ਅੰਮ੍ਰਿਤਸਰ ਪੁਲਿਸ ਨੇ ਢਾਈ ਦਿਨਾਂ ‘ਚ ਕੀਤੀਆਂ 301 ਗ੍ਰਿਫਤਾਰੀਆਂ, ਗੈਂਗਸਟਰਾਂ ਅਤੇ ਸਹਾਇਕਾਂ ‘ਤੇ ਕੱਸਿਆ ਸ਼ਿਕੰਜਾ
Operation Prahar: ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਖਿਲਾਫ਼ 72 ਘੰਟਿਆਂ ਦਾ ਆਪ੍ਰੇਸ਼ਨ ਪ੍ਰਹਾਰ ਲਾਂਚ ਕੀਤਾ ਸੀ, ਜਿਸਦਾ ਅੱਜ ਤੀਜਾ ਦਿਨ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ 20 ਜਨਵਰੀ ਨੂੰ ਚੰਡੀਗੜ੍ਹ 'ਚ ਇਸ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਪੁਲਿਸ ਦੀਆਂ 2 ਹਜ਼ਾਰ ਪੁਲਿਸ ਟੀਮਾਂ ਦੇ 12 ਹਜ਼ਾਰ ਮੁਲਾਜ਼ਮ ਫੀਲਡ 'ਤੇ ਉਤਰੇ ਹਨ। ਇਹ ਟੀਮਾਂ ਪੰਜਾਬ 'ਚ ਗੈਂਗਸਟਰ, ਉਨ੍ਹਾਂ ਦੇ ਸਾਥੀਆਂ ਤੇ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਦੀ ਜਾਂਚ ਕਰੇਗੀ।
ਢਾਈ ਦਿਨਾਂ 301 ਗ੍ਰਿਫਤਾਰੀਆਂ
ਪੰਜਾਬ ਭਰ ਵਿੱਚ ਗੈਂਗਸਟਰਾਂ, ਆਰਗਨਾਈਜ਼ਡ ਕ੍ਰਾਈਮ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਚਲ ਰਹੀ 72 ਘੰਟਿਆਂ ਦੀ ਵਿਸ਼ੇਸ਼ ਮੁਹਿੰਮ ਆਪਰੇਸ਼ਨ ਪ੍ਰਹਾਰ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਹ ਜਾਣਕਾਰੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਆਪਰੇਸ਼ਨ ਪ੍ਰਹਾਰ ਦੇ ਢਾਈ ਦਿਨਾਂ ਵਿੱਚ ਹੀ 301 ਤੋਂ ਵੱਧ ਅਪਰਾਧਿਕ ਤੱਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਔਸਤ ਲਗਭਗ 100 ਗ੍ਰਿਫਤਾਰੀਆਂ ਪ੍ਰਤੀ ਦਿਨ ਬਣਦੀ ਹੈ। ਫੜੇ ਗਏ ਵਿਅਕਤੀਆਂ ਵਿੱਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਗੈਂਗਸਟਰਾਂ ਨੂੰ ਲੋਜਿਸਟਿਕ ਸਪੋਰਟ, ਪਨਾਹ ਜਾਂ ਵਿੱਤੀ ਮਦਦ ਪ੍ਰਦਾਨ ਕਰਦੇ ਸਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 5 ਮਾਮਲਿਆਂ ਵਿੱਚ ਆਰਮਜ਼ ਐਕਟ ਤਹਿਤ ਕਾਰਵਾਈ ਕੀਤੀ ਗਈ, ਜਿਸ ਵਿੱਚ 3 ਦਿਨਾਂ ਦੌਰਾਨ 5 ਪ੍ਰੋਕਲੇਮਡ ਔਫੈਂਡਰ ਕਾਬੂ ਕੀਤੇ ਗਏ। ਪੁਲਿਸ ਨੇ 6 ਪਿਸਤੌਲ, 6 ਮੈਗਜ਼ੀਨ, 25 ਜ਼ਿੰਦਾ ਕਾਰਤੂਸ, 25 ਮੋਬਾਈਲ ਫੋਨ, ਨਸ਼ੀਲੇ ਪਦਾਰਥ ਅਤੇ ਹੋਰ ਸ਼ੱਕੀ ਸਮਾਨ ਵੀ ਬਰਾਮਦ ਕੀਤਾ ਹੈ।
ਅਪਰਾਧਿਕ ਨੈੱਟਵਰਕ ਦਾ ਹੋ ਰਿਹਾ ਡੇਟਾ ਬੈਂਕ ਤਿਆਰ
