ਸੁਲਤਾਨਪੁਰ ਲੋਧੀ 'ਚ ਪੁਲਿਸ ਤੇ ਨਿਹੰਗਾਂ ਵਿਚਾਲੇ ਝੜਪ, ਇੱਕ ਪੁਲਿਸ ਮੁਲਾਜ਼ਮ ਦੀ ਮੌਤ, 10 ਜ਼ਖ਼ਮੀ | Police and Nihangs Clash in Gurdwara Akal Bunga of Sultanpur Lodhi in Punjabi Punjabi news - TV9 Punjabi

ਸੁਲਤਾਨਪੁਰ ਲੋਧੀ ‘ਚ ਪੁਲਿਸ ਤੇ ਨਿਹੰਗਾਂ ਵਿਚਾਲੇ ਝੜਪ, ਇੱਕ ਪੁਲਿਸ ਮੁਲਾਜ਼ਮ ਦੀ ਮੌਤ, 10 ਜ਼ਖ਼ਮੀ

Updated On: 

23 Nov 2023 09:50 AM

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ 'ਚ ਪੁਲਿਸ 'ਤੇ ਨਿਹੰਗ ਸਿੱਖਾਂ ਨੇ ਹਮਲਾ ਕੀਤਾ। ਇਸ ਦੌਰਾਨ ਨਿਹੰਗ ਸਿੱਖਾਂ ਨੇ ਗੋਲੀਆਂ ਵੀ ਚਲਾਈਆਂ। ਗੋਲੀਬਾਰੀ ਵਿੱਚ ਇੱਕ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ। ਜਦਕਿ ਡੀਐਸਪੀ ਸਮੇਤ 10 ਪੁਲਿਸ ਮੁਲਾਜ਼ਮ ਇਸ ਗੋਲੀਬਾਰੀ ਵਿੱਚ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ 40-50 ਨਿਹੰਗ ਸਿੱਖਾਂ ਨੇ ਗੁਰਦੁਆਰੇ 'ਤੇ ਹਮਲਾ ਕੀਤਾ ਸੀ।

ਸੁਲਤਾਨਪੁਰ ਲੋਧੀ ਚ ਪੁਲਿਸ ਤੇ ਨਿਹੰਗਾਂ ਵਿਚਾਲੇ ਝੜਪ, ਇੱਕ ਪੁਲਿਸ ਮੁਲਾਜ਼ਮ ਦੀ ਮੌਤ, 10 ਜ਼ਖ਼ਮੀ
Follow Us On

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਵਿਖੇ ਪੁਲਿਸ ਅਤੇ ਨਿਹੰਗ ਸਿੰਘਾਂ ਵਿਚਕਾਰ ਵੀਰਵਾਰ ਸਵੇਰੇ ਗੋਲੀਬਾਰੀ ਹੋਈ। ਗੋਲੀਬਾਰੀ ਵਿੱਚ ਪੀਸੀਆਰ ਵਿੱਚ ਤਾਇਨਾਤ ਹੋਮਗਾਰਡ ਜਸਪਾਲ ਸਿੰਘ ਦੀ ਮੌਤ ਹੋ ਗਈ। ਡੀਐਸਪੀ ਭੁਲੱਥ ਸਮੇਤ 10 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਇਸ ਘਟਨਾ ਤੋਂ ਬਾਆਦ ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਸਾਂਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪੁੱਜੇ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖ਼ਲ ਜ਼ਖ਼ਮੀਆਂ ਦੀ ਪਛਾਣ ਡੀਐਸਪੀ ਭੁਲੱਥ ਭਾਰਤ ਭੂਸ਼ਨ ਸੈਣੀ, ਏਐਸਆਈ ਸੁਖਦੇਵ ਸਿੰਘ, ਕਾਂਸਟੇਬਲ ਬੱਬਲਪ੍ਰੀਤ ਸਿੰਘ, ਏਐਸਆਈ ਅਸ਼ੋਕ ਕੁਮਾਰ, ਏਐਸਆਈ ਗੁਰਮੀਤ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਸਿੰਘ, ਹਰਭਜਨ ਸਿੰਘ, ਰਮਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਵਜੋਂ ਹੋਈ ਹੈ। ਫਿਲਹਾਲ ਗੋਲੀਬਾਰੀ ਰੁਕ ਗਈ ਹੈ।

ਅੱਥਰੂ ਗੈਸ ਦੇ ਗੋਲੇ ਛੱਡੇ ਗਏ

ਇਸ ਤੋਂ ਪਹਿਲਾਂ ਮਾਹੌਲ ਖ਼ਰਾਬ ਹੋਣ ਤੇ ਪੁਲਿਸ ਨੇ ਸਥਿਤੀ ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਡੀਸੀ ਕਪੂਰਥਲਾ ਕੈਪਟਨ ਕਰਨੈਲ ਸਿੰਘ, ਆਈਜੀ ਜਲੰਧਰ ਰੇਂਜ ਸ. ਭੂਪਤੀ ਸਮੇਤ ਉੱਚ ਅਧਿਕਾਰੀ ਸੁਲਤਾਨਪੁਰ ਲੋਧੀ ਪਹੁੰਚ ਗਏ ਹਨ ਅਤੇ ਇਸ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ ਇਸ ਸਬੰਧੀ ਗੁਰਦੁਆਰਾ ਬੇਰ ਸਾਹਿਬ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਬੁੱਧਵਾਰ ਤੋਂ ਹੀ ਪੁਲਿਸ ਜਲ ਤੋਪਾਂ ਨਾਲ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ।

ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ‘ਤੇ ਕਬਜ਼ਾ ਕਰਨ ਤੋਂ ਬਾਅਦ ਬੁੱਧਵਾਰ ਨੂੰ ਬੂਸੋਵਾਲ ਰੋਡ ‘ਤੇ ਸਥਿਤ ਡੇਰਾ ਪੀਰ ਗੈਬ ‘ਤੇ ਕਬਜ਼ਾ ਕਰਦੇ ਹੋਏ 10 ਨਿਹੰਗ ਸਿੰਘਾਂ ਨੂੰ ਸੁਲਤਾਨਪੁਰ ਲੋਧੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇਨ੍ਹਾਂ ਵਿੱਚ 2020 ਵਿੱਚ ਇਸੇ ਤਰ੍ਹਾਂ ਦੀ ਝੜਪ ਵਿੱਚ ਦਰਜ ਹੋਏ ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਝੜਪ ਹੋਈ ਸੀ, ਜਿਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਨੇ ਮਾਮਲਾ ਦਰਜ ਕੀਤਾ ਸੀ।

ਕੀ ਹੈ ਪੂਰਾ ਮਾਮਲਾ ?

ਬੀਤੇ ਕੱਲ੍ਹ ਐਸਐਸਪੀ ਵਤਸਲਾ ਗੁਪਤਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ 96 ਕਰੋੜ ਰੁਪਏ ਦੀ ਕੀਮਤ ਵਾਲੇ ਬਾਬਾ ਬੁੱਢਾ ਦਲ ਅਤੇ ਸੰਤ ਬਾਬਾ ਬਲਬੀਰ ਸਿੰਘ ਦੇ ਕਬਜ਼ੇ ਹੇਠ ਸੀ। ਜਿਸ ਰਾਹੀਂ ਉਸ ਨੇ ਗੁਰਦੁਆਰਾ ਸਾਹਿਬ ਵਿੱਚ ਆਪਣੇ ਦੋ ਸੇਵਾਦਾਰ ਨਿਯੁਕਤ ਕੀਤੇ ਸਨ। ਜਿਨ੍ਹਾਂ ਦੇ ਨਾਮ ਨਿਰਵੈਰ ਸਿੰਘ ਅਤੇ ਜਗਜੀਤ ਸਿੰਘ ਸਨ। 21 ਨਵੰਬਰ ਨੂੰ ਕਰੀਬ ਸਵੇਰੇ ਸਾਢੇ 8 ਵਜੇ ਬਾਬਾ ਬੁੱਢਾ ਦਲ ਦੇ ਦੂਜੇ ਧੜੇ ਦੇ ਮੁਖੀ ਸੰਤ ਬਾਬਾ ਮਾਨ ਸਿੰਘ ਨੇ ਆਪਣੇ 15 ਤੋਂ 20 ਹੋਰ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਕਬਜ਼ਾ ਕਰ ਲਿਆ।

ਇਸ ਦੌਰਾਨ ਸੇਵਾਦਾਰ ਨਿਰਵੈਰ ਸਿੰਘ ਨੂੰ ਰੱਸੀ ਨਾਲ ਬੰਨ੍ਹ ਕੇ ਜਗਜੀਤ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਉਸ ਦਾ ਹਥਿਆਰ, ਮੋਬਾਈਲ ਫ਼ੋਨ ਅਤੇ ਪੈਸੇ ਵੀ ਖੋਹ ਲਏ ਗਏ। ਇਸ ਤੋਂ ਬਾਅਦ ਪੁਲਿਸ ਨੇ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮੁਹੱਲਾ ਪੰਡੋਰੀ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 307, 323, 324, 342, 427, 448, 511, 436, 148, 149, 379B ਤੇ ਹਥਿਆਰ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਸੀ ਅਤੇ ਦੂਜੇ ਪਾਸੇ ਬਾਬਾ ਬਲਬੀਰ ਸਿੰਘ ਦੇ ਦੂਜੇ ਡੇਰੇ ਪਿੰਡ ਬੂਸੇਵਾਲ ਰੋਡ ਨੇੜੇ ਬਾਬਾ ਮਾਨ ਸਿੰਘ ਦੇ 10 ਸੇਵਕਾਂ ਨੇ ਪੀਰ ਗੈਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਿਸ ‘ਤੇ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ 10 ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ।

Exit mobile version