ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨੇ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਕੁੱਟਿਆ… ਪਿਸਤੌਲ ਤਾਣੀ!… ਕੇਸ ਦਰਜ

Updated On: 

24 Jul 2026 14:07 PM IST

FIR on Singer Dilpreet Dhillon: ਰੇਮੰਤ ਦੇ ਅਨੁਸਾਰ, ਮੁਲਜਮ ਨੇ ਪਿਸਤੌਲ ਤਾਣ ਕੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਦੋਂ ਉਨ੍ਹਾਂ ਨੇ ਰੌਲਾ ਪਾਇਆ ਅਤੇ ਵਿਰੋਧ ਕੀਤਾ ਤਾਂ ਮੁਲਜਮ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਮੌਕੇ ਤੋਂ ਭੱਜ ਗਿਆ। ਘਟਨਾ ਤੋਂ ਬਾਅਦ, ਜ਼ਖਮੀ ਰੇਮੰਤ ਮਰਵਾਹਾ ਨੂੰ ਇਲਾਜ ਲਈ ਮੋਹਾਲੀ ਦੇ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਤੋਂ ਛੁੱਟੀ ਮਿਲਣ ਤੋਂ ਬਾਅਦ, ਉਹ ਮਟੌਰ ਪੁਲਿਸ ਸਟੇਸ਼ਨ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ।

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨੇ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਕੁੱਟਿਆ... ਪਿਸਤੌਲ ਤਾਣੀ!... ਕੇਸ ਦਰਜ

Photo: Social Media

ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਖਿਲਾਫ ਮੋਹਾਲੀ ਦੇ ਮਟੌਰ ਪੁਲਿਸ ਸਟੇਸ਼ਨ ਵਿੱਚ ਹਮਲਾ ਕਰਨ, ਜ਼ਬਰਦਸਤੀ ਬੰਧਕ ਬਣਾਉਣ ਅਤੇ ਹਥਿਆਰ ਦੀ ਵਰਤੋਂ ਦੇ ਆਰੋਪਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਮੇਲੋਡੀ ਹਾਊਸ ਮਿਊਜ਼ਿਕ ਕੰਪਨੀ ਦੇ ਮਾਲਕ ਰੇਅਮੰਤ ਮਰਵਾਹਾ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ।

ਸ਼ਿਕਾਇਤਕਰਤਾ ਨੇ ਆਰੋਪ ਲਗਾਇਆ ਕਿ ਗਾਇਕ ਨੇ ਟੀ-ਸੀਰੀਜ਼ ਨਾਲ ਇੱਕ ਮਿੱਊਜ਼ਿਕ ਡੀਲ ਨਾ ਹੋਣ ਦੀ ਰੰਜਿਸ਼ ਦੇ ਕਾਰਨ ਉਨ੍ਹਾਂ ‘ਤੇ ਹਮਲਾ ਕੀਤਾ। ਉਨ੍ਹਾਂ ਨੇ ਇਹ ਵੀ ਆਰੋਪ ਲਗਾਇਆ ਕਿ ਮੁਲਜ਼ਮ ਨੇ ਪਿਸਤੌਲ ਲਹਿਰਾ ਕੇ ਉਨ੍ਹਾਂਨੂੰ ਅਤੇ ਉਨ੍ਹਾਂਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਢਿੱਲੋਂ ਖਿਲਾਫ ਲੱਗੇ ਕਿਹੜੇ ਆਰੋਪ?

ਪੁਲਿਸ ਦੇ ਅਨੁਸਾਰ, ਇਹ ਘਟਨਾ ਮੋਹਾਲੀ ਦੇ ਸੈਕਟਰ 70 ਵਿੱਚ ਹੋਮਲੈਂਡ ਦੇ ਇੱਕ ਫਲੈਟ ਵਿੱਚ ਵਾਪਰੀ। ਰੇਮੰਤ ਮਰਵਾਹਾ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਮੇਲੋਡੀ ਹਾਊਸ ਨਾਮ ਦੀ ਇੱਕ ਮਿਊਜਿਕ ਕੰਪਨੀ ਚਲਾ ਰਹੇ ਹਨ। ਰੇਮੰਤ ਮਰਵਾਹਾ ਦੇ ਅਨੁਸਾਰ, ਲਗਭਗ 5-6 ਮਹੀਨੇ ਪਹਿਲਾਂ, ਦਿਲਪ੍ਰੀਤ ਢਿੱਲੋਂ ਨੇ ਟੀ-ਸੀਰੀਜ਼ ਨਾਲ ਗੀਤ ਰਿਕਾਰਡ ਕਰਨ ਲਈ ਡੀਲ ਕਰਵਾਉਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ।

