ਕੈਨੇਡਾ ‘ਚ ਲੁੱਕੇ ਅੱਤਵਾਦੀ ਅਤੇ ਗੈਂਗਸਟਰ ਅਰਸ਼ ਡੱਲਾ ਨੂੰ ਭਾਰਤ ਲਿਆਵੇਗੀ NIA!
NIA Try to Get Back Gagster Arsh Dhalla: ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਅਨੁਸਾਰ, ਇਸ ਸਮੇਂ ਕੈਨੇਡਾ ਵਿੱਚ ਰਹਿ ਰਹੇ ਅਰਸ਼ ਦੇ KTF ਨਾਲ ਸਬੰਧ ਹਨ। ਅਰਸ਼ਦੀਪ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਦਰਜ ਕੀਤੇ ਗਏ ਵੱਖ-ਵੱਖ ਮਾਮਲਿਆਂ ਵਿੱਚ ਮੁਲਜ਼ਮ ਪਾਇਆ ਗਿਆ, ਜਿਸਤੋਂ ਬਾਅਦ ਐਨਆਈਏ ਲਗਾਤਾਰ ਉਸ ਉੱਤੇ ਸ਼ਿਕੰਜਾ ਕੱਸਣ ਵਿੱਚ ਜੁਟੀ ਹੋਈ ਹੈ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਕੈਨੇਡਾ ‘ਚ ਲੁਕੇ ਅੱਤਵਾਦੀ ਅਤੇ ਗੈਂਗਸਟਰ ਅਰਸ਼ ਡੱਲਾ ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧੀ ਐਨਆਈਏ ਵੱਲੋਂ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਹੁਣ NIA ਅਰਸ਼ ਡੱਲਾ ਨੂੰ ਭਾਰਤ ਲਿਆਉਣ ਲਈ ਅਗਲੀ ਹਵਾਲਗੀ ਦੀ ਕਾਰਵਾਈ ਸ਼ੁਰੂ ਕਰੇਗੀ। ਦੱਸ ਦੇਈਏ ਕਿ ਇੰਟਰਪੋਲ ਨੇ 31 ਮਈ 2022 ਨੂੰ ਡੱਲਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ।
ਹਾਲਾਂਕਿ ਡੱਲਾ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਤੋਂ ਪਹਿਲਾਂ NIA ਨੂੰ ਕੈਨੇਡਾ ਦੀ ਅਦਾਲਤ ‘ਚ ਉਸ ‘ਤੇ ਲੱਗੇ ਸਾਰੇ ਆਰੋਪ ਸਾਬਤ ਕਰਨੇ ਹੋਣਗੇ। ਇਸ ਤੋਂ ਬਾਅਦ ਹੀ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਪੂਰੀ ਹੋ ਸਕੇਗੀ।
ਕੌਣ ਹੈ ਅਰਸ਼ ਡੱਲਾ?
22 ਮਈ 2021 ਨੂੰ ਪੰਜਾਬ ਦੇ ਮੋਗਾ ਜ਼ਿਲੇ ‘ਚ ਅੱਤਵਾਦੀ ਅਰਸ਼ ਡੱਲਾ ਅਤੇ ਉਸ ਦੇ ਕਰੀਬੀ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। 10 ਜੂਨ, 2021 ਨੂੰ, ਐਨਆਈਏ ਨੇ ਇਸ ਕੇਸ ਨੂੰ ਆਪਣੇ ਕੋਲ ਟ੍ਰਾਂਸਫਰ ਕਰਵਾ ਕੇ ਨਵੀਂ ਐਫਆਈਆਰ ਦਰਜ ਕੀਤੀ ਸੀ। ਇਲਜ਼ਾਮਾਂ ਮੁਤਾਬਕ, ਅਰਸ਼ ਡੱਲਾ ਨੇ ਇੱਕ ਅੱਤਵਾਦੀ ਗਰੋਹ ਬਣਾਇਆ ਸੀ। ਡੱਲਾ ਨੇ ਅਗਵਾ ਕਰਨ, ਫਿਰੌਤੀ ਮੰਗਣ ਅਤੇ ਹੋਰ ਕਈ ਲੋਕਾਂ ਦੇ ਕਤਲ ਦੀ ਸਾਜ਼ਿਸ਼ ਰਚਣ ਲਈ ਲਵਪ੍ਰੀਤ ਸਿੰਘ ਉਰਫ ਰਵੀ, ਰਾਮ ਸਿੰਘ ਉਰਫ ਸੋਨਾ ਅਤੇ ਕਮਲਜੀਤ ਸ਼ਰਮਾ ਉਰਫ ਕਮਲ ਨਾਂ ਦੇ ਅਪਰਾਧੀਆਂ ਨੂੰ ਆਪਣਏ ਗੈਂਗ ਵਿੱਚ ਭਰਤੀ ਕੀਤਾ। ਇਸ ਤੋਂ ਇਲਾਵਾ ਅਰਸ਼ ਡੱਲਾ ‘ਤੇ ਭਾਰਤ ਵਿਰੋਧੀ ਗਤੀਵਿਧੀਆਂ ਦਾ ਵੀ ਦੋਸ਼ ਹੈ।
ਇਹ ਵੀ ਪੜ੍ਹੋ – ਅੱਤਵਾਦੀ ਅਰਸ਼ਦੀਪ ਡੱਲਾ ਨੇ ਕਾਰੋਬਾਰੀ ਤੋਂ ਮੰਗੀ ਫਿਰੌਤੀ, ਪੈਸੇ ਨਹੀਂ ਤਾਂ ਅੰਜ਼ਾਮ ਭੁਗਤਣ ਦੀ ਧਮਕੀ
ਅਰਸ਼ਦੀਪ ਖਿਲਾਫ ਕਤਲ, ਫਿਰੌਤੀ ਦੇ ਕਈ ਮਾਮਲੇ
ਗੈਂਗਸਟਰ ਅਤੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦਾ ਆਪਰੇਟਿਵ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ। ਦੇਸ਼-ਵਿਦੇਸ਼ ‘ਚ ਕਤਲ, ਜਬਰੀ ਵਸੂਲੀ ਅਤੇ ਘਿਨਾਉਣੇ ਅਪਰਾਧਾਂ ਤੋਂ ਇਲਾਵਾ ਪੰਜਾਬ ਦੇ ਮੋਗਾ ਤੋਂ ਭੱਜ ਕੇ ਕੈਨੇਡਾ ‘ਚ ਲੁਕਿਆ ਅਰਸ਼ ਅੱਤਵਾਦੀ ਗਤੀਵਿਧੀਆਂ ‘ਚ ਵੀ ਸ਼ਾਮਲ ਪਾਇਆ ਗਿਆ।