ਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਤੋਂ ਵੱਡੀ ਰਾਹਤ, ਫਿਜੀਕਲ ਪੇਸ਼ੀ ਤੋਂ ਮਿਲੀ ਛੋਟ, ਬੇਬੇ ਮਹਿੰਦਰ ਕੌਰ ਬੋਲੇ – ਫੈਸਲੇ ਖਿਲਾਫ ਕਰਾਂਗੇ ਅਪੀਲ
Kangna Ranaut: ਕੰਗਨਾ ਰਣੌਤ ਨੇ ਇੱਕ ਸੁਣਵਾਈ ਦੌਰਾਨ ਮਹਿਲਾ ਕਿਸਾਨਾਂ ਬਾਰੇ ਆਪਣੇ ਟਵੀਟ ਲਈ ਅਦਾਲਤ 'ਚ ਮੁਆਫ਼ੀ ਮੰਗੀ ਸੀ। ਆਪਣੀ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ ਸੀ ਕਿ ਇਹ ਸਭ ਇੱਕ ਗਲਤਫਹਿਮੀ ਕਾਰਨ ਹੋਇਆ। ਮੈਂ ਮਾਂ ਮਹਿੰਦਰ ਕੌਰ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਗਲਤਫਹਿਮੀ ਦਾ ਸ਼ਿਕਾਰ ਹੋਈ ਹੈ। ਮੇਰਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ।
ਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਤੋਂ ਵੱਡੀ ਰਾਹਤ,
ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰ ਰਹੀ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਅਤੇ ਫਿਲਮੀ ਅਦਾਕਾਰਾ ਕੰਗਨਾ ਰਨੌਤ ਨੂੰ ਅੱਜ ਬਠਿੰਡਾ ਅਦਾਲਤ ਵੱਲੋਂ ਵੱਡੀ ਰਾਹਤ ਦਿੰਦੇ ਹੋਏ ਫਿਜੀਕਲ ਪੇਸ਼ ਹੋਣ ਤੋਂ ਪਰਮਾਨੈਂਟ ਛੋਟ ਦੇ ਦਿੱਤੀ ਅਤੇ ਹਰ ਪੇਸ਼ੀ ਤੇ ਵੀਡੀਓ ਕਾਨਫਰਸਿੰਗ ਰਾਹੀਂ ਕੰਗਣਾ ਰਨੌਤ ਨੂੰ ਪੇਸ਼ ਹੋਣ ਦੀ ਹਦਾਇਤ ਦਿੱਤੀ ਗਈ ਹੈ ਬਾਅਦ ਦੁਪਹਿਰ ਬਠਿੰਡਾ ਕੋਰਟ ਵਿੱਚ ਕੰਗਨਾ ਰਨੌਤ ਦੇ ਵਕੀਲ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਮਾਤਾ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨਾਲ ਜਿਰਾ ਕੀਤੀ ਗਈ ਅਦਾਲਤ ਵੱਲੋਂ ਦੋਨੇ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਰੀਬ 4.30 ਵਜੇ ਆਪਣਾ ਫੈਸਲਾ ਸੁਣਾਇਆ ਗਿਆ।
ਮਾਤਾ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਬਠਿੰਡਾ ਕੋਰਟ ਵੱਲੋਂ ਕੰਗਨਾ ਰਨੌਤ ਨੂੰ ਫਿਜੀਕਲ ਪੇਸ਼ ਹੋਣ ਤੋਂ ਪਰਮਾਨੈਂਟ ਛੋਟ ਦੇ ਦਿੱਤੀ ਗਈ ਹੈ ਕੰਗਣਾ ਰਨੌਤ ਦੇ ਵਕੀਲ ਵੱਲੋਂ ਰਾਹੁਲ ਗਾਂਧੀ ਦੇ ਕਿਸੇ ਕੇਸ ਦੀ ਉਦਾਹਰਨ ਦਿੰਦੇ ਹੋਏ ਇਹ ਰਿਆਇਤ ਕੋਰਟ ਤੋਂ ਲਈ ਹੈ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਜੋ ਕੰਗਣਾ ਰਨੌਤ ਦਾ ਪਾਸਪੋਰਟ ਜਮਾ ਕਰਾਉਣ ਦੀ ਅਰਜੀ ਦਿੱਤੀ ਗਈ ਸੀ ਉਹ ਅਰਜੀ ਬਠਿੰਡਾ ਕੋਰਟ ਵੱਲੋਂ ਪੈਂਡਿੰਗ ਰੱਖ ਲਈ ਗਈ ਹੈ ਅਤੇ ਅਗਲੀ ਸੁਣਵਾਈ 27 ਜਨਵਰੀ 2026 ਨੂੰ ਹੋਵੇਗੀ ।
ਫੈਸਲੇ ਖਿਲਾਫ ਕਰਾਂਗੇ ਅਪੀਲ – ਬਹਿਣੀਵਾਲ
