ਚੰਡੀਗੜ੍ਹ ਦੇ ਇਕ ਸਕੂਲ ਦੀਆਂ ਵਿਦਿਆਰਥਣਾਂ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ, ਮਾਮਲਾ ਦਰਜ, ਕਮਿਸ਼ਨ ਨੇ ਮੰਗੀ ਰਿਪੋਰਟ

Updated On: 

13 Oct 2023 11:38 AM

Girl Student Photos Viral: ਮਾਮਲਾ ਵਿਦਿਆਰਥਣਾਂ ਨਾਲ ਸਬੰਧਤ ਹੋਣ ਕਾਰਨ ਸੀਸੀਪੀਸੀਆਰ (ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ) ਨੇ ਇਸ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਪ੍ਰਾਈਵੇਟ ਸਕੂਲ ਅਤੇ ਸਬੰਧਤ ਥਾਣੇ ਤੋਂ ਦੋ ਦਿਨਾਂ ਵਿੱਚ ਰਿਪੋਰਟ ਮੰਗੀ ਹੈ। ਸੀਸੀਪੀਸੀਆਰ ਦੇ ਚੇਅਰਮੈਨ ਨੇ ਕਿਹਾ ਕਿ ਉਹ ਸਕੂਲ ਦਾ ਦੌਰਾ ਕਰਨਗੇ ਅਤੇ ਵਿਦਿਆਰਥਣਾਂ ਨੂੰ ਮਿਲਣਗੇ ਜੋ ਘਟਨਾ ਤੋਂ ਬਾਅਦ ਸਦਮੇ ਵਿੱਚ ਹਨ।

ਚੰਡੀਗੜ੍ਹ ਦੇ ਇਕ ਸਕੂਲ ਦੀਆਂ ਵਿਦਿਆਰਥਣਾਂ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ, ਮਾਮਲਾ ਦਰਜ, ਕਮਿਸ਼ਨ ਨੇ ਮੰਗੀ ਰਿਪੋਰਟ
Follow Us On

ਚੰਡੀਗੜ੍ਹ ਦੇ ਇੱਕ ਨਾਮੀ ਪ੍ਰਾਈਵੇਟ ਸਕੂਲ ਵਿੱਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਸੈਕਟਰ 25 ਦੇ ਪ੍ਰਾਈਵੇਟ ਸਕੂਲ ਦੀਆਂ 50 ਦੇ ਕਰੀਬ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣਾਂ ਦੀਆਂ ਤਸਵੀਰਾਂ ਸਨੈਪਚੈਟ ਦੀ ਵਾਲ ‘ਤੇ ਅਪਲੋਡ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਸਕੂਲ ਦੀ ਵੈੱਬਸਾਈਟ ਤੋਂ ਹੀ ਡਾਊਨਲੋਡ ਕੀਤਾ ਗਿਆ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਤਸਵੀਰਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਕੇ ਇਨ੍ਹਾਂ ਤਸਵੀਰਾਂ ਨੂੰ ਐਡਿਟ ਕੀਤਾ ਗਿਆ ਹੈ। ਇਸ ਖ਼ਬਰ ਦਾ ਪਤਾ ਲੱਗਦਿਆਂ ਹੀ ਸਕੂਲ ਦੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਸਕੂਲ ਦਾ ਨਾਂ ਗੁਪਤ ਰੱਖਿਆ ਹੈ ਕਿਉਂਕਿ ਮਾਮਲਾ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਐਸਐਸਪੀ ਚੰਡੀਗੜ੍ਹ ਨੂੰ ਦਿੱਤੀ ਸ਼ਿਕਾਇਤ

ਦੱਸਿਆ ਜਾ ਰਿਹਾ ਹੈ ਇਹ ਮਾਮਲਾ 10 ਅਕਤੂਬਰ ਦਾ ਹੈ। ਜਦੋਂ ਇੱਕ ਵਿਦਿਆਰਥਣ ਦੇ ਪਿਤਾ ਛੁੱਟੀਆਂ ਦੌਰਾਨ ਉਸ ਨੂੰ ਲੈਣ ਗਏ ਸਨ। ਇਸ ਦੌਰਾਨ ਕੁੜੀ ਪਰੇਸ਼ਾਨ ਹੋ ਗਈ ਅਤੇ ਰੋਣ ਲੱਗੀ। ਪਿਤਾ ਨੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸਕੂਲ ਵਿੱਚ ਸੀਨੀਅਰਸ ਲਈ ਸਨੈਪਚੈਟ ਪੋਰਟਲ ਹੈ। ਉਸ ਪੋਰਟਲ ‘ਤੇ ਕਈ ਕੁੜੀਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ। ਇਹ ਮਾਮਲਾ ਸਾਹਮਣੇ ਆਉਂਦੇ ਹੀ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਇਸ ਸਨੈਪਚੈਟ ਆਈਡੀ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਹੈ।

ਇਸ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀਆਂ ਕਈ ਵਿਦਿਆਰਥਣਾਂ ਦੇ ਪਰਿਵਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਾਰੇ ਅਪਰਾਧ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਸਬੰਧਤ ਸਕੂਲ ਚੰਡੀਗੜ੍ਹ ਪੁਲਿਸ ਦੇ ਸੈਕਟਰ-11 ਥਾਣਾ ਖੇਤਰ ਅਧੀਨ ਆਉਂਦਾ ਹੈ। ਇਸ ਘਟਨਾ ਵਿੱਚ ਉਸੇ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਫਿਲਹਾਲ ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ?

ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਕਿਸੇ ਵੀ ਵਿਅਕਤੀ ਦੀ ਫੋਟੋ ਜਾਂ ਵੀਡੀਓ ਨੂੰ ਇੱਛਾ ਅਨੁਸਾਰ ਐਡਿਟ ਕੀਤਾ ਜਾ ਸਕਦਾ ਹੈ। AI ਕੰਪਿਊਟਰਾਂ ਨੂੰ ਰੋਬੋਟ ਜਾਂ ਮਨੁੱਖ ਵਰਗੇ ਇੰਟੈਲੀਜੈਂਸ ਤਰੀਕੇ ਵਾਂਗ ਸੋਚਣ ਵਾਲਾ ਸੌਫਟਵੇਅਰ ਬਣਾਉਣ ਦਾ ਤਰੀਕਾ। ਇਸ ਵਿੱਚ ਮਨੁੱਖੀ ਦਿਮਾਗ ਦੇ ਸੋਚਣ ਦੇ ਪੈਟਰਨ ਅਨੁਸਾਰ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ। ਇਸ ਵਿੱਚ, ਕਿਸੇ ਦੀ ਫੋਟੋ/ਵੀਡੀਓ ਤੋਂ ਚਿਹਰਾ ਉਨ੍ਹਾਂ ਨੂੰ ਕਿਸੇ ਹੋਰ ਫੋਟੋ ਜਾਂ ਵੀਡੀਓ ਵਿੱਚ ਵਰਤਿਆ ਜਾ ਸਕਦਾ ਹੈ।

(ਚੰਡੀਗੜ੍ਹ ਤੋਂ ਹਰਪਿੰਦਰ ਸਿੰਘ ਦੀ ਰਿਪੋਰਟ)