ਮੋਗਾ ‘ਚ ਪ੍ਰੇਮ ਵਿਆਹ ਤੇ ਵਿਵਾਦ, ਲੜਕੀ ਦੇ ਪਰਿਵਾਕ ਮੈਂਬਰਾਂ ਨੇ ਲੜਕੇ ਦੀ ਮਾਂ ਨਾਲ ਕੀਤੀ ਕੁੱਟਮਾਰ
ਸਰਪੰਚ ਦੇ ਪਤੀ ਸੁਖਚੈਨ ਸਿੰਘ ਨੇ ਦੱਸਿਆ ਕਿ ਜਦੋਂ ਨਵੀਂ ਪੰਚਾਇਤ ਬਣੀ ਤਾਂ ਸਾਰੇ ਪਿੰਡ ਵਾਸੀਆਂ ਨੇ ਮਿਲ ਕੇ ਮਤਾ ਪਾਸ ਕੀਤਾ ਕਿ ਜੇਕਰ ਪਿੰਡ ਦਾ ਕੋਈ ਮੁੰਡਾ ਜਾਂ ਕੁੜੀ ਇੱਕ ਦੂਜੇ ਨਾਲ ਵਿਆਹ ਕਰਦਾ ਹੈ ਤਾਂ ਉਹ ਪਿੰਡ ਵਿੱਚ ਨਹੀਂ ਰਹਿ ਸਕਦੇ। ਮੁੰਡੇ ਦਾ ਪਰਿਵਾਰ ਪਿੰਡ ਵਿੱਚ ਹੀ ਰਹਿ ਰਿਹਾ ਸੀ, ਜਿਸ ਕਾਰਨ ਕੁੜੀ ਦੇ ਪਰਿਵਾਰ ਨੂੰ ਗੁੱਸਾ ਆਇਆ। ਇਹੀ ਕਾਰਨ ਹੈ ਕਿ ਇਹ ਘਟਨਾ ਵਾਪਰੀ।
ਚਾਰ ਮਹੀਨੇ ਪਹਿਲਾਂ, ਜ਼ਿਲ੍ਹਾ ਮੋਗਾ ਦੇ ਪਿੰਡ ਘੱਲ ਕਲਾਂ ਦੇ ਇੱਕ ਲੜਕੇ ਤੇ ਲੜਕੀ ਨੇ ਪ੍ਰੇਮ-ਵਿਆਹ ਕਰਵਾ ਲਿਆ ਸੀ ਤੇ ਘਰ ਛੱਡ ਕੇ ਚਲੇ ਗਏ ਸਨ। ਇਸ ਮਾਮਲੇ ਨੂੰ ਲੈ ਕੇ, ਮੁੰਡੇ ਦੇ ਪਰਿਵਾਰ ਨੂੰ ਕੁਝ ਔਰਤਾਂ ਤੇ ਪਿੰਡ ਦੇ ਹੋਰ ਲੋਕਾਂ ਨੇ ਕੁੱਟਿਆ ਹੈ। ਇਸ ਤੋਂ ਇਲਾਵਾ ਪੀੜਤ ਪਰਿਵਾਰ ਦੇ ਘਰ ਨੂੰ ਤਾਲਾ ਲਗਾ ਕੇ ਘਰੋਂ ਕੱਢਣ ਦੇ ਇਲਜ਼ਾਮ ਵੀ ਲਗ ਰਹੇ ਹਨ। ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ।
ਜਾਣਕਾਰੀ ਦਿੰਦਿਆਂ ਪੀੜਤ ਮਾਂ ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਪ੍ਰੇਮ ਵਿਆਹ ਹੋਇਆ ਸੀ। ਉਹ ਦੋਵੇਂ ਬਾਲਗ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਹੁਣ ਕਿੱਥੇ ਰਹਿ ਰਹੇ ਹਨ। ਔਰਤ ਸਰਪੰਚ ਦੇ ਪਤੀ ਤੇ ਕੁੜੀ ਦੇ ਪਰਿਵਾਰ ਨੇ ਸਾਨੂੰ ਕੁੱਟਿਆ ਹੈ। ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੇ ਘਰ ਨੂੰ ਤਾਲਾ ਲਗਾ ਦਿੱਤਾ ਤੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਹੈ। ਅਸੀਂ ਪੁਲਿਸ ਕੋਲ ਵੀ ਗਏ, ਪਰ ਪੁਲਿਸ ਨੇ ਵੀ ਸਾਡੀ ਇੱਕ ਨਹੀਂ ਸੁਣੀ। ਅਸੀਂ ਰਾਤ ਸੜਕ ‘ਤੇ ਬਿਤਾ ਰਹੇ ਹਾਂ।
