ਮੂਸੇਵਾਲਾ ਨੂੰ ਨਕਲੀ ਪੁਲਿਸ ਵਾਲਾ ਬਣ ਕੇ ਮਾਰਨਾ ਚਾਹੁੰਦੇੇ ਸਨ ਗੈਂਗਸਟਰ, ਇਸ ਕਾਰਨ ਬਦਲਿਆ ਪਲਾਨ
Sidhu Moosewala Murder: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਵਿੱਚ 29 ਮਈ 2022 ਨੂੰ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੇ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਉਸ ਦੀ ਸੁਰੱਖਿਆ ਵਾਪਸ ਲੈ ਲਈ ਸੀ। ਇਸ ਕਤਲ ਦੇ ਮਾਸਟਰਮਾਈਂਡ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੱਸੇ ਜਾ ਰਹੇ ਸਨ।
ਸਿੱਧੂ ਮੂਸੇਵਾਲਾ (ਫਾਈਲ ਫੋਟੋ)
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਦੋ ਸਾਲ ਪਹਿਲਾਂ ਕਤਲ ਹੋ ਗਿਆ ਸੀ ਪਰ ਇਸ ਮਾਮਲੇ ਵਿੱਚ ਅਜੇ ਵੀ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਮੁਲਜ਼ਮਾਂ ਨੂੰ ਸੁੰਨਸਾਨ ਜਗ੍ਹਾ ‘ਤੇ ਏਕੇ 47 ਨਾਲ ਫਾਇਰਿੰਗ ਕਰਦੇ ਹੋਏ ਦੇਖਿਆ ਸੀ।
ਮੁਲਜ਼ਮਾਂ ਨੇ ਗ੍ਰੇਨੇਡ ਲਾਂਚਰ ਦੀ ਵਰਤੋਂ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਏ ਇਸ ਲਈ ਉਨ੍ਹਾਂ ਨੇ ਇਸ ਨੂੰ ਕੈਂਸਿਲ ਕਰ ਦਿੱਤਾ ਸੀ। ਮੁਲਜ਼ਮਾਂ ਨੇ ਮੂਸੇਵਾਲਾ ਨੂੰ ਮਾਰਨ ਲਈ ਪਹਿਲਾਂ ਪੁਲਿਸ ਦੇ ਭੇਸ ਵਿੱਚ ਆਉਣ ਦੀ ਯੋਜਨਾ ਬਣਾਈ ਸੀ, ਪਰ ਕੰਮ ਨੂੰ ਅੰਜਾਮ ਨਾ ਦੇਣ ਲਈ ਲੜਕੀਆਂ ਨਾ ਮਿਲਣ ਤੇ ਇਹ ਯੋਜਨਾ ਬਦਲ ਦਿੱਤੀ ਸੀ।
ਡੱਬਵਾਲੀ ‘ਚ ਕੀਤੀ ਸੀ ਟ੍ਰੇਨਿੰਗ
ਇਸ ਕਤਲ ਕਾਂਡ ਦੇ ਇੱਕ ਮੁਲਜ਼ਮ ਕੇਸ਼ਵ ਪੁੱਤਰ ਲਾਲਚੰਦ ਵਾਸੀ ਆਵਾ ਬਸਤੀ ਬਠਿੰਡਾ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਪ੍ਰਿਆਵਰਤ ਫ਼ੌਜੀ, ਦੀਪਕ ਮੁੰਡੀ ਸਮੇਤ ਬਾਕੀ ਸਾਰੇ ਮੁਲਜ਼ਮਾਂ ਨੇ ਪਿਸਤੌਲ ਸਮੇਤ ਏਕੇ 47 ਨਾਲ ਡੱਬਵਾਲੀ ਦੇ ਪਿੰਡ ਸਕਤਾ ਖੇੜਾ ਦੇ ਖੇਤਾਂ ‘ਚ ਸੁੰਨਸਾਨ ਜਗ੍ਹਾ ‘ਤੇ ਟ੍ਰੇਨਿੰਗ ਕੀਤੀ ਸੀ। ਇਸ ਤੋਂ ਇਲਾਵਾ ਮੁਲਜ਼ਮ ਪ੍ਰਿਆਵਰਤ ਫੌਜੀ ਅਤੇ ਦੀਪਕ ਮੁੰਡੀ ਨੇ ਗ੍ਰੇਨੇਡ ਲਾਂਚਰ ਦੀ ਵਰਤੋਂ ਕਰਕੇ ਵੀ ਵੇਖੀ ਸੀ।
ਗੋਲਡੀ ਨੇ ਹਥਿਆਰ ਮੁਹੱਈਆ ਕਰਵਾਏ
