ਚੰਡੀਗੜ੍ਹ ਕੰਸਰਟ ਤੋਂ ਬਾਅਦ ਵਧੀਆਂ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ, ਕਿਉਂ ਹੋ ਰਹੀ ਕੋਰਟ ਤੋਂ ਸਖ਼ਤ ਐਕਸ਼ਨ ਦੀ ਮੰਗ?

Updated On: 

18 Dec 2024 16:37 PM

Diljit Dosanjh Music Concert in Chandigarh: ਦਿਲਜੀਤ ਦੋਸਾਂਝ ਦੇ ਕੰਸਰਟ ਦੌਰਾਨ ਕਈ ਥਾਵਾਂ 'ਤੇ ਸ਼ੋਰ ਦੇ ਪੱਧਰ ਦੀ ਨਿਗਰਾਨੀ ਕੀਤੀ ਗਈ ਅਤੇ ਪਾਇਆ ਗਿਆ ਕਿ ਇਹ ਸ਼ੋਰ ਪ੍ਰਦੂਸ਼ਣ ਨਿਯਮਾਂ ਤਹਿਤ ਨਿਰਧਾਰਤ ਪੱਧਰ ਤੋਂ ਕਿਤੇ ਵੱਧ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਵਲੰਟੀਅਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਕਿ 21 ਦਸੰਬਰ ਨੂੰ ਹੋਣ ਵਾਲੇ ਏਪੀ ਢਿੱਲੋਂ ਦੇ ਸ਼ੋਅ ਨੂੰ ਰੈਲੀ ਗਰਾਊਂਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਚੰਡੀਗੜ੍ਹ ਕੰਸਰਟ ਤੋਂ ਬਾਅਦ ਵਧੀਆਂ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ, ਕਿਉਂ ਹੋ ਰਹੀ ਕੋਰਟ ਤੋਂ ਸਖ਼ਤ ਐਕਸ਼ਨ ਦੀ ਮੰਗ?

ਦਿਲਜੀਤ ਦੋਸਾਂਝ (Photo Credit: @Gagan4344)

Follow Us On

Diljit Dosanjh Concert: ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਪਰਫਾਰਮ ਕਰਨ ਵਾਲੇ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਹੈ ਕਿ 14 ਦਸੰਬਰ ਨੂੰ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ਵਿੱਚ ਤੈਅ ਸ਼ੋਰ ਸੀਮਾ ਦੀ ਉਲੰਘਣਾ ਕੀਤੀ ਗਈ। ਇਸ ਕਰਕੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੇ ਹਾਈ ਕੋਰਟ ਨੂੰ ਇਹ ਸਿਫਾਰਿਸ਼ ਕੀਤੀ ਹੈ।

14 ਦਸੰਬਰ ਨੂੰ ਹੋਣ ਵਾਲੇ ਕੰਸਰਟ ‘ਤੇ ਰੋਕ ਲਗਾਉਣ ਲਈ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ 13 ਦਸੰਬਰ ਨੂੰ ਅਦਾਲਤ ਨੇ ਦਿਲਜੀਤ ਨੂੰ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਹਾਲਾਂਕਿ ਇਸ ਦੌਰਾਨ ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ ਸੰਗੀਤ ਸਮਾਰੋਹ ‘ਚ ਸ਼ੋਰ ਸੀਮਾ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਲਈ ਵੱਧ ਤੋਂ ਵੱਧ 75 ਡੈਸੀਬਲ ਸ਼ੋਰ ਦਾ ਪੱਧਰ ਨਿਰਧਾਰਤ ਕੀਤਾ ਗਿਆ। ਨਾਲ ਹੀ ਹਦਾਇਤ ਦਿੱਤੀ ਗਈ ਕਿ ਜੇਕਰ ਇਸ ਦੀ ਉਲੰਘਣਾ ਹੁੰਦੀ ਹੈ ਤਾਂ ਪ੍ਰਬੰਧਕਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।

ਐਡਵੋਕੇਟ ਰਣਜੀਤ ਸਿੰਘ ਨੇ ਪਾਈ ਸੀ ਪੀਆਈਐਲ

ਐਡਵੋਕੇਟ ਰਣਜੀਤ ਸਿੰਘ ਨੇ ਦਿਲਜੀਤ ਦੋਸਾਂਝ ਦੇ ਕੰਸਰਟ ਨੂੰ ਲੈ ਕੇ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਪਿਛਲੀ ਸੁਣਵਾਈ ਤੋਂ ਬਾਅਦ ਹਾਈਕੋਰਟ ਨੇ ਪ੍ਰਸ਼ਾਸਨ ਨੂੰ ਪ੍ਰਦਰਸ਼ਨ ਤੋਂ ਬਾਅਦ ਸਟੇਟਸ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਪਟੀਸ਼ਨਰ ਨੇ ਕਿਹਾ ਕਿ ਸੈਕਟਰ 34 ਚੰਡੀਗੜ੍ਹ ਦੇ ਕੇਂਦਰ ਵਿੱਚ ਹੈ ਅਤੇ ਜੇਕਰ ਇਹ ਕੰਸਰਟ ਉੱਥੇ ਕਰਵਾਇਆ ਜਾਂਦਾ ਹੈ ਤਾਂ ਇਸ ਨਾਲ ਨੇੜਲੇ ਸੈਕਟਰਾਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਾਮਲੇ ਦੀ ਅਗਲੀ ਸੁਣਵਾਈ ਜਨਵਰੀ ਦੇ ਪਹਿਲੇ ਹਫ਼ਤੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਬੈਂਚ ਵੱਲੋਂ ਵਿਸਥਾਰਤ ਹੁਕਮ ਜਾਰੀ ਕਰਨਾ ਬਾਕੀ ਹੈ।

ਕੰਸਰਟ ਦਾ ਸ਼ੋਰ ਤੈਅ ਪੱਧਰ ਤੋਂ ਸੀ ਵੱਧ

ਲਾਈਵ ਲਾਅ ਮੁਤਾਬਕ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਾਇਰ ਕੀਤੇ ਗਏ ਹਲਫਨਾਮੇ ਮੁਤਾਬਕ ਦਿਲਜੀਤ ਦੇ ਮਿਊਜ਼ਿਕ ਕੰਸਰਟ ਦੌਰਾਨ ਕਈ ਥਾਵਾਂ ‘ਤੇ ਸ਼ੋਰ ਦੇ ਪੱਧਰ ‘ਤੇ ਨਜ਼ਰ ਰੱਖੀ ਗਈ ਅਤੇ ਇਹ ਪਾਇਆ ਗਿਆ ਕਿ ਇਹ ਸ਼ੋਰ ਪ੍ਰਦੂਸ਼ਣ ਨਿਯਮਾਂ ਤਹਿਤ ਨਿਰਧਾਰਤ ਪੱਧਰ ਤੋਂ ਕਿਤੇ ਵੱਧ ਸੀ। ਹਲਫ਼ਨਾਮੇ ਰਾਹੀਂ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਹਾਈ ਕੋਰਟ ਇਸ ਮਾਮਲੇ ‘ਤੇ ਤੁਰੰਤ ਸੁਣਵਾਈ ਨਹੀਂ ਕਰੇਗਾ। ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਨਿਲ ਖੇਤਰਪਾਲ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤੀ ਹੈ। ਬੈਂਚ ਨੇ ਜ਼ੁਬਾਨੀ ਟਿੱਪਣੀਆਂ ਵਿੱਚ ਕਿਹਾ, “ਕਿਉਂਕਿ ਇਸ ਮਾਮਲੇ ਵਿੱਚ ਕੋਈ ਐਮਰਜੈਂਸੀ ਨਹੀਂ ਹੈ, ਅਸੀਂ ਜਨਵਰੀ ਵਿੱਚ ਇਸ ਦੀ ਸੁਣਵਾਈ ਕਰਾਂਗੇ… ਹੋਰ ਮਹੱਤਵਪੂਰਨ ਮਾਮਲੇ ਕਾਫੀ ਪੈਂਡਿੰਗ ਹਨ।”

ਗੰਦਗੀ ਫੈਲਾਉਣ ਤੇ ਲਗਾਇਆ ਗਿਆ ਜੁਰਮਾਨਾ

ਇਸ ਤੋਂ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਨੇ ਸਮਾਗਮ ਵਾਲੀ ਥਾਂ ‘ਤੇ ਫੈਲੀ ਗੰਦਗੀ ਨੂੰ ਲੈ ਕੇ ਦਿਲਜੀਤ ਦੇ ਸਮਾਰੋਹ ਦੇ ਪ੍ਰਬੰਧਕਾਂ ‘ਤੇ 25,000 ਰੁਪਏ ਦਾ ਜੁਰਮਾਨਾ ਲਗਾਇਆ ਸੀ। ਨਗਰ ਨਿਗਮ ਨੇ ‘ਸਾਲਿਡ ਵੇਸਟ ਮੈਨੇਜਮੈਂਟ ਬਾਈਲਾਜ਼ 2018’ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਪ੍ਰਬੰਧਕ ਮੈਸਰਜ਼ ਐਸਈ ਇੰਟਰਨੈਸ਼ਨਲ ਐਂਟਰਟੇਨਮੈਂਟ ਨੂੰ ਚਲਾਨ ਜਾਰੀ ਕੀਤਾ ਹੈ। ਹਾਲਾਂਕਿ ਫਰਮ ਨੇ ਨਗਰ ਨਿਗਮ ਤੋਂ ਅਗਾਊਂ ਇਜਾਜ਼ਤ ਲੈਂਦਿਆਂ ਕੂੜਾ ਉਪਕਰ (ਫ਼ੀਸ) ਦਾ ਭੁਗਤਾਨ ਕੀਤਾ ਸੀ, ਪਰ ਜੁਰਮਾਨਾ ਸ਼ਹਿਰਵਾਸੀਆਂ ਅਤੇ ਸਥਾਨਕ ਕੌਂਸਲਰ ਪ੍ਰੇਮ ਲਤਾ ਵੱਲੋਂ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੂੰ 15 ਦਸੰਬਰ ਨੂੰ ਸੈਕਟਰ 34 ‘ਚ ਪ੍ਰਦਰਸ਼ਨੀ ਮੈਦਾਨ ਵਿੱਚ ਜਨਤੱਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਗੰਦਗੀ ਫੈਲਾਉਣ ਨੂੰ ਲੈ ਕੇ ਮਿਲੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਲਗਾਇਆ ਗਿਆ ਸੀ।

Exit mobile version