ਕਰਨ ਔਜਲਾ ਦੇ ਲਾਈਵ ਕੰਸਰਟ ਦੌਰਾਨ ਫੈਨ ਨੇ ਸਟੇਜ ‘ਤੇ ਸੁੱਟੀ ਜੈਕਟ, ਪਹਿਲਾਂ ਗਾਣਾ ਪੂਰਾ ਕੀਤਾ ਫਿਰ ਦਿੱਤਾ ਜਵਾਬ
Karan Aujla Concert: ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਰਨ ਔਜਲਾ ਦਾ ਗੁੱਸਾ ਅਤੇ ਬਾਅਦ ਵਿੱਚ ਉਨ੍ਹਾਂ ਦਾ ਸੰਭਲਿਆ ਹੋਇਆ ਰਵੱਈਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਕਰਨ ਔਜਲਾ ਦਾ ਆਸਟ੍ਰੇਲੀਆ ਦੌਰਾ ਅਜੇ ਜਾਰੀ ਹੈ। ਉਹ ਆਪਣੇ ਪੀ-ਪੌਪ ਕਲਚਰ ਟੂਰ ਤਹਿਤ 18 ਅਤੇ 19 ਅਗਸਤ ਨੂੰ ਮੈਲਬਰਨ ਵਿੱਚ ਪਰਫਾਰਮ ਕਰਨ ਵਾਲੇ ਹਨ।
ਕਰਨ ਔਜਲਾ ਦੇ ਲਾਈਵ ਕੰਸਰਟ ਦੌਰਾਨ ਫੈਨ ਨੇ ਸਟੇਜ 'ਤੇ ਸੁੱਟੀ ਜੈਕਟ
ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਆਸਟ੍ਰੇਲੀਆ ਦੇ ਪੀ-ਪੌਪ ਕਲਚਰ ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲਾਂਕਿ, ਐਡੀਲੇਡ ਵਿੱਚ ਹੋਏ ਉਨ੍ਹਾਂ ਦੇ ਇੱਕ ਲਾਈਵ ਕੰਸਰਟ ਦੌਰਾਨ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਭੀੜ ਵਿੱਚੋਂ ਇੱਕ ਦਰਸ਼ਕ ਨੇ ਸਟੇਜ ‘ਤੇ ਗਾਣਾ ਗਾ ਰਹੇ ਔਜਲਾ ਵੱਲ ਆਪਣੀ ਜੈਕਟ ਸੁੱਟ ਦਿੱਤੀ।
ਇਸ ਹਰਕਤ ਨਾਲ ਗਾਇਕ ਕਾਫ਼ੀ ਅਸਹਿਜ ਅਤੇ ਗੁੱਸੇ ਵਿੱਚ ਨਜ਼ਰ ਆਏ। ਉਨ੍ਹਾਂ ਨੇ ਸਟੇਜ ਤੋਂ ਹੀ ਕਿਹਾ- ਜੇ ਇੱਕ ਪਿਓ ਦਾ ਹੈ ਤਾਂ ਸਾਹਮਣੇ ਆ। ਦੇਖਦੇ ਹਾਂ, ਤੇਰੇ ਵਿੱਚ ਕਿੰਨਾ ਦਮ ਹੈ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਰਨ ਔਜਲਾ ਦਾ ਗੁੱਸਾ ਅਤੇ ਬਾਅਦ ਵਿੱਚ ਉਨ੍ਹਾਂ ਦਾ ਸੰਭਲਿਆ ਹੋਇਆ ਰਵੱਈਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਕਰਨ ਔਜਲਾ ਦਾ ਆਸਟ੍ਰੇਲੀਆ ਦੌਰਾ ਅਜੇ ਜਾਰੀ ਹੈ। ਉਹ ਆਪਣੇ ਪੀ-ਪੌਪ ਕਲਚਰ ਟੂਰ ਤਹਿਤ 18 ਅਤੇ 19 ਅਗਸਤ ਨੂੰ ਮੈਲਬਰਨ ਵਿੱਚ ਪਰਫਾਰਮ ਕਰਨ ਵਾਲੇ ਹਨ।
ਪਹਿਲਾਂ ਗਾਣਾ ਪੂਰਾ ਕੀਤਾ, ਫਿਰ ਸਟੇਜ ਤੋਂ ਲਲਕਾਰਿਆ
ਵੀਡੀਓ ਕਲਿੱਪਸ ਮੁਤਾਬਕ, ਜਦੋਂ ਕਰਨ ਔਜਲਾ ਸਟੇਜ ‘ਤੇ ਆਪਣੇ ਹਿੱਟ ਗੀਤਾਂ ਨਾਲ ਸਮਾਂ ਬੰਨ੍ਹ ਰਹੇ ਸਨ, ਤਾਂ ਅਚਾਨਕ ਸਾਹਮਣੇ ਤੋਂ ਇੱਕ ਜੈਕਟ ਆ ਕੇ ਉਨ੍ਹਾਂ ਦੇ ਕੋਲ ਡਿੱਗੀ। ਔਜਲਾ ਨੇ ਪੇਸ਼ੇਵਰ ਰਵੱਈਆ ਅਪਣਾਉਂਦੇ ਹੋਏ ਪਹਿਲਾਂ ਜੈਕਟ ਚੁੱਕੀ ਅਤੇ ਆਪਣਾ ਗਾਣਾ ਪੂਰਾ ਕੀਤਾ। ਗਾਣਾ ਖ਼ਤਮ ਹੁੰਦੇ ਹੀ ਉਹ ਭੜਕ ਉੱਠੇ ਅਤੇ ਜੈਕਟ ਸੁੱਟਣ ਵਾਲੇ ਸ਼ਖ਼ਸ ਨੂੰ ਸਿੱਧੇ ਤੌਰ ‘ਤੇ ਲਲਕਾਰਿਆ।
ਕਰਨ ਔਜਲਾ ਨੇ ਮਾਈਕ ‘ਤੇ ਕਿਹਾ ਕਿ ਪਹਿਲਾਂ ਇਹ ਦੱਸੋ ਕਿ ਜੈਕਟ ਕਿਸ ਨੇ ਸੁੱਟੀ ਹੈ? ਪਤਾ ਨਹੀਂ ਗੁੱਸੇ ਵਿੱਚ ਸੁੱਟੀ ਹੈ ਜਾਂ ਪਿਆਰ ਨਾਲ? ਪਤਾ ਲੱਗਣਾ ਚਾਹੀਦਾ ਹੈ। ਜੇਕਰ ਇੰਨਾ ਹੀ ਦਮ ਹੈ ਤਾਂ ਸਾਹਮਣੇ ਆ ਕੇ ਗੱਲ ਕਰੋ। ਦੇਖਦੇ ਹਾਂ ਤੁਹਾਡੇ ਵਿੱਚ ਕਿੰਨਾ ਦਮ ਹੈ।
ਇਸ ਤੋਂ ਬਾਅਦ ਜਦੋਂ ਉਹ ਸ਼ਖ਼ਸ ਸਾਹਮਣੇ ਆਇਆ ਤਾਂ ਔਜਲਾ ਨੇ ਕਿਹਾ- ਤੂੰ ਪਾਗਲ ਹੈਂ? ਤੈਨੂੰ ਪਿਆਰ ਹੋ ਗਿਆ ਹੈ ਕੀ? ਇੰਝ ਨਹੀਂ ਕਰਦੇ ਡਾਰਲਿੰਗ। ਮੈਂ ਸਿਰਫ਼ ਤੇਰੇ ਲਈ ਨਹੀਂ ਆਇਆ। ਮੇਰਾ ਸਮਾਂ ਬਰਬਾਦ ਨਾ ਕਰ।
ਇਹ ਵੀ ਪੜ੍ਹੋ
ਇਸ ਤੋਂ ਬਾਅਦ ਕਰਨ ਔਜਲਾ ਨੇ ਫੈਨ ਨੂੰ ਉਸ ਦੀ ਜੈਕਟ ਵਾਪਸ ਕਰ ਦਿੱਤੀ ਅਤੇ ਕਿਹਾ, ਤੈਨੂੰ ਚਾਹੀਦਾ ਕੀ ਹੈ? ਇਹ ਪਾਉਣ ਲਈ ਹੁੰਦੀ ਹੈ, ਸੁੱਟਣ ਲਈ ਨਹੀਂ। ਔਜਲਾ ਨੇ ਬਾਅਦ ਵਿੱਚ ਉਸੇ ਜੈਕਟ ‘ਤੇ ਫੈਨ ਨੂੰ ਆਟੋਗ੍ਰਾਫ ਵੀ ਦਿੱਤਾ। ਇਸ ਤੋਂ ਬਾਅਦ ਪੂਰਾ ਸਟੇਡੀਅਮ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ।