ਕਿਸੇ ਕਾਰਨ ਕਰਕੇ, ਇਹ ਡੀਲ ਸਿਰੇ ਨਹੀਂ ਚੜ੍ਹ ਸਕੀ। ਉਨ੍ਹਾਂ ਨੇ ਗਾਇਕ ਨੂੰ ਟੀ-ਸੀਰੀਜ਼ ਦੇ ਅਧਿਕਾਰੀਆਂ ਨਾਲ ਗੱਲ ਕਰਨ ਦਾ ਪ੍ਰਬੰਧ ਵੀ ਕੀਤਾ, ਪਰ ਫਿਰ ਵੀ ਗੱਲ ਨਹੀਂ ਬਣੀ। ਸ਼ਿਕਾਇਤਕਰਤਾ ਦੇ ਅਨੁਸਾਰ, ਦਿਲਪ੍ਰੀਤ ਢਿੱਲੋਂ ਇਸ ਗੱਲ ‘ਤੇ ਉਨ੍ਹਾਂ ਨਾਲ ਨਾਰਾਜ਼ ਸੀ। 22 ਜੁਲਾਈ ਦੀ ਰਾਤ ਨੂੰ, ਉਹ ਸੈਕਟਰ 70 ਵਿੱਚ ਆਪਣੇ ਦੋਸਤ ਗੁਰਪ੍ਰੀਤ ਸਿੰਘ ਦੇ ਫਲੈਟ ‘ਤੇ ਸਨ। ਉਨ੍ਹਾਂ ਦਾ ਦੋਸਤ ਯੁਗ ਵੀ ਉੱਥੇ ਬੈਠਾ ਸੀ। ਉਸ ਸਮੇਂ ਦਿਲਪ੍ਰੀਤ ਢਿੱਲੋਂ ਪਹੁੰਚਿਆ।

ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ, ਸ਼ਿਕਾਇਤਕਰਤਾ ਨੇ ਆਰੋਪ ਲਗਾਇਆ ਕਿ ਦਿਲਪ੍ਰੀਤ ਢਿੱਲੋਂ ਨੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂਨੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਟੀ-ਸੀਰੀਜ਼ ਜਾਂ ਕਿਸੇ ਹੋਰ ਕੰਪਨੀ ਨਾਲ ਡੀਲ ਕਰਵਾਉਣ ਲਈ ਕਿਹਾ ਕਿਉਂਕਿ ਉਹ ਆਪਣੀ ਪਤਨੀ ਲਈ 1-2 ਕਰੋੜ ਰੁਪਏ ਦੀ ਕਾਰ ਖਰੀਦ ਕੇ ਦੇਣਾ ਚਾਹੁੰਦਾ ਸੀ। ਰੇਮੰਤ ਦੇ ਅਨੁਸਾਰ, ਜਦੋਂ ਉਨ੍ਹਾਂਨੇ ਆਪਣੀ ਮਜਬੂਰੀ ਦੱਸੀ, ਤਾਂ ਗਾਇਕ ਗੁੱਸੇ ਵਿੱਚ ਆ ਗਿਆ ਅਤੇ ਉਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।

ਉਨ੍ਹਾਂ ਨੂੰ ਕਾਲਰ ਨਾਲ ਘਸੀਟ ਕੇ ਦੂਜੇ ਕਮਰੇ ਵਿੱਚ ਲੈ ਗਿਆ, ਜ਼ਮੀਨ ‘ਤੇ ਸੁੱਟ ਕੇ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਦਾ ਆਰੋਪ ਹੈ ਕਿ ਦਿਲਪ੍ਰੀਤ ਢਿੱਲੋਂ ਨੇ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਉਨ੍ਹਾਂ ਨੂੰ ਫੜ ਲਿਆ। ਮੁਲਜਮ ਨੇ ਕਥਿਤ ਤੌਰ ‘ਤੇ ਉਨ੍ਹਾਂਦਾ ਕਾਲਰ ਫੜ ਲਿਆ, ਉਨ੍ਹਾਂਨੂੰ ਦੂਜੇ ਕਮਰੇ ਵਿੱਚ ਘਸੀਟ ਕੇ ਜ਼ਮੀਨ ‘ਤੇ ਸੁੱਟ ਦਿੱਤਾ। ਫਿਰ ਉਸਨੇ ਉਨ੍ਹਾਂਦੇ ਪੇਟ, ਪਸਲੀਆਂ ਅਤੇ ਉਨ੍ਹਾਂਦੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਲੱਤ ਮਾਰੀ। ਸ਼ਿਕਾਇਤਕਰਤਾ ਦਾ ਆਰੋਪ ਹੈ ਕਿ ਹਮਲੇ ਤੋਂ ਬਾਅਦ, ਦਿਲਪ੍ਰੀਤ ਢਿੱਲੋਂ ਨੇ ਆਪਣੀ ਕਮਰ ਤੋਂ ਪਿਸਤੌਲ ਕੱਢੀ ਅਤੇ ਉਨ੍ਹਾਂ ਵੱਲ ਤਾਣ ਦਿੱਤੀ।

ਇਨ੍ਹਾਂ ਧਾਰਾਵਾਂ ਤਹਿਤ FIR ਦਰਜ

ਸ਼ਿਕਾਇਤ ਦੇ ਆਧਾਰ ‘ਤੇ, ਪੁਲਿਸ ਨੇ ਦਿਲਪ੍ਰੀਤ ਸਿੰਘ ਢਿੱਲੋਂ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 115(2), 126(2), 351(2) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਮਾਮਲਾ ਦਰਜ ਕੀਤਾ ਹੈ। ਮਟੌਰ ਪੁਲਿਸ ਥਾਣਾ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਜਾਂਚ ਅਧਿਕਾਰੀ ਏਐਸਆਈ ਕੇਵਲ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ FIR ਦਰਜ ਕੀਤੀ ਗਈ ਹੈ। ਮੁਲਜ਼ਮ ਗਾਇਕ ਨੂੰ ਜਲਦੀ ਹੀ ਜਾਂਚ ਵਿੱਚ ਸ਼ਾਮਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।

Follow Us