ਜਲਾਲਾਬਾਦ ਦੇ ਮੰਨੇਵਾਲਾ ਰੋਡ ‘ਤੇ ਪੁਲਿਸ ਨੇ ਕੀਤਾ ਐਨਕਾਉਂਟਰ, ਮੁਲਜ਼ਮ ਨੂੰ ਕੀਤਾ ਕਾਬੂ

tv9-punjabi
Published: 

26 Apr 2025 21:38 PM

Punjab Police Encounter : ਪੁਲਿਸ ਅਤੇ CIA ਸਟਾਫ ਨੇ ਜਲਾਲਾਬਾਦ ਦੇ ਮੰਨੇਵਾਲਾ ਰੋਡ 'ਤੇ ਇੱਕ ਐਨਕਾਊਂਟਰ ਕੀਤਾ ਹੈ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਦੌਰਾਨ ਇੱਕ ਗੋਲੀ ਮੁਲਜ਼ਮ ਦੇ ਗੋਡੇ ਵਿੱਚ ਲੱਗੀ। ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜਲਾਲਾਬਾਦ ਦੇ ਮੰਨੇਵਾਲਾ ਰੋਡ ਤੇ ਪੁਲਿਸ ਨੇ ਕੀਤਾ ਐਨਕਾਉਂਟਰ, ਮੁਲਜ਼ਮ ਨੂੰ ਕੀਤਾ ਕਾਬੂ
Follow Us On

Punjab Police Encounter : ਪੁਲਿਸ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਦੇ ਮੰਨੇਵਾਲਾ ਰੋਡ ‘ਤੇ ਇੱਕ ਐਨਕਾਊਂਟਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਨੇ ਲੜਾਈ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਦੌਰਾਨ ਇੱਕ ਗੋਲੀ ਮੁਲਜ਼ਮ ਦੇ ਗੋਡੇ ਵਿੱਚ ਲੱਗੀ। ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਾਰਨ ਦੇ ਇਰਾਦੇ ਨਾਲ ਗੋਲੀਬਾਰੀ

ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਲਾਲਾਬਾਦ ਦੀ ਲੱਲਾ ਬਸਤੀ ਵਿੱਚ ਕਿਸੇ ਨੇ ਅਗਰਵਾਲ ਕਲੋਨੀ ਦੇ ਰਹਿਣ ਵਾਲੇ ਬਿੰਦਰ ਸਿੰਘ ਪੁੱਤਰ ਮੰਗਤ ਸਿੰਘ ‘ਤੇ ਮਾਰਨ ਦੇ ਇਰਾਦੇ ਨਾਲ ਗੋਲੀਬਾਰੀ ਕੀਤੀ ਹੈ। ਜਿਸ ਵਿੱਚ ਪੁਲਿਸ ਨੂੰ ਪਤਾ ਲੱਗਾ ਕਿ ਆਰੋਪੀ ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਬਾਦਲ ਕੇ ਉਤਾੜ ਦਾ ਰਹਿਣ ਵਾਲਾ ਹੈ। ਆਰੋਪੀ ਗੋਲੀਆਂ ਚਲਾਉਣ ਤੋਂ ਬਾਅਦ ਮੌਕੇ ਤੋਂ ਭੱਜ ਗਿਆ।

ਪੁਲਿਸ ਨੇ ਆਰੋਪੀ ਨੂੰ ਰੁਕਣ ਦਾ ਇਸ਼ਾਰਾ ਕੀਤਾ

ਜਲਾਲਾਬਾਦ ਪੁਲਿਸ ਸੀਆਈਏ ਸਟਾਫ ਫਾਜ਼ਿਲਕਾ ਪੁਲਿਸ ਦੀ ਮਦਦ ਨਾਲ ਆਰੋਪੀ ਦੀ ਭਾਲ ਕਰ ਰਹੀ ਸੀ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਆਰੋਪੀ ਮੰਨੇਵਾਲਾ ਰੋਡ ‘ਤੇ ਮੌਜੂਦ ਹੈ। ਪੁਲਿਸ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਆਰੋਪੀ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਦੌਰਾਨ ਗੋਲੀ ਆਰੋਪੀ ਦੇ ਗੋਡੇ ‘ਤੇ ਲੱਗੀ ਅਤੇ ਉਹ ਡਿੱਗ ਪਿਆ। ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਲੜਾਈ-ਝਗੜੇ ਅਤੇ ਐਨਡੀਪੀਐਸ ਦੇ ਮਾਮਲੇ ਦਰਜ

ਡੀਐਸਪੀ ਦਾ ਕਹਿਣਾ ਹੈ ਕਿ ਜਿਸ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਅਤੇ ਐਨਡੀਪੀਐਸ ਦੇ ਮਾਮਲੇ ਦਰਜ ਹਨ। ਲੜਾਈ ਦੇ ਕਾਰਨ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਜਿਸ ਵਿੱਚ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾਵੇਗੀ।