ਮਨੋਰੰਜਨ ਕਾਲੀਆ ਦੇ ਘਰ ਗ੍ਰਨੇਡ ਹਮਲੇ ਦੇ 4 ਮੁਲਜ਼ਮਾਂ ਖਿਲਾਫ਼ NIA ਨੇ ਦਾਇਰ ਕੀਤੀ ਚਾਰਜਸ਼ੀਟ, ਹੋਏ ਅਹਿਮ ਖੁਲਾਸੇ

Updated On: 

05 Oct 2025 15:17 PM IST

Manoranjan Kalia House Grenade Attack: ਮੁਲਜ਼ਮ ਮਨੀਸ਼ ਨੇ ਬਾਅਦ ਵਿੱਚ ਸੈਦੁਲ ਅਮੀਨ ਨੂੰ ਇਸ ਸੰਗਠਨ ਵਿੱਚ ਸ਼ਾਮਲ ਕੀਤਾ, ਜਿਸ ਨੇ 7 ਅਪ੍ਰੈਲ ਦੀ ਰਾਤ ਨੂੰ ਸਾਬਕਾ ਮੰਤਰੀ ਦੇ ਘਰ 'ਤੇ ਗ੍ਰਨੇਡ ਸੁੱਟਿਆ ਸੀ। ਜਾਂਚ ਤੋਂ ਪਤਾ ਲੱਗਾ ਕਿ ਕੁਲਬੀਰ ਨੇ ਸੈਦੁਲ ਨੂੰ ਗ੍ਰਨੇਡ ਦਿੱਤਾ ਸੀ, ਜਦੋਂ ਕਿ ਅਭਿਜੋਤ ਨੇ ਪੈਸਾ ਮੁਹੱਈਆ ਕਰਵਾਇਆ ਸੀ।

ਮਨੋਰੰਜਨ ਕਾਲੀਆ ਦੇ ਘਰ ਗ੍ਰਨੇਡ ਹਮਲੇ ਦੇ 4 ਮੁਲਜ਼ਮਾਂ ਖਿਲਾਫ਼ NIA ਨੇ ਦਾਇਰ ਕੀਤੀ ਚਾਰਜਸ਼ੀਟ, ਹੋਏ ਅਹਿਮ ਖੁਲਾਸੇ

Photo Credit: Social Media

Follow Us On

ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਰਿਹਾਇਸ਼ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ‘ਚਚਾਰ ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਐਨਆਈਏ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਦੋ ਮੁਲਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਸੈਦੂਲ ਅਮੀਨ ਅਮਰੋਹਾ (ਯੂਪੀ), ਅਭਿਜੋਤ ਜਾਂਗੜਾ ਕੁਰੂਕਸ਼ੇਤਰ (ਹਰਿਆਣਾ) ਅਤੇ ਦੋ ਭਗੌੜੇ ਮੁਲਜ਼ਮ ਕੁਲਬੀਰ ਸਿੰਘ ਸਿੱਧੂ ਯਮੁਨਾਨਗਰ (ਹਰਿਆਣਾ), ਮਨੀਸ਼ ਕਾਕਾ ਰਾਣਾ ਕਰਨਾਲ (ਹਰਿਆਣਾ) ਦੇ ਨਾਮ ਸ਼ਾਮਲ ਹਨ। ਚਾਰਜਸ਼ੀਟ ਵਿੱਚ ਐਨਆਈਏ/ਡੀਐਲਆਈ ਕੇਸ ਵਿੱਚ UAPA ਐਕਟ, ਬੀਐਨਐਸ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਚਾਰਾਂ ਤੇ ਅਰੋਪ ਲੱਗਾਏ ਗਏ ਹਨ।

ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧ

ਦਰਅਸਲ, ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ‘ਤੇ 7 ਅਪ੍ਰੈਲ, 2025 ਦੀ ਰਾਤ ਨੂੰ ਹਮਲਾ ਕੀਤਾ ਗਿਆ ਸੀ। ਕੁਝ ਦਿਨਾਂ ਬਾਅਦ ਇਸ ਦੀ ਜਾਂਚ ਨੂੰ NIA ਨੇ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਐਨਆਈਏ ਦੀ ਜਾਂਚ ਵਿੱਚ ਪਾਇਆ ਗਿਆ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਅੱਤਵਾਦੀ ਕੁਲਬੀਰ ਸਿੰਘ ਨੇ ਆਪਣੇ ਸਾਥੀ ਮਨੀਸ਼ ਉਰਫ਼ ਕਾਕਾ ਰਾਣਾ ਨਾਲ ਮਿਲ ਕੇ ਪੰਜਾਬ ਦੇ ਪ੍ਰਮੁੱਖ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਅਤੇ ਆਮ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਇੱਕ ਅੱਤਵਾਦੀ ਗਿਰੋਹ ਬਣਾਇਆ ਸੀ ਤਾਂ ਜੋ ਉਹ ਲੋਕਾਂ ਤੋਂ ਪੈਸੇ ਵਸੂਲੀ ਕਰਕੇ BKI ਲਈ ਫੰਡ ਇਕੱਠਾ ਕਰ ਸਕੇ।

