ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਸੀਚੇਵਾਲ ਵੱਲੋਂ ਤਿਆਰੀਆਂ ਸ਼ੁਰੂ, ਪਵਿੱਤਰ ਵੇਈਂ ਦੀ ਸਫਾਈ ਤੇ ਰੰਗ ਰੋਗਨ ਦੇ ਕਾਰਜ਼ ਆਰੰਭ

Published: 

05 Nov 2023 12:43 PM

ਸੰਤ ਸੀਚੇਵਾਲ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਗੁਰਦੁਆਰਾ ਬੇਰ ਸਾਹਿਬ ਤੋਂ ਗੁਰਦੁਆਰਾ ਸੰਤ ਘਾਟ ਜੰਮੀ ਗਾਰ ਨੂੰ ਕੱਢਿਆ ਜਾ ਰਿਹਾ ਹੈ ਅਤੇ ਘਾਟਾਂ ਨੂੰ ਸਾਫ ਕੀਤਾ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਐਸ.ਡੀ.ਐਮ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਵਿੱਚ ਪਵਿੱਤਰ ਸ਼ਹਿਰ ਦੇ ਰਹਿੰਦੇ ਕਾਰਜਾਂ ਨੂੰ ਪੂਰਾ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਪਲਟੂਨ ਪੁੱਲ ਮੁੜ ਸਥਾਪਿਤ ਕਰ ਦਿੱਤੇ ਜਾਣਗੇ।

ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਸੀਚੇਵਾਲ ਵੱਲੋਂ ਤਿਆਰੀਆਂ ਸ਼ੁਰੂ, ਪਵਿੱਤਰ ਵੇਈਂ ਦੀ ਸਫਾਈ ਤੇ ਰੰਗ ਰੋਗਨ ਦੇ ਕਾਰਜ਼ ਆਰੰਭ
Follow Us On

ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੰਬੰਧੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਜੰਗੀ ਪੱਧਰ ਤੇ ਚੱਲ ਰਹੀਆਂ ਹਨ। ਗੁਰਦੁਆਰਾ ਬੇਰ ਸਾਹਿਬ ਤੋਂ ਗੁਰਦੁਆਰਾ ਸੰਤ ਘਾਟ ਜੰਮੀ ਗਾਰ ਨੂੰ ਕੱਢਿਆ ਜਾ ਰਿਹਾ ਹੈ ਅਤੇ ਘਾਟਾਂ ਨੂੰ ਸਾਫ ਕੀਤਾ ਜਾ ਰਿਹਾ ਹੈ। ਜਲਕੁੰਭੀ ਮਿੱਟੀ ਜੋ ਵੇਈਂ ਦੇ ਵਹਾਅ ਵਿੱਚ ਰੁਕਾਵਟ ਬਣਦੀ ਆ ਰਹੀ ਹੈ। ਉਸ ਨੂੰ ਸੇਵਾਦਾਰਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਕੱਢਿਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਹਾਲ ਹੀ ਵਿੱਚ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਮੀਟਿੰਗ ਵਿੱਚ ਵੇਂਈ ਤੇ ਲੋਕਾਂ ਦੀ ਮੰਗ ਨੂੰ ਦੇਖਦਿਆ ਹੋਇਆ ਪਲਟੂਨ ਪੁੱਲ ਮੁੜ ਰੱਖਣ ਦੀਆਂ ਹਿਦਾਇਤਾਂ ਕੀਤੀਆਂ ਸਨ। ਸੁਲਤਾਨਪੁਰ ਲੋਧੀ ਦੇ ਐਸ.ਡੀ.ਐਮ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਵਿੱਚ ਪਵਿੱਤਰ ਸ਼ਹਿਰ ਦੇ ਰਹਿੰਦੇ ਕਾਰਜਾਂ ਨੂੰ ਪੂਰਾ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਪਲਟੂਨ ਪੁੱਲ ਮੁੜ ਸਥਾਪਿਤ ਕਰ ਦਿੱਤੇ ਜਾਣਗੇ।