ਸੂਤਰਾਂ ਨੇ ਦੱਸਿਆ ਕਿ ਗਾਇਕ ਮੂਸੇਵਾਲਾ ਨੂੰ ਭਾਰੀ ਪੁਲਿਸ ਸੁਰੱਖਿਆ ਸੀ, ਜਿਸ ਕਾਰਨ ਗੈਂਗਸਟਰ ਗੋਲਡੀ ਬਰਾੜ ਨੇ ਗੈਂਗਸਟਰਾਂ ਨੂੰ ਵੱਡੀ ਗਿਣਤੀ ‘ਚ ਪਿਸਤੌਲ ਤੇ ਏਕੇ 47 ਦਿੱਤੇ ਸਨ। ਉਨ੍ਹਾਂ ਨੇ ਮਿਲ ਕੇ ਯੋਜਨਾ ਬਣਾਈ ਸੀ ਕਿ ਮੂਸੇਵਾਲਾ ਨੂੰ ਮਾਰਨ ਲਈ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ੂਟਰ ਮਨਪ੍ਰੀਤ ਸਿੰਘ ਮੰਨਾ ਅਤੇ ਜਗਰੂਪ ਰੂਪਾ ਅਤੇ 3 ਹੋਰ ਨੌਜਵਾਨ ਮੂਸੇਵਾਲਾ ਦੇ ਘਰ ਜਾਅਲੀ ਪੁਲਿਸ ਵਾਲਾ ਬਣ ਕੇ ਆਉਣਗੇ।
ਇਸ ਯੋਜਨਾ ਲਈ ਗੈਂਗਸਟਰਾਂ ਨੇ ਪੁਲਿਸ ਦੀ ਵਰਦੀ ਵੀ ਖ਼ਰੀਦੀ ਸੀ, ਪਰ ਇਹ ਫਿੱਟ ਨਹੀਂ ਹੋਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਨੂੰ ਨੇਪਰੇ ਚਾੜ੍ਹਨ ਲਈ ਜਦੋਂ ਇਕ ਨੌਜਵਾਨ ਵਰਦੀ ਪਾ ਕੇ ਪੁਲਿਸ ਦੀ ਪੱਗ ਬੰਨ੍ਹ ਰਿਹਾ ਸੀ ਤਾਂ ਉਸ ਨੇ ਗੈਂਗਸਟਰ ਗੋਲਡੀ ਬਰਾੜ ਨਾਲ ਗੱਲ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਕਤ ਯੋਜਨਾ ਵਿੱਚ ਦੋ ਲੜਕੀਆਂ ਨੂੰ ਸ਼ਾਮਲ ਕੀਤਾ ਸੀ, ਜਿਨ੍ਹਾਂ ਨੇ ਮੂਸੇਵਾਲਾ ਦੇ ਘਰ ਵਿੱਚ ਜਾਅਲੀ ਪੁਲਿਸ ਵਾਲਿਆਂ ਦੇ ਨਾਲ ਪੱਤਰਕਾਰ ਬਣ ਕੇ ਦਾਖਲ ਹੋ ਕੇ ਮੂਸੇਵਾਲਾ ਦਾ ਕਤਲ ਕਰਨਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਵਰਦੀ ਦਾ ਸਾਮਾਨ ਪੂਰਾ ਨਹੀਂ ਸੀ ਅਤੇ ਦੋਵੇਂ ਲੜਕੀਆਂ ਵੀ ਨਹੀਂ ਮਿਲੀਆਂ ਸਨ। ਇਸ ਲਈ ਗੋਲਡੀ ਬਰਾੜ ਵੱਲੋਂ ਇਹ ਯੋਜਨਾ ਰੱਦ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ
ਕੇਸ਼ਵ ਸਾਰੇ ਮੁਲਜ਼ਮਾਂ ਨੂੰ ਫਤਿਹਾਬਾਦ ਤੋਂ ਲਿਆਇਆ ਸੀ
ਜਦੋਂ ਮੂਸੇਵਾਲਾ ਦੀ ਪੁਲਿਸ ਸੁਰੱਖਿਆ ਹਟਾਈ ਗਈ ਤਾਂ ਗੈਂਗਸਟਰ ਗੋਲਡੀ ਬਰਾੜ ਨੇ ਦੋਸ਼ੀ ਕੇਸ਼ਵ ਨੂੰ ਫੋਨ ਕਰਕੇ ਕਿਹਾ ਕਿ ਹੁਣ ਮੂਸੇਵਾਲਾ ਕੋਲ ਪੁਲਿਸ ਦੀ ਕੋਈ ਸੁਰੱਖਿਆ ਨਹੀਂ ਹੈ, ਤੁਸੀਂ ਫਤਿਹਾਬਾਦ ਜਾ ਕੇ ਆਪਣੇ ਸਾਰੇ ਸਾਥੀਆਂ ਨੂੰ ਮਾਨਸਾ ਲੈ ਕੇ ਆਓ। ਇਸ ਤੋਂ ਬਾਅਦ ਕੇਸ਼ਵ ਬਾਈਕ ‘ਤੇ ਫਤਿਹਾਬਾਦ ਗਿਆ ਅਤੇ ਆਪਣੇ ਸਾਰੇ ਦੋਸਤਾਂ ਨੂੰ ਆਪਣੇ ਨਾਲ ਮਾਨਸਾ ਲੈ ਆਇਆ ਸੀ।
