ਰੂਪਨਗਰ ‘ਚ ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤਲ, ਝਾੜੀਆਂ ‘ਚ ਮਿਲੀ ਲਾਸ਼

Updated On: 

22 Aug 2025 19:01 PM IST

Rupnagar Woman Murder Brutally: ਕੱਲ੍ਹ ਰਾਤ ਕਰੀਬ 9 ਵਜੇ ਉਹ ਮੋਬਾਈਲ 'ਤੇ ਗੱਲ ਕਰਦੇ ਹੋਏ ਘਰੋਂ ਨਿਕਲ ਗਈ ਅਤੇ ਵਾਪਸ ਨਹੀਂ ਆਈ। ਅਸੀਂ ਉਸ ਨੂੰ ਕਾਫ਼ੀ ਦੇਰ ਤੱਕ ਲੱਭਣ ਦੀ ਕੋਸ਼ਿਸ਼ ਕੀਤੀ ਪਰ ਰਾਤ ਨੂੰ ਉਹ ਨਹੀਂ ਮਿਲੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਘਰੋਂ ਗੋਬਰ ਸੁੱਟਣ ਲਈ ਬਾਹਰ ਗਈ ਤਾਂ ਉਸ ਨੇ ਦੇਖਿਆ ਕਿ ਉਸ ਦੀ ਭੈਣ ਦੀਆਂ ਚੱਪਲਾਂ ਖੇਤਾਂ ਵਿੱਚ ਪਈਆਂ ਸਨ

ਰੂਪਨਗਰ ਚ ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤਲ, ਝਾੜੀਆਂ ਚ ਮਿਲੀ ਲਾਸ਼
Follow Us On

ਰੂਪਨਗਰ ਦੇ ਪਿੰਡ ਨੋਢੇਮਾਜਰਾ ਵਿੱਚ ਇੱਕ ਵਿਆਹੁਤਾ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਔਰਤ ਦੀ ਪਛਾਣ ਮਨਜਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਸਿੰਬਲ ਮਾਜਰਾ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਔਰਤ ਦੀ ਭੈਣ ਮਨਜਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਭੈਣ ਪਿੰਡ ਵਿੱਚ ਬਣ ਰਹੇ ਘਰ ਦੇ ਕੰਮ ਲਈ ਆਪਣੇ ਨਾਨਕੇ ਘਰ ਨੋਢੇਮਾਜਰਾ ਆਈ ਸੀ।

ਮੂੰਹ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਕੱਲ੍ਹ ਰਾਤ ਕਰੀਬ 9 ਵਜੇ ਉਹ ਮੋਬਾਈਲ ‘ਤੇ ਗੱਲ ਕਰਦੇ ਹੋਏ ਘਰੋਂ ਨਿਕਲ ਗਈ ਅਤੇ ਵਾਪਸ ਨਹੀਂ ਆਈ। ਅਸੀਂ ਉਸ ਨੂੰ ਕਾਫ਼ੀ ਦੇਰ ਤੱਕ ਲੱਭਣ ਦੀ ਕੋਸ਼ਿਸ਼ ਕੀਤੀ ਪਰ ਰਾਤ ਨੂੰ ਉਹ ਨਹੀਂ ਮਿਲੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਘਰੋਂ ਗੋਬਰ ਸੁੱਟਣ ਲਈ ਬਾਹਰ ਗਈ ਤਾਂ ਉਸ ਨੇ ਦੇਖਿਆ ਕਿ ਉਸ ਦੀ ਭੈਣ ਦੀਆਂ ਚੱਪਲਾਂ ਖੇਤਾਂ ਵਿੱਚ ਪਈਆਂ ਸਨ ਅਤੇ ਜਦੋਂ ਉਹ ਥੋੜ੍ਹੀ ਦੂਰ ਗਈ ਤਾਂ ਉਸ ਨੇ ਆਪਣੀ ਭੈਣ ਮਨਜਿੰਦਰ ਕੌਰ ਦੀ ਲਾਸ਼ ਵੀ ਉੱਥੇ ਪਈ ਦੇਖੀ। ਉਸ ਦੇ ਮੂੰਹ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ‘ਤੇ ਐਸਪੀਡੀ ਰੂਪਨਗਰ, ਡੀਐਸਪੀ ਰੂਪਨਗਰ, ਡੀਐਸਪੀ ਅਨੰਦਪੁਰ ਸਾਹਿਬ, ਸੀਆਈਏ ਇੰਚਾਰਜ ਰੂਪਨਗਰ ਅਤੇ ਸਥਾਨਕ ਪੁਲਿਸ ਸਟੇਸ਼ਨ ਮੁਖੀ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਫੋਰੈਂਸਿਕ ਮਾਹਿਰ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ, ਜਿਨ੍ਹਾਂ ਨੇ ਘਟਨਾ ਦੀ ਜਾਂਚ ਕੀਤੀ।

ਦੋਸ਼ੀ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ- ਪੁਲਿਸ

ਇਸ ਸਬੰਧੀ ਸਥਾਨਕ ਪੁਲਿਸ ਸਟੇਸ਼ਨ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਮੌਕੇ ‘ਤੇ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਸ ਸਬੰਧੀ ਮ੍ਰਿਤਕਾ ਦੇ ਪਤੀ ਕੁਲਦੀਪ ਸਿੰਘ, ਮਾਂ ਸੁਰਿੰਦਰ ਕੌਰ, ਪਿਤਾ ਗੁਰਮੁਖ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਮ੍ਰਿਤਕਾ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਨ੍ਹਾਂ ਦੀ ਧੀ ਦੇ ਕਾਤਲਾਂ ਦੀ ਪਛਾਣ ਨਹੀਂ ਹੋ ਜਾਂਦੀ। ਇਸ ਮੌਕੇ ਧਰਮਿੰਦਰ ਭਿੰਦਾ, ਗੁਰਬਚਨ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਗੁਰਚੈਨ ਸਿੰਘ ਗਰੇਵਾਲ, ਮੋਹਨ ਸਿੰਘ ਧਮਾਣਾ, ਸਾਬਕਾ ਸਰਪੰਚ ਭੋਲਾ ਰਾਮ, ਗੁਰਬਚਨ ਸਿੰਘ ਅਤੇ ਰਾਮ ਕੁਮਾਰ ਮਣਕੂ ਆਦਿ ਹਾਜ਼ਰ ਸਨ।