ਬੇਵਫਾ ਦੋਸਤ…ਪਹਿਲਾਂ ਕੀਤਾ ਨਸ਼ਾ…ਫੇਰ ਦਿੱਤੀ ਦਰਦਨਾਕ ਮੌਤ.. ਲੁਧਿਆਣਾ ਡਰੰਮ ਕਤਲ ਕੇਸ ‘ਚ ਪਤੀ-ਪਤਨੀ ਗ੍ਰਿਫਤਾਰ

Updated On: 

09 Jan 2026 16:25 PM IST

Ludhiana Drum Murder Case: ਮ੍ਰਿਤਕ ਦਵਿੰਦਰ ਦੀ ਅੱਧੀ ਲਾਸ਼ ਸੜੀ ਹੋਈ ਸੀ, ਅਤੇ ਬਾਕੀ ਅੱਧੀ ਚਿੱਟੇ ਡਰੱਮ ਵਿੱਚ ਪਾਈ ਹੋਈ ਸੀ। ਮ੍ਰਿਤਕ ਕਤਲ ਤੋਂ ਦੋ ਦਿਨ ਪਹਿਲਾਂ ਮੁੰਬਈ ਤੋਂ ਘਰ ਵਾਪਸ ਆਇਆ ਸੀ ਅਤੇ ਪਹੁੰਚਣ ਤੋਂ ਤੁਰੰਤ ਬਾਅਦ ਕਿਤੇ ਚਲਾ ਗਿਆ ਸੀ, ਜਿਸ ਤੋਂ ਬਾਅਦ ਉਸਦੀ ਲਾਸ਼ ਮਿਲੀ। ਸਲੇਮ ਟਾਬਰੀ ਥਾਣੇ ਦੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ, ਪੁਲਿਸ ਨੂੰ ਸ਼ੁਰੂ ਤੋਂ ਹੀ ਮ੍ਰਿਤਕ ਦੇ ਦੋਸਤ 'ਤੇ ਕਤਲ ਦਾ ਸ਼ੱਕ ਸੀ।

ਬੇਵਫਾ ਦੋਸਤ...ਪਹਿਲਾਂ ਕੀਤਾ ਨਸ਼ਾ...ਫੇਰ ਦਿੱਤੀ ਦਰਦਨਾਕ ਮੌਤ.. ਲੁਧਿਆਣਾ ਡਰੰਮ ਕਤਲ ਕੇਸ ਚ ਪਤੀ-ਪਤਨੀ ਗ੍ਰਿਫਤਾਰ
Follow Us On

ਲੁਧਿਆਣਾ ਦੇ ਸਲੇਮ ਟਾਬਰੀ ਵਿੱਚ ਡਰੰਮ ਵਾਲੇ ਕਤਲ ਕਾਂਡ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਮੁਲਜਮ ਮ੍ਰਿਤਕ ਦਾ ਦੋਸਤ ਅਤੇ ਉਸਦੀ ਪਤਨੀ ਹਨ। ਦੋਵਾਂ ਨੇ ਬੜੀ ਹੀ ਦਰਿੰਦਗੀ ਨਾਲ ਉਸਦੇ ਕਤਲ ਨੂੰ ਅੰਜਾਮ ਦਿੱਤਾ ਸੀ। ਦੋਵਾਂ ਨੇ ਦਵਿੰਦਰ ਦਾ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਨੁੂੰ ਸੱਤ ਟੁਕੜਿਆਂ ਵਿੱਚ ਕੱਟ ਦਿੱਤਾ ਸੀ। ਸਿਰ ਅਤੇ ਧੜ ਡਰਮ ਦੇ ਵਿੱਚ ਲੱਤਾਂ ਅਤੇ ਬਾਹਾਂ ਨੂੰ ਵੱਢ ਕੇ ਵੱਖ ਸੁੱਟ ਦਿੱਤਾ ਗਿਆ ਸੀ ਅਲੱਗ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ ਵਿੱਚ ਖੁਲਾਸਾ ਕੀਤਾ ਜਾਵੇਗਾ।

ਕੇਸ ਸੁਲਝਾਉਣ ਦਾ ਦਾਅਵਾ ਕਰਦਿਆਂ ਪੁਲਿਸ ਨੇ ਦੱਸਿਆ ਕਿ ਪਹਿਲਾਂ ਦਵਿੰਦਰ ਅਤੇ ਸ਼ੇਰਾ ਨੇ ਇਕੱਠੇ ਬੈਠ ਕੇ ਨਸ਼ਾ ਕੀਤਾ, ਜਿਸ ਤੋਂ ਬਾਅਦ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਹੋ ਗਿਆ। ਇੱਕ ਦੂਜੇ ਨਾਲ ਹੱਥੋਪਾਈ ਦੌਰਾਨ ਸ਼ਮਸ਼ੇਰ ਉਰਫ ਸ਼ੇਰਾ ਨੇ ਦਵਿੰਦਰ ਦਾ ਕਤਲ ਕਰ ਦਿੱਤਾ। ਜਿਸਤੋਂ ਬਾਅਦ ਦਵਿੰਦਰ ਦੀ ਲਾਸ਼ ਖ਼ੁਰਦਬੁਰਦ ਕਰਨ ਵਿੱਚ ਸ਼ੇਰਾ ਦੀ ਪਤਨੀ ਨੇ ਉਸਦਾ ਸਾਥ ਦਿੱਤਾ। ਪੇਸ਼ੇ ਤੋਂ ਕਾਰਪੈਂਟਰ ਸ਼ਮਸ਼ੇਰ ਨੇ ਆਰੀ ਨਾਲ ਦਵਿੰਦਰ ਦੀ ਲਾਸ਼ ਨੂੰ 6 ਟੁਕੜਿਆਂ ਵਿੱਚ ਹੋਲੀ-ਹੋਲੀ ਕੱਟਿਆ ਅਤੇ ਵੱਖ-ਵੱਖ ਥਾਵਾਂ ਤੇ ਸੁੱਟ ਦਿੱਤਾ। ਜਦਕਿ ਸਿਰ ਨੂੰ ਡਰੰਮ ਵਿੱਚ ਪਾ ਕੇ ਸੁੱਟ ਦਿੱਤਾ। ਇਸ ਸਾਰੇ ਕੰਮ ਵਿੱਚ ਉਸਦੀ ਪਤਨੀ ਨੇ ਵੀ ਉਸਦਾ ਸਾਥ ਦਿੱਤਾ।

