ਗੁਰਦਾਸਪੁਰ ਦੀ ਪੁਲਿਸ ਚੌਂਕੀ ‘ਤੇ ਗ੍ਰੇਨੇਡ ਹਮਲਾ, ਧਮਾਕੇ ਪਿੱਛੇ KLF ਦੀ ਸਾਜ਼ਿਸ਼ !
ਪੰਜਾਬ ਪੁਲਿਸ 'ਤੇ ਲਗਾਤਾਰ ਹਮਲੇ ਕੀਤੇ ਜਾ ਰਿਹਾ ਹਨ। ਪੰਜਾਬ ਪੁਲਿਸ ਦੇ ਥਾਣੇ 'ਤੇ ਇਹ 7ਵਾਂ ਹਮਲਾ ਹੋਇਆ ਹੈ। ਦੇਸ਼ ਵਿਰੋਧੀ ਸੰਗਠਨ ਇਸ ਤਰ੍ਹਾਂ ਦੇ ਹਮਲੇ ਕਰ ਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਵਿਦੇਸ਼ਾਂ 'ਚ ਬੈਠੇ ਆਪਣੇ ਹੈਂਡਲਰਾਂ ਲਈ ਵੱਡੇ ਪੱਧਰ 'ਤੇ ਫੰਡਿੰਗ ਦੇ ਰਾਹ ਖੋਲ੍ਹ ਰਹੀਆਂ ਹਨ।
ਪੰਜਾਬ ਪੁਲਿਸ ਨੂੰ ਬੀਤੇ ਇੱਕ ਮਹੀਨੇ ਤੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਥਾਣੇ ਦੀ ਚੌਕੀ ਬਖਸ਼ੀਵਾਲ ‘ਚ ਗ੍ਰੇਨੇਡ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਲਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਆਟੋ ਨੂੰ ਵੀ ਕਬਜ਼ੇ ਵਿੱਚ ਲਿਆ ਹੈ। ਫੋਰੈਂਸਿਕ ਦੀਆਂ ਟੀਮ ਵੱਲੋਂ ਵੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਗ੍ਰੇਨੇਡ ਆਟੋ ਵਿੱਚ ਹੀ ਸੁੱਟਿਆ ਗਿਆ।
ਦੱਸ ਦਈਏ ਕਿ ਇਹ ਇੱਕ ਹਫਤੇ ਵਿੱਚ ਗੁਰਦਾਸਪੁਰ ਦੇ ਪੁਲਿਸ ਥਾਣੇ ‘ਤੇ ਦੂਜਾ ਹਮਲਾ ਹੈ। 13 ਦਸੰਬਰ ਨੂੰ ਬਟਾਲਾ ਥਾਣੇ ‘ਤੇ ਹੋਏ ਹਮਲੇ ਦੀ ਜ਼ਿਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਸੀ।
ਪੰਜਾਬ ਨੇ ਅੱਤਵਾਦ ਵਿਰੁੱਧ ਲੰਬੀ ਲੜਾਈ ਲੜੀ ਹੈ। ਪੰਜਾਬ ਇੱਕ ਸਰਹੱਦੀ ਸੂਬਾ ਹੈ। ਜਿਸ ਕਾਰਨ ਅੱਤਵਾਦ, ਨਸ਼ਾ ਤਸਕਰਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਰੋਕ ਲਈ ਪੰਜਾਬ ਪੁਲਿਸ ਹਮੇਸ਼ਾ ਅਲਰਟ ‘ਤੇ ਰਹਿੰਦੀ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੇ ਲਈ ਦੇਸ਼ ਵਿਰੋਧੀ ਸੰਗਠਨਾਂ ਵੱਲੋਂ ਇਸ ਤਰ੍ਹਾਂ ਦੇ ਹਮਲੇ ਕੀਤੇ ਜਾ ਰਹੇ ਹਨ।
