‘ਮੁੰਡੇ ਦੀ ਲਾਸ਼ ਵੇਖਣ ਤੋਂ ਬਾਅਦ ਹੀ ਕਰਾਂਗੇ ਕੁੜੀ ਦਾ ਸਸਕਾਰ… ਹੋਵੇ ਨਿਆਂ’, ਸੰਦੀਪ ਕੌਰ ਦੇ ਪਰਿਵਾਰ ਦਾ ਐਲਾਨ
Tarantaran College Murder Update: ਮ੍ਰਿਤਕ ਲੜਕੀ ਸੰਦੀਪ ਕੌਰ ਦੇ ਪਰਿਵਾਰ ਦਾ ਇਹ ਵੀ ਇਲਜ਼ਾਮ ਹੈ ਕਿ ਮੁਲਜ਼ਮ ਲੜਕਾ ਉਨ੍ਹਾਂ ਦੀ ਧੀ ਨੂੰ ਇਕਤਰਫ਼ਾ ਪਿਆਰ ਕਰਦਾ ਸੀ ਤੇ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਜਦਕਿ, ਇਸ ਮਾਮਲੇ 'ਚ ਗੁਪਤ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਹੈ ਕਿ ਪ੍ਰਿੰਸ ਰਾਜ ਲੜਕੀ ਸੰਦੀਪ ਕੌਰ ਦਾ ਖ਼ਰਚਾ ਚੁੱਕਦਾ ਸੀ, ਪਰ ਜਦੋਂ ਲੜਕੀ ਦੀ ਮੰਗਣੀ ਹੋ ਗਈ ਤਾਂ ਉਹ ਗੁੱਸੇ 'ਚ ਆ ਗਿਆ ਤੇ ਉਸ ਨੇ ਇਹ ਕਦਮ ਚੁੱਕਿਆ।
ਸੰਦੀਪ ਕੌਰ ਦਾ ਪਰਿਵਾਰ ਮੰਗ ਰਿਹਾ ਨਿਆਂ
ਤਰਨਤਾਰਨ ਦੇ ਲਾਅ ਕਾਲਜ ਵਿੱਚ ਕੁੜੀ ਸੰਦੀਪ ਕੌਰ ਨੂੰ ਗੋਲੀ ਮਾਰਨ ਵਾਲੇ ਮੁੰਡੇ ਪ੍ਰਿੰਸ ਦੀ ਆਪਣੀ ਹਾਲਤ ਵੀ ਬਹੁਤ ਹੀ ਨਾਜ਼ੁਕ ਹੈ। ਡਾਕਟਰਾਂ ਮੁਤਾਬਕ, ਉਸਦੇ ਬੱਚਣ ਦੀ ਉਮੀਦ ਨਾ ਬਰਾਬਰ ਹੈ, ਹਾਲਾਂਕਿ ਅੰਮ੍ਰਿਤਸਰ ਦੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਉਸਦਾ ਇਲਾਜ ਲਗਾਤਾਰ ਚੱਲ ਰਿਹਾ ਹੈ। ਉੱਧਰ ਇਸ ਘਟਨਾ ਤੋਂ ਡੂੰਘੇ ਸਦਮੇ ਵਿੱਚ ਆਏ ਸੰਦੀਪ ਕੌਰ ਦੇ ਪਰਿਵਾਰ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਉਹ ਪ੍ਰਿੰਸ ਦੀ ਲਾਸ਼ ਨਹੀਂ ਦੇਖ ਲੈਂਦੇ, ਉਦੋਂ ਤੱਕ ਉਹ ਸੰਦੀਪ ਕੌਰ ਦਾ ਸਸਕਾਰ ਨਹੀਂ ਕਰਨਗੇ।
ਮ੍ਰਿਤਕ ਲੜਕੀ ਮਨਪ੍ਰੀਤ ਕੌਰ ਦੀ ਭੈਣ ਮਨਪ੍ਰੀਤ ਕੌਰ ਨੇ ਪੁਲਿਸ ਤੇ ਮੀਡੀਆ ਨੂੰ ਦੱਸਿਆ ਕਿ ਪ੍ਰਿੰਸ ਰਾਜ ‘ਤੇ ਇਕਤਰਫ਼ਾ ਪਿਆਰ ਦਾ ਪਾਗਲਪਣ ਸਵਾਰ ਸੀ। ਉਹ ਸੰਦੀਪ ਕੌਰ ਨੂੰ ਹਰ ਰੋਜ ਤੰਗ-ਪਰੇਸ਼ਾਨ ਕਰਦਾ ਸੀ। ਉਹ ਅਕਸਰ ਉਨ੍ਹਾਂ ਦੇ ਘਰ ਦੇ ਚੱਕਰ ਮਾਰਦਾ ਰਹਿੰਦਾ ਸੀ। ਸੰਦੀਪ ਕੌਰ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੁੰਦੀ, ਪਿਓ ਸਿਰ ‘ਤੇ ਨਾ ਹੋਣ ਕਰਕੇ ਉਹ ਆਪਣੇ ਘਰ ਦੇ ਮਾੜੇ ਹਾਲਾਤ ਨੂੰ ਸੁਧਾਰਣਾ ਚਾਹੁੰਦੀ ਸੀ ਤੇ ਨਾਲ ਹੀ ਉਸ ਦਾ ਟੀਚਾ ਸੀ ਕਿ ਲਾਅ ਕਰਕੇ ਉਹ ਕਾਮਯਾਬ ਵਕੀਲ ਬਣ ਸਕੇ।
ਜਦੋਂ ਤੱਕ ਨਿਆਂ ਨਹੀਂ ਮਿਲਦਾ, ਨਹੀਂ ਕਰਾਂਗੇ ਸਸਕਾਰ – ਪਰਿਵਾਰ
