ਫਗਵਾੜਾ ‘ਚ ਵਿਦੇਸ਼ੀ ਵਿਥਿਆਰਥੀਆਂ ‘ਤੇ ਹਮਲਾ, ਇੱਕ ਦੀ ਚਾਕੂ ਮਾਰ ਕੇ ਹੱਤਿਆ, ਦੂਜੇ ਦੀ ਹਾਲਤ ਗੰਭੀਰ

davinder-kumar-jalandhar
Published: 

15 May 2025 23:00 PM

ਫਗਵਾੜਾ ਵਿੱਚ ਸਵੇਰ ਦੀ ਨਮਾਜ਼ ਦੌਰਾਨ ਦੋ ਸੁਡਾਨੀ ਵਿਦਿਆਰਥੀਆਂ 'ਤੇ ਛੇ ਲੋਕਾਂ ਨੇ ਬੇਰਹਿਮੀ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ।

ਫਗਵਾੜਾ ਚ ਵਿਦੇਸ਼ੀ ਵਿਥਿਆਰਥੀਆਂ ਤੇ ਹਮਲਾ, ਇੱਕ ਦੀ ਚਾਕੂ ਮਾਰ ਕੇ ਹੱਤਿਆ, ਦੂਜੇ ਦੀ ਹਾਲਤ ਗੰਭੀਰ
Follow Us On

ਫਗਵਾੜਾ ਵਿੱਚ ਦੋ ਵਿਦੇਸ਼ੀ ਵਿਦਿਆਰਥੀਆਂ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਦੋਵੇਂ ਵਿਦੇਸ਼ੀ ਵਿਦਿਆਰਥੀ ਸਵੇਰ ਦੀ ਨਮਾਜ਼ ਅਦਾ ਕਰ ਰਹੇ ਸਨ। ਅਚਾਨਕ 6 ਲੋਕਾਂ ਨੇ ਵਿਦਿਆਰਥੀਆਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ। ਜਦੋਂ ਕਿ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਥਾਨਕ ਪੁਲਿਸ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।

ਪੁਲਿਸ ਨੇ ਇਸ ਮਾਮਲੇ ਵਿੱਚ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਭਾਲ ਜਾਰੀ ਹੈ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਸੁਡਾਨ ਦੂਤਾਵਾਸ ਤੇ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ, ਛੇ ਲੋਕਾਂ ਨੇ ਅੱਜ ਇੱਕ ਨਿੱਜੀ ਯੂਨੀਵਰਸਿਟੀ ਨੇੜੇ ਸਵੇਰ ਦੀ ਨਮਾਜ਼ ਅਦਾ ਕਰ ਰਹੇ ਸੁਡਾਨੀ ਵਿਦਿਆਰਥੀਆਂ ‘ਤੇ ਚਾਕੂ ਨਾਲ ਘਾਤਕ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਅਨੁਸਾਰ ਮਰਨ ਵਾਲਾ ਵਿਦਿਆਰਥੀ 25 ਸਾਲ ਦਾ ਸੀ। ਮ੍ਰਿਤਕ ਦੀ ਪਛਾਣ ਮੁਹੰਮਦ ਵਾਦਾ ਬਾਲਾ ਯੂਸਫ਼ ਅਹਿਮਦ ਵਜੋਂ ਹੋਈ ਹੈ, ਜੋ ਮਹੇਰੂ ਵਿੱਚ ਪੇਇੰਗ ਗੈਸਟ ਵਜੋਂ ਰਹਿ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਦੂਜੇ ਜ਼ਖਮੀ ਵਿਦਿਆਰਥੀ ਅਹਿਮਦ ਮੁਹੰਮਦ ਨੂਰ ਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਭੈਣ ਦਾ ਫ਼ੋਨ ਨੰਬਰ ਮੰਗ ਰਹੇ ਸਨ ਮੁਲਜ਼ਮ

ਨੂਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਵਾਡਾ ਅਤੇ ਉਸ ਦੀਆਂ ਤਿੰਨ ਮਹਿਲਾ ਸਹੇਲੀਆਂ ਸਵੇਰ ਦੀ ਨਮਾਜ਼ ਅਦਾ ਕਰ ਰਹੀਆਂ ਸਨ। ਇਸ ਦੌਰਾਨ ਛੇ ਲੋਕਾਂ ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ੀ ਆਪਣੇ ਨਾਲ ਇੱਕ ਚਾਕੂ ਲੈ ਕੇ ਆਇਆ ਸੀ। ਬਹਿਸ ਤੋਂ ਬਾਅਦ ਦੋਸ਼ੀ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਨੂਰ ਨੇ ਕਿਹਾ ਕਿ ਹਮਲਾਵਰਾਂ ਵਿੱਚੋਂ ਇੱਕ ਨੇ ਕਥਿਤ ਤੌਰ ‘ਤੇ ਉਸ ਤੋਂ ਉਸ ਦੀ ਭੈਣ ਦਾ ਫੋਨ ਨੰਬਰ ਮੰਗਿਆ।

ਨੂਰ ਨੇ ਕਿਹਾ ਕਿ ਜਦੋਂ ਉਸ ਨੇ ਉਨ੍ਹਾਂ ਦੇ ਦੁਰਵਿਵਹਾਰ ਦਾ ਵਿਰੋਧ ਕੀਤ ਤਾਂ ਹਮਲਾਵਰਾਂ ਨੇ ਉਸ ‘ਤੇ ਅਤੇ ਉਸ ਦੇ ਦੋਸਤ ਵਾਡਾ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੋਵਾਂ ‘ਤੇ ਇੱਕ ਤੋਂ ਬਾਅਦ ਇੱਕ ਕਈ ਵਾਰ ਹਮਲਾ ਕੀਤਾ। ਜਿਸ ਕਾਰਨ ਮੈਂ ਅਤੇ ਮੇਰਾ ਦੋਸਤ ਗੰਭੀਰ ਜ਼ਖਮੀ ਹੋ ਗਏ, ਦੋਸ਼ੀ ਮੌਕੇ ਤੋਂ ਭੱਜ ਗਏ।

6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ

ਪੁਲਿਸ ਨੇ ਦੱਸਿਆ ਕਿ ਸਥਾਨਕ ਨਿਵਾਸੀ ਪ੍ਰਭਾਤ ਦੂਬੇ ਨੇ ਜ਼ਖਮੀ ਵਿਦਿਆਰਥੀਆਂ ਦੀ ਮਦਦ ਕੀਤੀ। ਦੋਵੇਂ ਜ਼ਖਮੀ ਵਿਦਿਆਰਥੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਵਾਡਾ ਨੂੰ ਮ੍ਰਿਤਕ ਐਲਾਨ ਦਿੱਤਾ। ਨੂਰ ਨੇ 6 ਮੁਲਜ਼ਮਾਂ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜੋ ਸਾਰੇ ਮਹੇਰੂ ਦੇ ਰਹਿਣ ਵਾਲੇ ਹਨ। ਨੂਰ ਨੇ ਕਰਨਾਟਕ ਦੇ ਅਬਦੁਲ ਅਹਿਦ, ਕੁੰਵਰ ਅਮਰ ਪ੍ਰਤਾਪ ਸਿੰਘ, ਆਦਿਤਿਆ ਗਰਗ, ਮੁਹੰਮਦ ਸ਼ੋਏਬ, ਸੁਸ਼ਾਂਤ ਸ਼ੈਗੀ ਅਤੇ ਯਸ਼ਵਰਧਨ ਰਾਜਪੂਤ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

ਫਗਵਾੜਾ ਦੀ ਪੁਲਿਸ ਸੁਪਰਡੈਂਟ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਭਾਰਤੀ ਨਿਆਂ ਸੰਹਿਤਾ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਸੂਡਾਨੀ ਦੂਤਾਵਾਸ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।