ਗੁਰਦਾਸਪੁਰ ‘ਚ NRI ਨੇ ਕੀਤਾ ਔਰਤ ਦਾ ਕਤਲ, ਲੋਹੜੀ ਮਨਾਉਣ ਜਾ ਰਹੀ ਸੀ ਮ੍ਰਿਤਕਾ
NRI Murder Women in Gurdaspur: ਮ੍ਰਿਤਕ ਔਰਤ ਦੇ ਪਤੀ ਬਲਵਿੰਦਰ ਸਿੰਘ ਨੇ ਦੱਸਿਆ ਕਿ 14 ਜਨਵਰੀ ਨੂੰ ਉਨ੍ਹਾਂ ਦੇ ਗੁਆਂਢੀ ਸ਼ਿੰਗਾਰਾ ਸਿੰਘ ਨੇ ਉਨ੍ਹਾਂ ਦੀ ਹਵੇਲੀ ਵਿੱਚ ਲੋਹੜੀ ਦਾ ਤਿਉਹਾਰ ਮਨਾਉਣ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਉਹ ਆਪਣੀ ਪਤਨੀ ਸਲਿੰਦਰ ਕੌਰ ਅਤੇ ਪੁੱਤਰ ਹਰਮਨਪ੍ਰੀਤ ਸਿੰਘ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪਣੀ ਹਵੇਲੀ ਗਏ ਸਨ।
NRI Murder Women: ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਥਾਣੇ ਅਧੀਨ ਆਉਂਦੇ ਪਿੰਡ ਨਵਾਂ ਪਿੰਡ ਬਹਾਦਰ ਵਿੱਚ ਪੁਰਾਣੀ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਹਮਲੇ ਵਿੱਚ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਹਾਲਤ ਵਿੱਚ ਉਸ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਫਰਾਰ ਹੈ। ਮ੍ਰਿਤਕ ਔਰਤ ਦੀ ਪਛਾਣ ਸਲਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਨਵਾਂ ਪਿੰਡ ਬਹਾਦਰ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪਤੀ ਬਲਵਿੰਦਰ ਸਿੰਘ ਨੇ ਦੱਸਿਆ ਕਿ 14 ਜਨਵਰੀ ਨੂੰ ਉਨ੍ਹਾਂ ਦੇ ਗੁਆਂਢੀ ਸ਼ਿੰਗਾਰਾ ਸਿੰਘ ਨੇ ਉਨ੍ਹਾਂ ਦੀ ਹਵੇਲੀ ਵਿੱਚ ਲੋਹੜੀ ਦਾ ਤਿਉਹਾਰ ਮਨਾਉਣ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਉਹ ਆਪਣੀ ਪਤਨੀ ਸਲਿੰਦਰ ਕੌਰ ਅਤੇ ਪੁੱਤਰ ਹਰਮਨਪ੍ਰੀਤ ਸਿੰਘ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪਣੀ ਹਵੇਲੀ ਗਏ ਸਨ। ਇਸ ਦੌਰਾਨ ਮੁਲਜ਼ਮ ਨਰਿੰਜਨ ਸਿੰਘ, ਪੁੱਤਰ ਚਰਨ ਸਿੰਘ, ਉੱਥੇ ਪਹੁੰਚਿਆ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪਤਨੀ ਅਤੇ ਪੁੱਤਰ ਨੇ ਮੁਲਜ਼ਮ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀ ਨੇ ਸਲਿੰਦਰ ਕੌਰ ‘ਤੇ ਤਿੰਨ ਵਾਰ ਚਾਕੂ ਨਾਲ ਹਮਲਾ ਕਰ ਦਿੱਤਾ। ਇੱਕ ਵਾਰ ਉਸ ਦੇ ਪੇਟ ਵਿੱਚ ਅਤੇ ਦੋ ਵਾਰ ਉਸਦੀ ਛਾਤੀ ਵਿੱਚ ਲੱਗੇ। ਜਿਸ ਤੋਂ ਬਾਅਦ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਜ਼ਮੀਨ ‘ਤੇ ਡਿੱਗ ਪਈ।
ਵਾਰਦਾਤ ਤੋਂ ਬਾਅਦ ਫਰਾਰ ਮੁਲਜ਼ਮ
ਘਟਨਾ ਤੋਂ ਤੁਰੰਤ ਬਾਅਦ ਮੁਲਜ਼ਮ ਫਰਾਰ ਹੋ ਗਿਆ। ਇਸ ਤੋਂ ਬਾਅਦ ਉਸ ਦੇ ਪਤੀ ਤੇ ਪੁੱਤਰ ਨੇ ਜ਼ਖਮੀ ਸਲਿੰਦਰ ਕੌਰ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਇਲਾਜ ਦੌਰਾਨ ਸਲਿੰਦਰ ਕੌਰ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੇ ਪਤੀ ਨੇ ਦੱਸਿਆ ਕਿ ਦੋ-ਤਿੰਨ ਦਿਨ ਪਹਿਲਾਂ ਮੁਲਜ਼ਮ ਨੇ ਉਸਦੀ ਪਤਨੀ ਨਾਲ ਛੇੜਛਾੜ ਕੀਤੀ ਸੀ। ਜਿਸ ਦਾ ਉਸ ਦੀ ਪਤਨੀ ਨੇ ਵਿਰੋਧ ਕੀਤਾ ਸੀ।
ਮਾਮਲੇ ਸਬੰਧੀ ਐਸਐਚਓ ਕਰਿਸ਼ਮਾ ਨੇ ਕਿਹਾ ਕਿ ਮ੍ਰਿਤਕ ਔਰਤ ਦੇ ਪਤੀ ਦੇ ਬਿਆਨ ਦੇ ਆਧਾਰ ‘ਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਵੇਲੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।