ਸਰਪੰਚ ਦੇ ਪਤੀ ਸੁਖਚੈਨ ਸਿੰਘ ਨੇ ਦੱਸਿਆ ਕਿ ਜਦੋਂ ਨਵੀਂ ਪੰਚਾਇਤ ਬਣੀ ਤਾਂ ਸਾਰੇ ਪਿੰਡ ਵਾਸੀਆਂ ਨੇ ਮਿਲ ਕੇ ਮਤਾ ਪਾਸ ਕੀਤਾ ਕਿ ਜੇਕਰ ਪਿੰਡ ਦਾ ਕੋਈ ਮੁੰਡਾ ਜਾਂ ਕੁੜੀ ਇੱਕ ਦੂਜੇ ਨਾਲ ਵਿਆਹ ਕਰਦਾ ਹੈ ਤਾਂ ਉਹ ਪਿੰਡ ਵਿੱਚ ਨਹੀਂ ਰਹਿ ਸਕਦੇ। ਮੁੰਡੇ ਦਾ ਪਰਿਵਾਰ ਪਿੰਡ ਵਿੱਚ ਹੀ ਰਹਿ ਰਿਹਾ ਸੀ, ਜਿਸ ਕਾਰਨ ਕੁੜੀ ਦੇ ਪਰਿਵਾਰ ਨੂੰ ਗੁੱਸਾ ਆਇਆ। ਇਹੀ ਕਾਰਨ ਹੈ ਕਿ ਇਹ ਘਟਨਾ ਵਾਪਰੀ।
ਪੁਲਿਸ ਨੇ ਦੱਸੀ ਇਹ ਕਹਾਣੀ
ਇਸ ਦੌਰਾਨ, ਸਦਰ ਥਾਣੇ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਕਿਹਾ ਕਿ 21 ਤਰੀਕ ਨੂੰ ਇੱਕ ਔਰਤ ਵੱਲੋਂ ਸਾਡੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਵਿੱਚ ਉਨ੍ਹਾਂ ਨੇ ਪਿੰਡ ਦੇ ਲੋਕਾਂ ‘ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਸੀ। ਉਸ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਸੀ, ਪਰ ਦੇਰ ਸ਼ਾਮ ਔਰਤ ਨੇ ਕਿਹਾ ਕਿ ਅਸੀਂ ਇੱਕ ਸਮਝੌਤਾ ਕਰ ਲਿਆ ਹੈ। ਪਰ ਹੁਣ ਉਹ ਸਮਝੌਤੇ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਰਹੇ ਹਨ।
ਅਧਿਕਾਰੀ ਨੇ ਕਿਹਾ ਹੈ ਕਿ ਔਰਤ ਦੇ ਦੁਬਾਰਾ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਜਦੋਂ ਪੱਤਰਕਾਰ ਨੇ ਵਾਇਰਲ ਵੀਡੀਓ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਦੇ ਨਾਮ ਔਰਤ ਦੇ ਬਿਆਨ ਵਿੱਚ ਸਾਹਮਣੇ ਆਉਣਗੇ। ਉਨ੍ਹਾਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।