ਜਿਕਰਯੋਗ ਹੈ ਕਿ ਬੀਤੀ 7 ਜਨਵਰੀ ਨੂੰ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਪੈਂਦੇ ਸਲੇਮ ਟਾਬਰੀ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਲਾਸ਼ ਬਰਾਮਦ ਹੋਈ ਸੀ। ਇਹ ਲਾਸ਼ ਖਾਲੀ ਪਲਾਟ ਵਿੱਚ ਇੱਕ ਡਰੱਮ ਵਿੱਚ ਟੁਕੜਿਆਂ ਵਿੱਚ ਕੱਟ ਕੇ ਰੱਖੀ ਹੋਈ ਸੀ। ਇੱਕ ਰਾਹਗੀਰ ਨੇ ਲਾਸ਼ ਵੇਖੀ ਅਤੇ ਤੁਰੰਤ ਸ਼ੋਰ ਮਚਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਤਫਤੀਸ਼ ਕੀਤੀ ਜਾ ਰਹੀ ਸੀ।

ਸ਼ੁਰੂ ਤੋਂ ਸ਼ੱਕ ਦੇ ਘੇਰੇ ‘ਚ ਸੀ ਦੋਸਤ

ਮ੍ਰਿਤਕ ਦੀ ਪਛਾਣ 30 ਸਾਲਾ ਦਵਿੰਦਰ ਵਜੋਂ ਹੋਈ ਸੀ, ਜੋ ਕਿ ਲੁਧਿਆਣਾ ਦੀ ਭਾਰਤੀ ਕਲੋਨੀ ਦਾ ਰਹਿਣ ਵਾਲਾ ਹੈ। ਦਵਿੰਦਰ ਕੰਪਿਊਟਰ ਇੰਜੀਨੀਅਰ ਸੀ ਅਤੇ ਪੰਜ ਮਹੀਨਿਆਂ ਤੋਂ ਮੁੰਬਈ ਵਿੱਚ ਕੰਮ ਕਰ ਰਿਹਾ ਸੀ। ਮੁੰਬਈ ਤੋਂ ਘਰ ਵਾਪਸ ਆਉਣ ਤੋਂ ਬਾਅਦ ਦਵਿੰਦਰ ਸਿਰਫ 15 ਮਿੰਟ ਘਰ ਰਿਹਾ। ਇਸ ਤੋਂ ਬਾਅਦ, ਉਹ ਇਹ ਕਹਿ ਕੇ ਚਲਾ ਗਿਆ ਕਿ ਉਹ ਵਾਲ ਕਟਵਾਉਣ ਜਾ ਰਿਹਾ ਹੈ ਪਰ ਉਹਕਦੇ ਵਾਪਸ ਨਹੀਂ ਆਇਆ। ਨੌਜਵਾਨ ਵਿਆਹਿਆ ਹੋਇਆ ਹੈ ਅਤੇ ਉਸਦੀ 7 ਮਹੀਨੇ ਦੀ ਧੀ ਹੈ।

ਸੀਸੀਟੀਵੀ ਫੁਟੇਜ ਤੇ ਆਧਾਰ ਤੇ ਪੁਲਿਸ ਨੂੰ ਸ਼ੁਰੂ ਤੋਂ ਹੀ ਮ੍ਰਿਤਕ ਦੇ ਦੋਸਤ ਸ਼ੇਰਾ ‘ਤੇ ਕਤਲ ਦਾ ਸ਼ੱਕ ਸੀ। ਸ਼ੇਰਾ ਉਸਦੇ ਘਰ ਦੇ ਨੇੜੇ ਇੱਕ ਗਲੀ ਵਿੱਚ ਰਹਿੰਦਾ ਹੈ। ਘਟਨਾ ਸਥਾਨ ਤੋਂ ਸੀਸੀਟੀਵੀ ਫੁਟੇਜ ਵਿੱਚ ਸ਼ੇਰਾ ਆਪਣੇ ਕਿਸੇ ਹੋਰ ਦੋਸਤ ਨਾਲ ਬਾਈਕ ‘ਤੇ ਡਰੱਮ ਲੈ ਕੇ ਜਾਂਦੇ ਦਿਖਾਈ ਦੇ ਰਿਹਾ ਸੀ। ਜਿਸਤੋਂ ਬਾਅਦ ਪੁਲਿਸ ਨੇ ਉਸਦੀ ਭਾਲ ਸ਼ੁਰੂ ਕੀਤੀ ਅਤੇ ਅੱਜ ਉਸਨੂੰ ਕਾਬੂ ਕਰ ਲਿਆ। ਹੁਣ ਪੁਲਿਸ ਖੁਲਾਸਾ ਕਰੇਗਾ ਕਿ ਆਖਿਰ ਇਨ੍ਹੀ ਬੇਦਰਦੀ ਨਾਲ ਕੀਤੇ ਗਏ ਆਪਣੇ ਹੀ ਦੋਸਤ ਦੇ ਕਤਲ ਪਿੱਛੇ ਕੀ ਵਜ੍ਹਾ ਸੀ।