Haryana: ਬੀਫ਼ ਖਾਣ ਦੇ ਸ਼ੱਕ 'ਚ ਮਜ਼ਦੂਰ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਗਊ ਰੱਖਿਆ ਦਲ ਦੇ 5 ਮੈਂਬਰ ਗ੍ਰਿਫ਼ਤਾਰ
Charkhi Dadri Mob Lynching: ਹਰਿਆਣਾ ਦੇ ਚਰਖੀ-ਦਾਦਰੀ ਤੋਂ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਬੀਫ ਖਾਣ ਦੇ ਸ਼ੱਕ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਪੁਲੀਸ ਨੇ ਇਸ ਇਲਜ਼ਾਮ ਵਿੱਚ ਗਊ ਰੱਖਿਆ ਦਲ ਦੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਸ਼ਾਮਲ ਦੋ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮਜ਼ਦੂਰ ਦੀ ਪਛਾਣ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਾਬਿਰ ਮਲਿਕ ਵਜੋਂ ਹੋਈ ਹੈ। ਘਟਨਾ 27 ਅਗਸਤ ਦੀ ਹੈ।
ਪੁਲਿਸ ਨੇ ਦੱਸਿਆ ਕਿ ਹਰਿਆਣਾ ਦੇ ਚਰਖੀ ਦਾਦਰੀ ਜ਼ਿਲੇ ‘ਚ ਬੀਫ ਖਾਣ ਦੇ ਸ਼ੱਕ ‘ਚ ਦੋ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਕੁੱਟਮਾਰ ਇੰਨੀ ਜ਼ਬਰਦਸਤ ਸੀ ਕਿ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਾਬਿਰ ਮਲਿਕ ਦੀ ਮੌਤ ਹੋ ਗਈ ਜਦਕਿ ਦੂਜਾ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।
ਬੀਫ ਖਾਣ ਕਾਰਨ ਹੋਇਆ ਕਤਲ
ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਦੂਜੇ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟ ਰਿਹਾ ਹੈ। ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ ਪਰ ਕਿਸੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਮਾਮਲਾ 27 ਅਗਸਤ ਦਾ ਦੱਸਿਆ ਜਾ ਰਿਹਾ ਹੈ। ਮੁਲਜ਼ਮ ਅਭਿਸ਼ੇਕ, ਮੋਹਿਤ, ਰਵਿੰਦਰ, ਕਮਲਜੀਤ ਅਤੇ ਸਾਹਿਲ ਨੇ ਪੀੜਤ ਸਾਬਿਰ ਮਲਿਕ ਨੂੰ ਪਲਾਸਟਿਕ ਦੀਆਂ ਖਾਲੀ ਬੋਤਲਾਂ ਵੇਚਣ ਦੇ ਬਹਾਨੇ ਦੁਕਾਨ ‘ਤੇ ਬੁਲਾਇਆ ਅਤੇ ਬਾਅਦ ‘ਚ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਵਿਅਕਤੀ ਨੇ ਮਾਸ ਖਾਧਾ ਸੀ ਜਾਂ ਉਸ ਦਾ ਕਤਲ ਸਿਰਫ਼ ਸ਼ੱਕ ਦੇ ਆਧਾਰ ‘ਤੇ ਕੀਤਾ ਗਿਆ ਸੀ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ
ਬੀਫ ਖਾਣ ਦੇ ਇਲਜ਼ਾਮ ‘ਚ ਮੌਬ ਲਿੰਚਿੰਗ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲ ਹੀ ‘ਚ ਬਿਹਾਰ ਦੇ ਦਲਸਿੰਘਸਰਾਏ ਦੇ ਵਿਦਿਆਪਤੀਨਗਰ ਥਾਣਾ ਖੇਤਰ ‘ਚ ਬੀਫ ਤਸਕਰੀ ਦੇ ਇਲਜ਼ਾਮ ‘ਚ ਇਕ ਵਿਅਕਤੀ ਨੂੰ ਕੁਝ ਲੋਕਾਂ ਨੇ ਬੁਰੀ ਤਰ੍ਹਾਂ ਨਾਲ ਕੁੱਟਿਆ ਸੀ। ਇਸ ਤੋਂ ਬਾਅਦ ਮਾਮਲੇ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਗਈ। ਪੁਲਿਸ ਨੇ ਇਸ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
(ਰਿਪੋਰਟ- ਗੁਲਸ਼ਨ/ਚਰਖੀ ਦਾਦਰੀ)