ਗੁਰਦੁਆਰੇ ‘ਚ ਪੁਲਿਸ ਤੇ ਨਿਹੰਗਾਂ ਵਿਚਾਲੇ ਫਾਇਰਿੰਗ ਦਾ ਮਾਮਲਾ, ਸਰਕਾਰ ਨੇ ਲਗਾਇਆ ਰਿਸੀਵਰ, ਖਾਲੀ ਕਰਵਾਇਆ ਗੁਰੂਘਰ

Updated On: 

23 Nov 2023 18:48 PM

Gurudwara Sri Akal Bunga Sahib: ਨਿਰਵੈਰ ਸਿੰਘ ਨੂੰ ਰੱਸੀਆਂ ਨਾਲ ਬੰਨ੍ਹ ਕੇ ਜਗਜੀਤ ਸਿੰਘ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੇ ਹਥਿਆਰ, ਮੋਬਾਈਲ ਫੋਨ ਅਤੇ ਪੈਸੇ ਖੋਹ ਕੇ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰ ਲਿਆ। ਜਗਜੀਤ ਸਿੰਘ ਦੇ ਬਿਆਨਾਂ 'ਤੇ ਬਾਬਾ ਮਾਨ ਸਿੰਘ ਅਤੇ ਉਨ੍ਹਾਂ ਦੇ 15-20 ਸਾਥੀਆਂ ਖਿਲਾਫ ਥਾਣਾ ਸੁਲਤਾਨਪੁਰ ਲੋਧੀ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਗੁਰਦੁਆਰੇ ਚ ਪੁਲਿਸ ਤੇ ਨਿਹੰਗਾਂ ਵਿਚਾਲੇ ਫਾਇਰਿੰਗ ਦਾ ਮਾਮਲਾ, ਸਰਕਾਰ ਨੇ ਲਗਾਇਆ ਰਿਸੀਵਰ, ਖਾਲੀ ਕਰਵਾਇਆ ਗੁਰੂਘਰ
Follow Us On

ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ Gurudwar Sri Akal Bunga Sahib) ‘ਤੇ ਕਬਜ਼ੇ ਨੂੰ ਲੈ ਕੇ ਵੀਰਵਾਰ ਸਵੇਰੇ ਪੁਲਿਸ ਅਤੇ ਨਿਹੰਗਾਂ ਵਿਚਾਲੇ ਗੋਲੀਬਾਰੀ ਹੋਈ। ਜਿਸ ‘ਚ ਗੋਲੀ ਲੱਗਣ ਨਾਲ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਡੀਐੱਸਪੀ ਸਮੇਤ 10 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਕਪੂਰਥਲਾ ‘ਚ ਮਾਹੌਲ ਤਣਾਅਪੂਰਨ ਹੈ।

ਏਡੀਜੀਪੀ ਲਾਅ ਐਂਡ ਆਰਡਰ ਗੁਰਵਿੰਦਰ ਸਿੰਘ ਸਮੇਤ ਅਧਿਕਾਰੀਆਂ ਦੀ ਬਾਬਾ ਮਾਨ ਸਿੰਘ ਨਾਲ 3 ਘੰਟੇ ਮੀਟਿੰਗ ਚੱਲੀ। ਹੁਣ ਪ੍ਰਸ਼ਾਸਨ ਵੱਲੋਂ ਇੱਥੇ ਇੱਕ ਰਿਸੀਵਰ ਦੀ ਨਿਯੁਕਤੀ ਕੀਤੀ ਗਈ ਹੈ। ਮੀਟਿੰਗ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਡੇਰੇ ਦੇ ਅੰਦਰ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ, ਕੁੱਲ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਡੇਰੇ ਦਾ ਕੰਟਰੋਲ ਫਿਲਹਾਲ ਸਥਾਨਕ ਪ੍ਰਸ਼ਾਸਨ ਦੇ ਹੱਥਾਂ ‘ਚ ਹੈ। ਡੇਰੇ ਵਿੱਚ ਧਾਰਾ 145 ਲਗਾਈ ਗਈ ਹੈ। ਤਲਾਸ਼ੀ ਦੌਰਾਨ ਡੇਰੇ ਚੋਂ ਦੋ ਹਥਿਆਰ ਵੀ ਬਰਾਮਦ ਹੋਏ ਹਨ।

ਨਿਹੰਗਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ ਪੁਲਿਸ

ਇਸ ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਦੋ ਧੜਿਆਂ ਵਿੱਚ ਵਿਵਾਦ ਚੱਲ ਰਿਹਾ ਹੈ। ਬੀਤੀ ਰਾਤ ਪੁਲਿਸ ਨੇ 10 ਨਿਹੰਗਾਂ ਨੂੰ ਕਾਬੂ ਕਰ ਲਿਆ ਸੀ। ਪੁਲਿਸ ਨੂੰ ਸੂਚਨਾ ਸੀ ਕਿ ਇਸ ਮਾਮਲੇ ਦੀ ਐਫਆਈਆਰ ਵਿੱਚ ਸ਼ਾਮਲ ਕੁਝ ਨਿਹੰਗ ਇਸ ਗੁਰਦੁਆਰੇ ਵਿੱਚ ਲੁਕੇ ਹੋਏ ਹਨ। ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੀ। ਇਸ ਦੌਰਾਨ ਨਿਹੰਗਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਮਾਹੌਲ ਖ਼ਰਾਬ ਹੋਣ ਤੇ ਪੁਲਿਸ ਨੇ ਸਥਿਤੀ ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ।