ਸੰਤ ਸੀਚੇਵਾਲ ਹੋਰਾਂ ਨੇ ਦੱਸਿਆ ਕਿ ਪਵਿੱਤਰ ਵੇਂਈ ਦੇ ਕਿਨਾਰਿਆਂ ਨੂੰ ਸਮੇਂ ਅਨੁਸਾਰ ਖੂਬਸੂਰਤ ਬਣਾਉਣ ਲਈ ਇੰਟਰਲੌਕ ਲਗਾਈ ਜਾ ਰਹੀ ਹੈ। ਜਿਸਦੀ ਸ਼ੁਰੂਆਤ 550ਵੇਂ ਪ੍ਰਕਾਸ਼ ਪੁਰਬ ਦੌਰਾਨ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਵੇਈਂ ਦੇ ਦੋਵੇਂ ਕਿਨਾਰਿਆਂ ਦੇ ਵੱਡੇ ਹਿੱਸੇ ਵਿੱਚ ਇੰਟਰਲੌਕ ਲੱਗਣ ਨਾਲ ਲੋਕ ਵੱਡੀ ਗਿਣਤੀ ਵਿੱਚ ਸੈਰ ਕਰਨ ਲੱਗ ਪਏ ਹਨ। ਉਹਨਾਂ ਦੱਸਿਆ ਕਿ ਸੰਗਤਾਂ ਵੱਲੋਂ ਕੀਤੀ ਜਾਂਦੀ ਵੇਈਂ ਕਿਨਾਰੇ ਰੋਜ਼ਾਨਾ ਸਫਾਈ ਨੇ ਵੀ ਇਸਦੀ ਖੁਬਸੂਰਤੀ ਵਿੱਚ ਵਾਧਾ ਕੀਤਾ ਹੈ। ਪਵਿੱਤਰ ਵੇਈਂ ਕਿਨਾਰੇ ਲੰਬੇ ਸਮੇਂ ਤੋਂ ਬੰਦ ਪਈਆਂ ਲਾਇਟਾਂ ਨੂੰ ਮੁੜ ਚਾਲੂ ਕੀਤਾ ਜਾ ਰਿਹਾ ਹੈ। ਪਵਿੱਤਰ ਵੇਈਂ ਦੇ ਕਿਨਾਰੇ ਲੱਗੇ ਪੱਥਰਾਂ ਨੂੰ ਕਲੀ ਕੀਤੀ ਜਾ ਰਹੀ ਹੈ। ਵੇਂਈ ਦੇ ਕਿਨਾਰੇ ਕਲੀ ਹੋਣ ਤੋਂ ਬਾਅਦ ਜ਼ਿਆਦਾ ਖੁਬਸੂਰਤ ਲੱਗਦੇ ਹਨ ਤੇ ਇਸ ਨੂੰ ਕਰਨ ਲਈ ਸੇਵਾਦਾਰ ਪਿਛਲੇ 5 ਦਿਨਾਂ ਤੋਂ ਲਗਾਤਾਰ ਲੱਗੇ ਹੋਏ ਹਨ। ਜ਼ਿਆਦਾ ਸਮਾਂ ਪਾਣੀ ਖੜ੍ਹਾ ਹੋਣ ਕਾਰਨ ਵੇਈਂ ਦੇ ਕਿਨਾਰੇ ਦੇ ਘਾਟਾਂ ਤੇ ਰਸਤਿਆਂ ਨੂੰ ਕਾਫੀ ਨੁਕਸਾਨ ਹੋਇਆ ਹੈ ਜਿਹਨਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ।

ਸੰਤ ਸੀਚੇਵਾਲ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ 4 ਨਗਰ ਕੀਰਤਨ ਕੱਢੇ ਜਾ ਰਹੇ ਹਨ। 21 ਨਵੰਬਰ ਨੂੰ ਪਹਿਲਾਂ ਨਗਰ ਕੀਰਤਨ ਪਿੰਡ ਆਹਲੀ ਤੋਂ ਕੱਢਿਆ ਜਾਵੇਗਾ ਜੋ ਸੁਲਤਾਨਪੁਰ ਲੋਧੀ ਆ ਕੇ ਸਮਾਪਤ ਹੋਵੇਗਾ। 24 ਨਵੰਬਰ ਨੂੰ ਦੂਜਾ ਨਗਰ ਕੀਰਤਨ ਪਿੰਡ ਸੀਚੇਵਾਲ ਤੋਂ ਸ਼ੁਰੂ ਹੋ ਕੇ ਵੱਖ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਪਵਿੱਤਰ ਵੇਈਂ ਕਿਨਾਰੇ ਆ ਕੇ ਸਮਾਪਤ ਹੋਵੇਗਾ।

27 ਨਵੰਬਰ ਨੂੰ ਤੀਜਾ ਨਗਰ ਕੀਰਤਨ ਗੁਰਪੁਰਬ ਵਾਲੇ ਦਿਨ ਕੱਢਿਆ ਜਾ ਜਾਵੇਗਾ ਜੋ ਸੁਲਤਾਨਪੁਰ ਲੋਧੀ ਦੀ ਪਰਿਕਰਮਾ ਕਰਦਾ ਹੋਇਆ ਵੇਈਂ ਕਿਨਾਰੇ ਸਮਾਪਤ ਹੋਵੇਗਾ। ਦੱਸ ਦਈਏ ਕਿ 3 ਦਸੰਬਰ ਨੂੰ ਚੌਥਾ ਨਗਰ ਕੀਰਤਨ ਵੇਈਂ ਦੇ ਮੁੱਢ ਸਰੋਤ ਪਵਿੱਤਰ ਵੇਈਂ ਕਿਨਾਰੇ ਲੱਗਦੇ ਪਿੰਡਾਂ ਵਿੱਚ ਕੱਢਿਆ ਜਾਵੇਗਾ ਜੋ ਨਿਰਮਲ ਕੁਟੀਆ ਧਨੋਆ ਵਿਖੇ ਆ ਕੇ ਸਮਾਪਤ ਹੋਵੇਗਾ। ਇਥੇ ਦੱਸ ਦਈਏ ਕਿ 26 ਨਵੰਬਰ ਨੂੰ ਕਵੀ ਦਰਬਾਰ ਤੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਗੁਰਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ 14 ਨਵੰਬਰ ਤੋਂ ਪਿੰਡ ਸੀਚੇਵਾਲ ਵਿਖੇ ਸ਼ੁਰੂ ਹੋਣਗੀਆਂ। ਉਥੇ ਹੀ ਦੀਵਾਲੀ ਤੇ ਗੁਰਪੁਰਬ ਦੀ ਸ਼ਾਮ ਨੂੰ ਪਵਿੱਤਰ ਵੇਈਂ ਕਿਨਾਰੇ ਸੰਗਤਾਂ ਵੱਲੋਂ ਦੀਪਮਾਲਾ ਕੀਤੀ ਜਾਵੇਗੀ।