ਪਹਿਲਾਂ 13 ਅਗਸਤ ਨੂੰ ਹੋਣਾ ਸੀ ਕੰਸਰਟ
ਕਰਨ ਔਜਲਾ 13 ਅਗਸਤ ਨੂੰ ਐਡੀਲੇਡ ਵਿੱਚ ਕੰਸਰਟ ਕਰਨ ਵਾਲੇ ਸਨ, ਪਰ ਸਮੇਂ ਸਿਰ ਵੀਜ਼ਾ ਨਾ ਮਿਲ ਸਕਣ ਕਾਰਨ ਇਵੈਂਟ ਨੂੰ ਮੁਲਤਵੀ ਕਰਨਾ ਪਿਆ। ਦੋ ਦਿਨ ਪਹਿਲਾਂ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਵੀਜ਼ਾ ਆ ਗਿਆ ਹੈ ਅਤੇ ਉਹ ਐਡੀਲੇਡ ਜਾ ਰਹੇ ਹਨ। ਉਨ੍ਹਾਂ ਨੇ ਪ੍ਰਾਈਵੇਟ ਜੈੱਟ ਰਾਹੀਂ ਐਡੀਲੇਡ ਜਾਂਦੇ ਹੋਏ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ। ਐਤਵਾਰ ਰਾਤ ਨੂੰ ਉਨ੍ਹਾਂ ਨੇ ਕੰਸਰਟ ਕੀਤਾ।
ਵਾਇਰਲ ਵੀਡੀਓ ‘ਤੇ ਯੂਜ਼ਰਜ਼ ਦੇ ਮਿਲੇ-ਜੁਲੇ ਰਿਐਕਸ਼ਨ
ਕਰਨ ਔਜਲਾ ਅਤੇ ਫੈਨ ਵਿਚਾਲੇ ਹੋਈ ਇਹ ਗੱਲਬਾਤ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਤੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਯੂਜ਼ਰਜ਼ ਨੇ ਕਰਨ ਦੇ ਗੁੱਸੇ ਨੂੰ ਜਾਇਜ਼ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਕਲਾਕਾਰ ਦੀ ਪਰਫਾਰਮੈਂਸ ਦੌਰਾਨ ਉਸ ਵੱਲ ਕੋਈ ਚੀਜ਼ ਸੁੱਟਣਾ ਠੀਕ ਨਹੀਂ ਹੈ।
ਇੱਕ ਯੂਜ਼ਰ ਨੇ ਕਮੈਂਟ ਕੀਤਾ ਕਿ ਉਸ ਨੂੰ ਇਹ ਹਰਕਤ ਬੇਹੱਦ ਬੇਵਕੂਫ਼ੀ ਭਰੀ ਲੱਗੀ ਅਤੇ ਕਰਨ ਦਾ ਗੁੱਸਾ ਪੂਰੀ ਤਰ੍ਹਾਂ ਸਮਝ ਵਿੱਚ ਆਉਂਦਾ ਹੈ। ਉੱਥੇ ਹੀ, ਕੁਝ ਲੋਕਾਂ ਨੂੰ ਗਾਇਕ ਅਤੇ ਫੈਨ ਵਿਚਾਲੇ ਬਾਅਦ ਵਿੱਚ ਹੋਈ ਗੱਲਬਾਤ ਮਜ਼ੇਦਾਰ ਲੱਗੀ।