ਸੰਦੀਪ ਕੌਰ ਦੇ ਪਰਿਵਾਰਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰਿੰਸ ਅਮੀਰ ਪਰਿਵਾਰ ਤੋਂ ਆਉਂਦਾ ਹੈ। ਉਸਦੇ ਪਿਤਾ ਫੌਜ ਵਿੱਚ ਹਨ, ਇਸ ਲਈ ਪੁਲਿਸ ਨੇ ਨਾ ਤਾਂ ਹਾਲੇ ਤੱਕ ਪਿਸਤੌਲ ਨੂੰ ਲੈ ਕੇ ਕੋਈ ਜਾਂਚ ਸ਼ੁਰੂ ਕੀਤੀ ਹੈ ਅਤੇ ਨਾ ਹੀ ਕੋਈ ਗ੍ਰਿਫਤਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਪ੍ਰਿੰਸ ਦੀ ਲਾਸ਼ ਨਹੀਂ ਦੇਖ ਲੈਂਦੇ ਅਤੇ ਜਦੋਂ ਤੱਕ ਉਨ੍ਹਾਂ ਨੂੰ ਨਿਆਂ ਨਹੀਂ ਮਿਲ ਜਾਂਦਾ, ਉਹ ਸੰਦੀਪ ਕੌਰ ਦਾ ਸਸਕਾਰ ਨਹੀਂ ਕਰਨਗੇ। ਹਾਲਾਂਕਿ ਸੰਦੀਪ ਕੌਰ ਦਾ ਪੋਸਟਮਾਰਟਮ ਹੋ ਚੁੱਕਾ ਹੈ। ਉਸ ਦੀ ਲਾਸ਼ ਨੂੰ ਪਿੰਡ ਨੌਸੇਰਾ ਪੰਨੂ ਲੈ ਜਾਇਆ ਜਾ ਚੁੱਕਾ ਹੈ, ਪਰ ਪਰਿਵਾਰ ਲਗਾਤਾਰ ਇਸ ਗੱਲ ਤੇ ਅੜਿਆ ਹੋਇਆ ਕਿ ਜਦੋਂ ਤੱਕ ਉਨ੍ਹਾਂ ਨਾਲ ਨਿਆਂ ਨਹੀਂ ਹੁੰਦਾ, ਉਹ ਸੰਦੀਪ ਦਾ ਸਸਕਾਰ ਨਹੀਂ ਕਰਨਗੇ।
ਹਾਲਾਂਕਿ, ਇਸ ਮਾਮਲੇ ‘ਤੇ ਲੜਕੇ ਪਰਿਵਾਰ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ। ਉਸ ਦੇ ਘਰ ‘ਤੇ ਤਾਲਾ ਲੱਗਿਆ ਹੋਇਆ ਹੈ। ਪੁਲਿਸ ਵੱਲੋਂ ਵੀ ਲੜਕੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਡਾਕਟਰ ਨੇ ਦਿੱਤਾ ਪ੍ਰਿੰਸ ਦਾ ਹੈਲਥ ਅਪਡੇਟ
ਉੱਧਰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਵੈਂਟੀਲੇਟਰ ‘ਤੇ ਹੈ ਅਤੇ ਉਸਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਉਸ ਲਈ ਅਗਲੇ 24 ਘੰਟੇ ਬਹੁਤ ਅਹਿਮ ਹਨ। ਉਨ੍ਹਾਂ ਕਿਹਾ ਕਿ ਗੋਲੀ ਅਜੇ ਵੀ ਪ੍ਰਿੰਸ ਦੇ ਦਿਮਾਗ ‘ਚ ਹੈ ਤੇ ਸੀਟੀ ਸਕੈਨ ਦੇ ਨਤੀਜੇ ਆਉਣ ਤੋਂ ਬਾਅਦ ਹੀ ਅਗਲੇ ਇਲਾਜ ਬਾਰੇ ਫੈਸਲਾ ਲਿਆ ਜਾਵੇਗਾ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਾਫ ਕਰ ਦਿੱਤਾ ਕਿ ਅਜਿਹੇ ਮਾਮਲਿਆਂ ਵਿੱਚ ਬਚਣ ਦੀ ਉਮੀਦ ਬਹੁਤ ਹੀ ਘੱਟ ਹੁੰਦੀ ਹੈ
ਇਹ ਵੀ ਪੜ੍ਹੋ
ਮੈਡੀਕਲ ਸੁਪਰਡੈਂਟ ਨੇ ਇਹ ਵੀ ਕਿਹਾ ਕਿ ਡਾਕਟਰਾਂ ਦੀਆਂ ਟੀਮਾਂ ਲਗਾਤਾਰ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਉਸਦੀ ਹਾਲਤ ਵਿੱਚ ਸੁਧਾਰ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ।