ਉਨ੍ਹਾਂ ਕਿਹਾ ਕਿ ਹਰ ਪੁਲਿਸ ਸਟੇਸ਼ਨ ਪੱਧਰ ਤੇ ਵਿਸ਼ੇਸ਼ ਟੀਮਾਂ ਅਤੇ ਸਕਾਟ ਬਣਾਈਆਂ ਗਈਆਂ ਹਨ, ਜੋ ਸਿਰਫ਼ ਗ੍ਰਿਫਤਾਰੀ ਤੱਕ ਸੀਮਿਤ ਨਹੀਂ ਰਹਿੰਦੀਆਂ, ਸਗੋਂ ਪੁੱਛਗਿੱਛ ਰਾਹੀਂ ਡੇਟਾ ਬਿਲਡਿੰਗ ਤੇ ਵੀ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਅਪਰਾਧਿਕ ਨੈੱਟਵਰਕਾਂ ਬਾਰੇ ਪੂਰਾ ਡੇਟਾ ਬੈਂਕ ਤਿਆਰ ਕੀਤਾ ਜਾ ਸਕੇ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ 2025 ਤੋਂ 22 ਜਨਵਰੀ 2026 ਤੱਕ ਆਰਮਜ਼ ਐਕਟ ਦੇ ਤਹਿਤ 205 ਦੋਸ਼ੀ ਗਿਰਫ਼ਤਾਰ ਕੀਤੇ ਗਏ ਹਨ, 92 ਐਫਆਈਆਰ ਦਰਜ ਹੋਈਆਂ ਹਨ ਅਤੇ 256 ਪਿਸਤੌਲ, 10 ਰਿਵਾਲਵਰ, 2 ਰਾਈਫਲਾਂ, 253 ਮੈਗਜ਼ੀਨ ਅਤੇ 453 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ 18 ਲੱਖ 75 ਹਜ਼ਾਰ ਰੁਪਏ ਦੀ ਹਵਾਲਾ ਅਤੇ ਗੈਂਗਸਟਰ ਮਨੀ ਵੀ ਜ਼ਬਤ ਕੀਤੀ ਗਈ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਿਆਂ ਖ਼ਿਲਾਫ਼ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਖ਼ਿਲਾਫ਼ ਇਹ ਮੁਹਿੰਮ ਆਗਾਮੀ ਦਿਨਾਂ ਵਿੱਚ ਵੀ ਪੂਰੀ ਸਖ਼ਤੀ ਨਾਲ ਜਾਰੀ ਰਹੇਗੀ ਅਤੇ ਹਰ ਅਧਿਕਾਰੀ ਦੀ ਕਾਰਗੁਜ਼ਾਰੀ ਨੂੰ ਪਰਫਾਰਮੈਂਸ ਬੇਸ ਤੇ ਮੋਨੀਟਰ ਕੀਤਾ ਜਾਵੇਗਾ, ਤਾਂ ਜੋ ਜ਼ਮੀਨੀ ਪੱਧਰ ਤੇ ਅਪਰਾਧਿਕ ਤੱਤਾਂ ਤੇ ਪੂਰੀ ਤਰ੍ਹਾਂ ਨਕੇਲ ਕਸੀ ਜਾ ਸਕੇ।
ਇਹ ਵੀ ਪੜ੍ਹੋ
ਡੀਜੀਪੀ ਨੇ ਜਾਰੀ ਕੀਤਾ ਸੀ ਟੋਲ ਫ੍ਰੀ ਨੰਬਰ
ਡੀਜੀਪੀ ਗੌਰਵ ਯਾਦਵ ਨੇ ਬੀਤੀ 20 ਤਾਰੀਕ ਨੂੰ ਚੰਡੀਗੜ੍ਹ ਵਿੱਚ ਦੱਸਿਆ ਸੀ ਕਿ 2,000 ਪੁਲਿਸ ਕਰਮਚਾਰੀ ਫੀਲਡ ਵਿੱਚ ਤਾਇਨਾਤ ਕੀਤੇ ਗਏ ਹਨ, ਜੋ ਸੂਬੇ ਭਰ ਵਿੱਚ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਰਿਵਾਰਕ ਮੈਂਬਰਾਂ ਦੀ ਜਾਂਚ ਕਰਨ ਜਾ ਰਹੇ ਹਨ। ਗੈਂਗਸਟਰਾਂ ਬਾਰੇ ਜਾਣਕਾਰੀ ਦੇਣ ਲਈ ਉਨ੍ਹਾਂ ਨੇ ਇੱਕ ਟੋਲ ਫ੍ਰੀ ਨੰਬਰ-93946-93946, ਵੀ ਜਾਰੀ ਕੀਤਾ ਸੀ।
ਡੀਜੀਪੀ ਨੇ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਨੌਜਵਾਨਾਂ ਦੇ ਕੋਲ ਇਹ ਆਖਿਰੀ ਮੌਕਾ ਹੈ ਕਿ ਉਹ ਮੁੱਖ ਧਾਰਾ ‘ਚ ਪਰਤ ਆਉਣ। ਹੁਣ ਪੰਜਾਬ ਪੁਲਿਸ ਕਿਸੇ ਵੀ ਅਪਰਾਧਿਕ ਤੱਤ ਨੂੰ ਨਹੀਂ ਬਖ਼ਸ਼ੇਗੀ। ਪੰਜਾਬ ‘ਚ ਗੈਂਗਸਟਰਾਂ ਦੇ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਨੇ ਇਸ ਆਪ੍ਰੇਸ਼ਨ ਨੂੰ ‘ਆਪ੍ਰੇਸ਼ਨ ਪ੍ਰਹਾਰ’ ਨਾਮ ਦਿੱਤਾ ਸੀ।