ਪੰਜਾਬ ‘ਚ ਸਲੀਪਰ ਸੈੱਲ ਕੀਤੇ ਜਾ ਰਹੇ ਐਕਟਿਵੇਟ – ਸਾਬਕਾ DGP ਸ਼ਸ਼ੀਕਾਂਤ
ਪੰਜਾਬ ਕੇਡਰ ਦੇ 1977 ਬੈਚ ਦੇ ਸਾਬਕਾ ਆਈ.ਪੀ.ਐਸ ਅਤੇ ਪੰਜਾਬ ਦੇ ਸਾਬਕਾ ਡੀ.ਜੀ.ਪੀ ਸ਼ਸ਼ੀ ਕਾਂਤ ਦਾ ਕਹਿਣਾ ਹੈ ਕਿ ਪੁਲਿਸ ਥਾਣਿਆਂ ‘ਤੇ ਹੋਏ ਹੈਂਡ ਗ੍ਰਨੇਡ ਹਮਲਿਆਂ ‘ਚ ਦੇਖਿਆ ਗਿਆ ਹੈ ਕਿ ਇਨ੍ਹਾਂ ਧਮਾਕੇ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ | ਗ੍ਰਨੇਡ ਇਨ੍ਹਾਂ ਵਿਸਫੋਟਕਾਂ ਦੀ ਘਾਤਕਤਾ ਜ਼ਿਆਦਾ ਨਹੀਂ ਸੀ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਪੁਰਾਣੇ ਹੈਂਡ ਗ੍ਰੇਨੇਡ ਸਨ ਅਤੇ ਹੋ ਸਕਦਾ ਹੈ ਕਿ ਇਹ ਕਿਤੇ ਦੱਬੇ ਹੋਏ ਸਨ ਜਾਂ ਲੰਬੇ ਸਮੇਂ ਤੋਂ ਕਿਸੇ ਥਾਂ ‘ਤੇ ਪਏ ਸਨ, ਜਿਨ੍ਹਾਂ ਨੂੰ ਕੁਝ ਸਮੂਹ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਡਰ ਦਾ ਮਾਹੌਲ ਬਣਾਉਣ ਲਈ ਵਰਤਣਾ ਚਾਹੁੰਦੇ ਹਨ।
ਜਾਣੋ ਕਿਹੜੇ ਪੁਲਿਸ ਸਟੇਸ਼ਨਾਂ ‘ਤੇ ਹੋਏ ਹਮਲੇ
- 24 ਨਵੰਬਰ ਨੂੰ ਅਜਨਾਲਾ ਵਿਖੇ ਆਰ. ਡੀ. ਐਕਸ. ਲਗਾਇਆ ਗਿਆ।
- 27 ਨਵੰਬਰ ਨੂੰ ਗੁਰਬਖ਼ਸ ਨਗਰ, ਅੰਮ੍ਰਿਤਸਰ ਵਿਖੇ ਗ੍ਰੇਨੇਡ ਬਲਾਸਟ ਕੀਤਾ ਗਿਆ।
- 2 ਦਸੰਬਰ- ਸਾਹਿਬਜਾਦਾ ਭਗਤ ਸਿੰਘ ਨਗਰ ਦੇ ਪੁਲਿਸ ਸਟੇਸ਼ਨ ਕਾਠਗੜ੍ਹ ਵਿਖੇ ਗ੍ਰੇਨੇਡ ਬਲਾਸਟ ਹੋਇਆ।
- 4 ਦਸੰਬਰ ਨੂੰ ਮਜੀਠਾ ਪੁਲਿਸ ਸਟੇਸ਼ਨ, ਅੰਮ੍ਰਿਤਸਰ ਵਿਖੇ ਗ੍ਰੇਨੇਡ ਬਲਾਸਟ।
- 13 ਦਸੰਬਰ ਨੂੰ ਬਟਾਲਾ ਦੇ ਪੁਲਿਸ ਸਟੇਸ਼ਟ ਅਲੀਵਾਲ ਦੇ ਹੈਂਡ ਗ੍ਰੇਨੇਡ ਨਾਲ ਹਮਲਾ।
- 17 ਦਸੰਬਰ ਨੂੰ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਸਟੇਸ਼ਨ ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ।
- 19 ਦਸੰਬਰ ਨੂੰ ਗੁਰਦਾਸਪੁਰ ਦੇ ਕਲਾਨੌਰ ਥਾਣੇ ਦੀ ਚੌਕੀ ਬਖਸ਼ੀਵਾਲ ‘ਚ ਗ੍ਰੇਨੇਡ ਹਮਲਾ।