭ ਤੋਂ ਹੌਟ ਜੋੜਿਆਂ ਵਿੱਚੋਂ ਇੱਕ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਸੋਮਵਾਰ 6 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।

ਸੋਮਵਾਰ ਨੂੰ ਸੱਤ ਫੇਰੇ ਲੈਣਗੇ ਕਿਆਰਾ ਤੇ ਸਿਧਾਰਥ, ਵਿਆਹ ਦੀਆਂ ਤਿਆਰੀਆਂ ਮੁਕੰਮਲ
Follow Us On

ਬਾਲੀਵੁੱਡ ਦੇ ਸਭ ਤੋਂ ਹੌਟ ਜੋੜਿਆਂ ਵਿੱਚੋਂ ਇੱਕ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਸੋਮਵਾਰ 6 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਭਲਕੇ 5 ਫਰਵਰੀ ਤੋਂ ਸ਼ੁਰੂ ਹੋ ਕੇ 8 ਫਰਵਰੀ ਤੱਕ ਚੱਲਣਗੀਆਂ। ਇਸ ਦੇ ਲਈ ਦੋਵਾਂ ਨੇ ਜੈਸਲਮੇਰ ਦੇ ਮਸ਼ਹੂਰ ਸੂਰਿਆਗੜ੍ਹ ਪੈਲੇਸ ਨੂੰ ਬੁੱਕ ਕਰਵਾਇਆ ਹੈ। ਜਿਸ ਵਿੱਚ ਉਨ੍ਹਾਂ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਲਗਜ਼ਰੀ ਗੱਡੀਆਂ ਵਿੱਚ ਲਿਆ ਕੇ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਵੇਗਾ।

ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਸਨ, ਵਿਆਹ ਦੇ ਮਾਮਲੇ ‘ਤੇ ਚੁੱਪ ਰਹੇ

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਲੰਬੇ ਸਮੇਂ ਤੋਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ ਵਿੱਚ ਸਨ। ਇਨ੍ਹਾਂ ਦੋਵਾਂ ਨੂੰ ਅਕਸਰ ਇਕੱਠਿਆਂ ਪਾਰਟੀਆਂ ‘ਤੇ ਜਾਂਦੇ ਦੇਖਿਆ ਜਾਂਦਾ ਸੀ। ਦੋਵਾਂ ਨੇ ਆਪਣੇ ਵਿਆਹ ਨੂੰ ਮੀਡੀਆ ਤੋਂ ਪੂਰੀ ਤਰ੍ਹਾਂ ਲੁਕੋ ਕੇ ਰੱਖਿਆ। ਜਦੋਂ ਵੀ ਦੋਵਾਂ ਨੂੰ ਵਿਆਹ ਬਾਰੇ ਪੁੱਛਿਆ ਜਾਂਦਾ ਸੀ ਤਾਂ ਦੋਵੇਂ ਟਾਲ ਦਿੰਦੇ ਸਨ। ਪਿਛਲੇ ਦਿਨੀਂ ਵੀ ਜਦੋਂ ਸਿਧਾਰਥ ਤੋਂ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਕਿਆਰਾ ਜਲਦ ਹੀ ਇਸ ਬਾਰੇ ਵੱਡਾ ਐਲਾਨ ਕਰੇਗੀ। ਪਰ ਉਸਨੇ ਇਹ ਨਹੀਂ ਦੱਸਿਆ ਕਿ ਉਹ ਫਰਵਰੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।

ਸੂਰਿਆਗੜ੍ਹ ਪੈਲੇਸ ਨੂੰ ਸਜਾਇਆ ਗਿਆ ਦੁਲਹਨ ਵਾਂਗ

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਨੇ ਮੁੰਬਈ ਦੀ ਹਲਚਲ ਤੋਂ ਦੂਰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਨੂੰ ਆਪਣੇ ਵਿਆਹ ਲਈ ਚੁਣਿਆ ਹੈ। ਇਹ ਪੈਲੇਸ ਆਪਣੇ ਆਪ ਵਿੱਚ ਸ਼ਾਨ ਦੀ ਮਿਸਾਲ ਪੇਸ਼ ਕਰਦਾ ਹੈ। ਇਸ ਪੈਲੇਸ ਦੀ ਸ਼ਾਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਇੱਕ ਕਮਰੇ ਦਾ ਇੱਕ ਦਿਨ ਅਤੇ ਰਾਤ ਦਾ ਕਿਰਾਇਆ ਕਰੀਬ ਇੱਕ ਲੱਖ 30 ਹਜ਼ਾਰ ਰੁਪਏ ਦੱਸਿਆ ਜਾਂਦਾ ਹੈ। ਕਿਆਰਾ ਅਤੇ ਸਿਧਾਰਥ ਦੇ ਵਿਆਹ ਲਈ ਲਗਭਗ 84 ਕਮਰੇ ਬੁੱਕ ਕੀਤੇ ਗਏ ਹਨ। ਵਿਆਹ ਵਿੱਚ ਸ਼ਾਮਲ ਹੋਣ ਵਾਲੇ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਇਨ੍ਹਾਂ ਕਮਰਿਆਂ ਵਿੱਚ ਰਹਿਣਗੇ। ਵੀਨਾ ਨਾਗਦਾ ਨੂੰ ਮਹਿੰਦੀ ਲਈ ਬੁਲਾਇਆ ਗਿਆ ਹੈ। ਜੋ ਦੇਸ਼ ਦੇ ਸਭ ਤੋਂ ਮਸ਼ਹੂਰ ਮਹਿੰਦੀ ਕਲਾਕਾਰਾਂ ਵਿੱਚੋਂ ਇੱਕ ਹੈ। ਵੀਨਾ ਨਾਗਦਾ ਨੇ ਹਾਲ ਹੀ ‘ਚ ਅੰਬਾਨੀ ਪਰਿਵਾਰ ਦੀ ਨੂੰਹ ਰਾਧਿਕਾ ਮਰਚੈਂਟ ਦੇ ਹੱਥਾਂ ‘ਤੇ ਮਹਿੰਦੀ ਲਗਾਈ ਸੀ। ਸੂਰਿਆਗੜ੍ਹ ਪੈਲੇਸ ‘ਚ ਇਸ ਜੋੜੇ ਦੇ ਵਿਆਹ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੂਰਿਆਗੜ੍ਹ ਪੈਲੇਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਇੱਥੇ ਮਹਿਮਾਨ ਆਉਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਦੋਹਾਂ ਦੇ ਵਿਆਹ ‘ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੇ ਨਾਂ ਵੀ ਸਾਹਮਣੇ ਆਉਣ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਆਹ ‘ਚ ਬਾਲੀਵੁੱਡ ਹਸਤੀਆਂ ਦੇ ਨਾਲ-ਨਾਲ ਦੱਖਣੀ ਭਾਰਤ ਦੇ ਕਈ ਸੁਪਰਸਟਾਰ ਵੀ ਸ਼ਾਮਲ ਹੋ ਸਕਦੇ ਹਨ।