ਜ਼ਮੀਨੀ ਵਿਵਾਦ ਕਾਰਨ ਪਿਓ ਪੁੱਤ ਦਾ ਕਤਲ, ਮਾਰੀਆਂ ਗੋਲੀਆਂ ਅਤੇ ਕਹੀ ਨਾਲ ਕੀਤੇ ਵਾਰ
ਜਲਾਲਾਬਾਦ ਵਿੱਚ ਜ਼ਮੀਨੀ ਵਿਵਾਦ ਨੂੰ ਲੈਕੇ ਪਿਓ ਪੁੱਤ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਜਲਾਲਾਬਾਦ ਪੁਲਿਸ ਦੀ ਟੀਮ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪਰਿਵਾਰਿਕ ਮੈਂਬਰਾਂ ਦੇ ਅਧਾਰ ਤੇ ਮੁਲਜ਼ਮਾਂ ਖਿਲਾਫ਼ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਲਾਲਾਬਾਦ ਦੇ ਪਿੰਡ ਪਾਕਾਂ ਵਿੱਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜ਼ਮੀਨ ਨੂੰ ਪਾਣੀ ਲਗਾ ਰਹੇ ਪਿਓ ਅਤੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਲੰਮੇ ਸਮੇਂ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈਕੇ ਇਹ ਕਤਲ ਹੋਇਆ ਹੈ। ਮਰਨ ਵਾਲਿਆਂ ਦੀ ਪਹਿਚਾਣ 58 ਸਾਲਾ ਅਵਤਾਰ ਸਿੰਘ ਅਤੇ 28 ਸਾਲਾ ਹਰਮੀਤ ਸਿੰਘ ਵਜੋਂ ਹੋਈ ਹੈ।
ਪਿੰਡ ਪਾਕਾਂ ਵਿੱਚ ਹੋਈ ਇਸ ਕਤਲ ਦੀ ਵਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਕਾਰਜ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਭਰਾ ਅਵਤਾਰ ਸਿੰਘ ਤੋਂ ਪਿੰਡ ਦੇ ਹੀ ਕੁੱਝ ਲੋਕ ਖੁੰਦਕ ਰੱਖਦੇ ਸਨ। ਕਿਉਂਕਿ ਉਸ ਦੇ ਭਰਾ ਨੇ ਇੱਕ ਜ਼ਮੀਨ ਠੇਕੇ ਤੇ ਲੈ ਲਈ ਸੀ। ਜਿਸ ਕਾਰਨ ਉਸ ਜ਼ਮੀਨ ਉੱਪਰ ਪਹਿਲਾਂ ਵਾਹੀ ਕਰ ਰਹੇ ਲੋਕ ਉਹਨਾਂ ਦੇ ਭਰਾ ਤੋਂ ਖਾਰ ਖਾਂਦੇ ਸਨ। ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਅਵਤਾਰ ਸਿੰਘ ਉਸ ਜ਼ਮੀਨ ਤੇ ਖੇਤੀ ਕਰੇ।
ਖੇਤ ਵਿੱਚ ਪਾਣੀ ਲਗਾ ਰਹੇ ਸੀ ਪਿਓ ਪੁੱਤ
ਮ੍ਰਿਤਕ ਦੇ ਭਰਾ ਕਾਰਜ ਸਿੰਘ ਨੇ ਦੱਸਿਆ ਕਿ ਜਦੋਂ ਅਵਤਾਰ ਸਿੰਘ ਅਤੇ ਹਰਮੀਤ ਸਿੰਘ ਆਪਣੇ ਖੇਤ ਵਿੱਚ ਪਾਣੀ ਲਗਾ ਰਹੇ ਸਨ ਤਾਂ ਪਿੰਡ ਪਾਕਾਂ ਦੇ ਹੀ ਰਹਿਣ ਵਾਲੇ ਕੁੱਝ ਲੋਕ ਮੌਕੇ ਤੇ ਆਏ ਅਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਹ ਝਗੜਾ ਐਨਾ ਵਧ ਗਿਆ ਕਿ ਉਹਨਾਂ ਨੇ 28 ਸਾਲਾ ਹਰਮੀਤ ਸਿੰਘ ਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਉਹਨਾਂ ਨੇ 58 ਸਾਲਾ ਅਵਤਾਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ। ਇਹਨਾਂ ਹੀ ਨਹੀਂ ਉਹਨਾਂ ਨੇ ਅਵਤਾਰ ਸਿੰਘ ਉਹ ਕਹੀ ਨਾਲ ਵੀ ਹਮਲਾ ਕੀਤਾ। ਜਿਸ ਕਾਰਨ ਪਿਓ ਪੁੱਤ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ।
ਕੁੱਝ ਦਿਨ ਪਹਿਲਾਂ ਹੋਇਆ ਸੀ ਬੱਚੇ ਦਾ ਜਨਮ
ਮ੍ਰਿਤਕ ਅਵਤਾਰ ਸਿੰਘ ਦੇ 2 ਪੁੱਤਰ ਹਨ। ਜਿਨ੍ਹਾਂ ਵਿੱਚ ਵੱਡਾ ਪੁੱਤਰ ਹਰਮੀਤ ਸਿੰਘ ਮੌਕੇ ਤੇ ਹੀ ਮਾਰਿਆ ਗਿਆ ਜਦੋਂ ਕਿ ਦੂਜਾ ਪੁੱਤਰ ਅਪਾਹਜ਼ ਹੈ। ਮਰਨ ਵਾਲਾ ਹਰਮੀਤ ਸਿੰਘ ਸ਼ਾਦੀਸੁਦਾ ਸੀ ਅਤੇ ਉਹਨਾਂ ਦੀ ਪਤਨੀ ਦੀ ਕੁੱਖੋਂ ਕੁੱਝ ਦਿਨ ਪਹਿਲਾ ਹੀ ਇੱਕ ਪੁੱਤ ਨੇ ਜਨਮ ਲਿਆ ਸੀ। ਹਰਮੀਤ ਸਿੰਘ ਦੇ 2 ਬੱਚੇ ਹਨ। ਇੱਕ ਧੀ ਅਤੇ ਇੱਕ ਨਵ ਜੰਮਿਆ ਪੁੱਤ।
ਇਹ ਵੀ ਪੜ੍ਹੋ- ਲਾਰੈਂਸ ਗੈਂਗ ਦੇ 2 ਗੁਰਗੇ ਕਾਬੂ, 3 ਪਿਸਤੌਲ ਤੇ ਕਾਰਤੂਸ ਬਰਾਮਦ, ਵੱਡੀ ਸਾਜ਼ਿਸ ਦੀ ਤਿਆਰੀ ਕਰ ਰਹੇ ਸਨ ਬਦਮਾਸ਼
ਇਹ ਵੀ ਪੜ੍ਹੋ
ਪੁਲਿਸ ਨੇ ਕੀਤਾ ਮਾਮਲਾ ਦਰਜ
ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਜਲਾਲਾਬਾਦ ਪੁਲਿਸ ਦੀ ਟੀਮ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪਰਿਵਾਰਿਕ ਮੈਂਬਰਾਂ ਦੇ ਅਧਾਰ ਤੇ ਮੁਲਜ਼ਮਾਂ ਖਿਲਾਫ਼ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।