ਉਹਨਾਂ ਕਿਹਾ ਕਿ ਬਠਿੰਡਾ ਕੋਰਟ ਵੱਲੋਂ ਕੰਗਨਾ ਰਨੌਤ ਨੂੰ ਦਿੱਤੀ ਗਈ ਰਿਆਇਤ ਖਿਲਾਫ ਉਹਨਾਂ ਵੱਲੋਂ ਅਪੀਲ ਦਾਇਰ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਸੁਰੱਖਿਆ ਦਾ ਹਵਾਲਾ ਦੇ ਕੇ ਇਹ ਰਿਆਇਤ ਬਠਿੰਡਾ ਕੋਰਟ ਵੱਲੋਂ ਦਿੱਤੀ ਗਈ ਹੈ ਪਰ ਇੱਕ ਦੋਸ਼ੀ ਨਾਲ ਦੋਸ਼ੀ ਜਿਹਾ ਵਿਵਹਾਰ ਹੋਣਾ ਚਾਹੀਦਾ ਹੈ ਭਾਵੇਂ ਉਹ ਕੋਈ ਸੈਲੀਬਰੇਟੀ ਹੋਵੇ ਜਾ ਮੈਂਬਰ ਪਾਰਲੀਮੈਂਟ।
ਦਰਅਸਲ, ਕੰਗਨਾ ਰਣੌਤ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਇੱਕ ਬਜ਼ੁਰਗ ਔਰਤ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ, ਜਿਸ ਤੋਂ ਬਾਅਦ ਬਜ਼ੁਰਗ ਔਰਤ ਨੇ ਉਨ੍ਹਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।ਹਾਲ ਹੀ ਵਿੱਚ, ਕੰਗਨਾ ਰਣੌਤ ਨੇ ਸੁਪਰੀਮ ਕੋਰਟ ਨੂੰ ਕੇਸ ਖਾਰਜ ਕਰਨ ਦੀ ਅਪੀਲ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਸਵੀਕਾਰ ਨਹੀਂ ਕੀਤੀ।
ਕੀ ਹੈ ਪੂਰਾ ਮਾਮਲਾ –
ਕੰਗਨਾ ਨੇ ਇੱਕ ਬਜ਼ੁਰਗ ਔਰਤ ਦਾ ਮਜ਼ਾਕ ਉਡਾਇਆ: ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ, ਕੰਗਨਾ ਨੇ ਟਵੀਟ ਕੀਤਾ ਕਿ ਔਰਤਾਂ 100 ਰੁਪਏ ਲਈ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦੀਆਂ ਹਨ। ਕੰਗਨਾ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਇੱਕ ਪੋਸਟ ‘ਤੇ ਵੀ ਟਿੱਪਣੀ ਕੀਤੀ, ਜਿਸ ਵਿੱਚ ਇੱਕ ਬਜ਼ੁਰਗ ਔਰਤ ਦੀ ਫੋਟੋ ਸੀ।
ਇਹ ਵੀ ਪੜ੍ਹੋ
ਅਦਾਕਾਰਾ ਨੇ ਲਿਖਿਆ, “ਹਾਹਾਹਾ, ਇਹ ਉਹੀ ਦਾਦੀ ਹੈ ਜਿਸਨੂੰ ਟਾਈਮ ਮੈਗਜ਼ੀਨ ਵਿੱਚ ਭਾਰਤ ਦੀ ਇੱਕ ਪਾਵਰਫੁੱਲ ਮਹਿਲਾਂ ਵਜੋਂ ਫੀਚਰ ਕੀਤਾ ਗਿਆ ਸੀ, ਅਜਿਹੀਆਂ ਔਰਤਾਂ 100 ਰੁਪਏ ਵਿੱਚ ਉਪਲਬਧ ਹਨ। । ਪਾਕਿਸਤਾਨੀ ਪੱਤਰਕਾਰਾਂ ਨੇ ਸ਼ਰਮਨਾਕ ਤੌਰ ‘ਤੇ ਭਾਰਤ ਦੇ ਅੰਤਰਰਾਸ਼ਟਰੀ ਪੀਆਰ ਨੂੰ ਹਾਈਜੈਕ ਕਰ ਲਿਆ ਹੈ। ਸਾਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬੋਲਣ ਲਈ ਆਪਣੇ ਲੋਕਾਂ ਦੀ ਲੋੜ ਹੈ।”
ਬੇਬੇ ਨੇ 2021 ਵਿੱਚ ਦਾਇਰ ਕੀਤਾ ਸੀ ਕੇਸ
ਬਠਿੰਡਾ ਦੇ ਬਹਾਦਰਗੜ੍ਹ ਪਿੰਡ ਦੀ ਰਹਿਣ ਵਾਲੀ ਮਹਿੰਦਰ ਕੌਰ (81) ਨੇ ਕੰਗਨਾ ਦੇ ਟਵੀਟ ਤੋਂ ਬਾਅਦ 4 ਜਨਵਰੀ, 2021 ਨੂੰ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਸੁਣਵਾਈ ਲਗਭਗ 13 ਮਹੀਨੇ ਚੱਲੀ, ਜਿਸ ਤੋਂ ਬਾਅਦ ਬਠਿੰਡਾ ਦੀ ਇੱਕ ਅਦਾਲਤ ਨੇ ਕੰਗਨਾ ਨੂੰ ਸੰਮਨ ਜਾਰੀ ਕੀਤਾ ਅਤੇ ਉਨ੍ਹਾਂ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਸੀ।
ਫਿਰ ਕੰਗਨਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਾਹਤ ਲਈ ਪਟੀਸ਼ਨ ਦਾਇਰ ਕੀਤੀ, ਜਿਸਨੂੰ ਰੱਦ ਕਰ ਦਿੱਤਾ ਗਿਆ। ਫਿਰ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ, ਉੱਥੇ ਵੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ।