ਇਹ ਪੁਲਿਸ ਮੁਲਾਜ਼ਮ ਹੋਏ ਜ਼ਖ਼ਮੀ

ਸੁਲਤਾਨਪੁਰ ਲੋਧੀ ਦੇ ਐਸਐਚਓ ਲਖਵਿੰਦਰ ਸਿੰਘ ਅਨੁਸਾਰ ਗੋਲੀਬਾਰੀ ਵਿੱਚ ਪੁਲੀਸ ਮੁਲਾਜ਼ਮ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਦੀ ਮੌਤ ਹੋ ਗਈ। ਜ਼ਖ਼ਮੀਆਂ ਦੀ ਪਛਾਣ ਡੀਐਸਪੀ ਭੁਲੱਥ ਭਾਰਤ ਭੂਸ਼ਨ ਸੈਣੀ, ਏਐਸਆਈ ਸੁਖਦੇਵ ਸਿੰਘ, ਕਾਂਸਟੇਬਲ ਬੱਬਲਪ੍ਰੀਤ ਸਿੰਘ, ਏਐਸਆਈ ਅਸ਼ੋਕ ਕੁਮਾਰ, ਏਐਸਆਈ ਗੁਰਮੀਤ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਸਿੰਘ, ਹਰਭਜਨ ਸਿੰਘ, ਰਮਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਵਜੋਂ ਹੋਈ ਹੈ। ਉਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ ਹੈ।

ਕਪੂਰਥਲਾ ਦੇ ਡੀਸੀ ਕੈਪਟਨ ਕਰਨੈਲ ਸਿੰਘ, ਆਈਜੀ ਜਲੰਧਰ ਰੇਂਜ ਐਸ ਭੂਪਤੀ, ਐਸਐਸਪੀ ਵਤਸਲਾ ਗੁਪਤਾ ਅਤੇ ਹੋਰ ਉੱਚ ਅਧਿਕਾਰੀ ਸੁਲਤਾਨਪੁਰ ਲੋਧੀ ਪੁੱਜੇ।

ਸੇਵਾਦਾਰਾਂ ਨੂੰ ਬੰਧਕ ਬਣਾ ਕੇ ਪੈਸੇ ‘ਤੇ ਮੋਬਾਈਲ ਖੋਹੇ

ਗੁਰਦੁਆਰਾ ਅਕਾਲ ਬੁੰਗਾ ਵਿੱਚ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਕਾਬਿਜ ਸਨ। ਉਨ੍ਹਾਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਬਾਬਾ ਨਿਰਵੈਰ ਸਿੰਘ ਢਿੱਲੋਂ ਨੂੰ ਸੌਂਪੀ ਸੀ। 21 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 8.30 ਵਜੇ ਬਾਬਾ ਬੁੱਢਾ ਦਲ ਨਾਲੋਂ ਟੁੱਟ ਚੁੱਕੇ ਧੜੇ ਦੇ ਆਗੂ ਸੰਤ ਬਾਬਾ ਮਾਨ ਸਿੰਘ ਆਪਣੇ 15-20 ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਏ।

ਪੁਲਿਸ ਨੇ 10 ਨਿਹੰਗਾਂ ਨੂੰ ਕੀਤਾ ਸੀ ਗ੍ਰਿਫਤਾਰ

ਬੀਤੀ ਰਾਤ ਬਾਬਾ ਬਲਬੀਰ ਸਿੰਘ ਦੇ ਦੂਜੇ ਡੇਰੇ ਪਿੰਡ ਬੁਸੋਵਾਲ ਰੋਡ ਨੇੜੇ ਪੀਰ ਗੇਬ ਤੇ ਨਿਹੰਗ ਸਿੰਘ ਮਾਨ ਸਿੰਘ ਦੇ 10 ਸੇਵਕਾਂ (ਨਿਹੰਗਾਂ) ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੀ ਅਤੇ 10 ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਵਿੱਚ 15 ਮਈ 2020 ਨੂੰ ਦੋ ਧੜਿਆਂ ਵਿੱਚ ਹੋਈ ਝੜਪ ਵਿੱਚ ਮਰਡਰ ਸਮੇਤ ਕਈ ਧਾਰਾਵਾਂ ਤਹਿਤ ਦਰਜ ਕੇਸ ਵਿੱਚ ਵਾਂਟੇਂਡ ਮੁਲਜ਼ਮ ਵੀ ਸ਼ਾਮਲ ਹਨ।