ਮੁਲਜ਼ਮ ਮਨੀਸ਼ ਨੇ ਬਾਅਦ ਵਿੱਚ ਸੈਦੁਲ ਅਮੀਨ ਨੂੰ ਇਸ ਸੰਗਠਨ ਵਿੱਚ ਸ਼ਾਮਲ ਕੀਤਾ। ਜਿਸ ਨੇ 7 ਅਪ੍ਰੈਲ ਦੀ ਰਾਤ ਨੂੰ ਸਾਬਕਾ ਮੰਤਰੀ ਦੇ ਘਰ ‘ਤੇ ਗ੍ਰਨੇਡ ਸੁੱਟਿਆ ਸੀ। ਜਾਂਚ ਤੋਂ ਪਤਾ ਲੱਗਾ ਕਿ ਕੁਲਬੀਰ ਨੇ ਸੈਦੁਲ ਨੂੰ ਗ੍ਰਨੇਡ ਦਿੱਤਾ ਸੀ, ਜਦੋਂ ਕਿ ਅਭਿਜੋਤ ਨੇ ਪੈਸਾ ਮੁਹੱਈਆ ਕਰਵਾਇਆ ਸੀ। ਹਮਲੇ ਤੋਂ ਬਾਅਦ ਕੁਲਬੀਰ ਨੇ ਇੱਕ ਪੋਸਟਰ ਪਾਇਆ ਸੀ। ਜਿਸ ਵਿੱਚ ਉਨ੍ਹਾਂ ਨੇ ਮਨੀਸ਼ ਨਾਲ ਮਿਲ ਕੇ ਇਸ ਸਾਜ਼ਿਸ਼ ਨੂੰ ਰਚਣ ਦੀ ਜ਼ਿੰਮੇਵਾਰੀ ਲਈ ਸੀ। ਜਿਸ ਤੋਂ ਬਾਅਦ ਮੁਲਜ਼ਮ ਕੁਲਬੀਰ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਜਿਸ ਦੀ ਗ੍ਰਿਫ਼ਤਾਰੀ ਲਈ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ।

ਫਰਾਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ NIA ਨੇ ਤੇਜ਼ ਕੀਤੀ ਮੁਹਿੰਮ

ਐਨਆਈਏ ਨੇ ਪਹਿਲਾਂ ਅਪ੍ਰੈਲ 2024 ਵਿੱਚ ਵਿਸ਼ਵ ਹਿੰਦੂ ਸੰਗਠਨ (VHP) ਦੇ ਆਗੂ ਵਿਕਾਸ ਪ੍ਰਭਾਕਰ ਦੀ ਹੱਤਿਆ ਨਾਲ ਸਬੰਧਤ ਕੇਸ ਆਰਸੀ-06/2024/ਐਨਏਆਈਏ/ਡੀਐਲਆਈ ਵਿੱਚ ਕੁਲਬੀਰ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਐਨਆਈਏ ਨੇ ਫਰਾਰ ਵਿਅਕਤੀਆਂ ਦਾ ਪਤਾ ਲਗਾਉਣ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਭਾਰਤ ਵਿੱਚ ਸਰਗਰਮ ਹੋਰ BKI ਮੈਂਬਰਾਂ ਦੀ ਪਛਾਣ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।

ਕੇਂਦਰੀ ਗ੍ਰਹਿ ਮੰਤਰੀ ਨੇ ਮਨੋਰੰਜਨ ਕਾਲੀਆ ਨੂੰ ਕੀਤਾ ਸੀ ਫੋਨ

ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਨੇ ਕਿਹਾ ਕਿ ਐਨਆਈਏ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਐਨਆਈਏ ਜਾਂਚ ਕਰਨ ਤੋਂ ਬਾਅਦ ਆਪਣੀ ਚਾਰਜ਼ਸ਼ੀਟ ਪੇਸ਼ ਕਰੇਗੀ। ਕਾਲੀਆ ਨੇ ਦੱਸਿਆ ਜਦੋਂ ਉਨ੍ਹਾਂ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਫੋਨ ਆਇਆ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਤੁਰੰਤ ਜਾਂਚ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਸੌਂਪ ਰਹੇ ਹਨ। ਇਸ ਤੋਂ ਬਾਅਦ ਕੇਸ ਪੰਜਾਬ ਪੁਲਿਸ ਤੋਂ ਐਨਆਈਏ ਨੂੰ ਸੌਪ ਦਿਤਾ ਗਿਆ।

ਮੁਲਜ਼ਮਾਂ ਦੇ ਸੀਸੀਟੀਵੀ ਫੁਟੇਜ ਬਾਰੇ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਹ ਰਾਸ਼ਟਰੀ ਜਾਂਚ ਏਜੰਸੀ ਹੈ, ਇਹ ਆਪਣੇ ਤਰੀਕੇ ਨਾਲ ਜਾਂਚ ਕਰਦੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅਪਰਾਧ ਵਾਲੀ ਥਾਂ ‘ਤੇ ਕੀ ਹੋਇਆ ਅਤੇ ਕਿੱਵੇਂ ਹੋਇਆ। ਇਸ ਦੌਰਾਨ ਕਾਲੀਆ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਐਨਆਈਏ ਆਪਣੀ ਚਾਰਜਸ਼ੀਟ ਦਾਇਰ ਕਰੇਗੀ।