ਮੋਟਰਸਾਇਕਲ ਸਵਾਰਾਂ ਨੇ ਮਾਰੀਆਂ ਗੋਲੀਆਂ, ਸਖ਼ਸ ਦੀ ਮੌਕੇ ਤੇ ਮੌਤ, ਪੁਰਾਣੀ ਰੰਜਿਸ਼ ਦਾ ਮਾਮਲਾ
ਮੋਗਾ ਵਿੱਚ ਤਿੰਨ ਮੋਟਰਸਾਈਕਲ ਸਵਾਰਾਂ ਨੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਦੋ ਹੋਰ ਜ਼ਖਮੀ ਹੋ ਗਏ। ਇਹ ਘਟਨਾ ਪੁਰਾਣੀ ਰੰਜਿਸ਼ ਦਾ ਨਤੀਜਾ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਹੈ ਅਤੇ ਲੋਕ ਵੱਧ ਸੁਰੱਖਿਆ ਦੀ ਮੰਗ ਕਰ ਰਹੇ ਹਨ।
ਮੋਗਾ ਜ਼ਿਲ੍ਹੇ ਦੇ ਬਾਗੀਆਣਾ ਬਸਤੀ ਅਤੇ ਸਟੇਡੀਅਮ ਰੋਡ ‘ਤੇ ਵੀਰਵਾਰ ਨੂੰ ਤਿੰਨ ਅਣਪਛਾਤੇ ਬਾਈਕ ਸਵਾਰਾਂ ਨੇ ਇੱਕ ਵਿਅਕਤੀ ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਸੈਲੂਨ ਮਾਲਕ ਅਤੇ ਇੱਕ ਬੱਚਾ ਜ਼ਖਮੀ ਹੋ ਗਏ। ਇਸ ਘਟਨਾ ਪਿੱਛੇ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਰਨ ਵਾਲਾ ਸਖ਼ਸ ਇੱਕ ਹਿੰਦੂ ਸੰਗਠਨ ਨਾਲ ਸਬੰਧ ਰੱਖਦਾ ਸੀ।
ਘਟਨਾ ਦੇ ਚਸ਼ਮਦੀਦ ਗਵਾਹ ਅਤੇ ਜ਼ਖਮੀ ਸੈਲੂਨ ਮਾਲਕ ਦਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨ ਉਸਦੇ ਸੈਲੂਨ ਵਿੱਚ ਆਏ ਅਤੇ ਵਾਲ ਕਟਵਾਉਣ ਦੇ ਬਹਾਨੇ ਕੁਰਸੀ ‘ਤੇ ਬੈਠ ਗਏ। ਜਿਵੇਂ ਹੀ ਉਹ ਉਨ੍ਹਾਂ ਵੱਲ ਵਧਿਆ, ਉਨ੍ਹਾਂ ਨੇ ਅਚਾਨਕ ਉਸਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਅਤੇ ਉੱਥੋਂ ਭੱਜਣ ਲੱਗ ਪਏ। ਇਸ ਦੌਰਾਨ, ਇੱਕ ਬੱਚਾ, ਥਾਮਸ, ਜੋ ਦੁੱਧ ਲੈਣ ਲਈ ਘਰੋਂ ਬਾਹਰ ਗਿਆ ਸੀ, ਹਮਲਾਵਰਾਂ ਦਾ ਨਿਸ਼ਾਨਾ ਬਣ ਗਿਆ। ਹਮਲਾਵਰਾਂ ਨੇ ਬੱਚੇ ‘ਤੇ ਵੀ ਗੋਲੀ ਚਲਾਈ, ਪਰ ਬਚਾਅ ਰਹਿ ਗਿਆ।
ਸੈਲੂਨ ਤੋਂ ਬਾਹਰ ਨਿਕਲਣ ਤੋਂ ਬਾਅਦ, ਹਮਲਾਵਰਾਂ ਨੇ ਸਟੇਡੀਅਮ ਰੋਡ ‘ਤੇ ਪਹੁੰਚੇ ਮੰਗਤ ਰਾਏ ਮੰਗਾ ‘ਤੇ ਗੋਲੀਬਾਰੀ ਕੀਤੀ। ਜਿਸ ਮਗਰੋਂ ਉਸਨੂੰ ਗੰਭੀਰ ਹਾਲਤ ਵਿੱਚ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਇਹ ਹਮਲਾ ਆਪਸੀ ਦੁਸ਼ਮਣੀ ਦਾ ਨਤੀਜਾ ਹੈ। ਕੁਝ ਦਿਨ ਪਹਿਲਾਂ ਦੋਵਾਂ ਧਿਰਾਂ ਵਿਚਕਾਰ ਲੜਾਈ ਹੋਈ ਸੀ, ਜਿਸ ਕਾਰਨ ਇਹ ਗੋਲੀਬਾਰੀ ਹੋਈ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਪੁਲਿਸ ਨੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਵੀ ਤੇਜ਼ ਕਰ ਦਿੱਤੀ ਹੈ ਅਤੇ ਵਾਧੂ ਬਲ ਤਾਇਨਾਤ ਕਰ ਦਿੱਤੇ ਹਨ। ਮੰਗਤ ਰਾਏ ਮੰਗਾ ਦੇ ਕਤਲ ਤੋਂ ਬਾਅਦ ਹਿੰਦੂ ਸੰਗਠਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਹਿੰਦੂ ਸੰਗਠਨ ਦੇ ਆਗੂਆਂ ਨੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