ਹੁਸ਼ਿਆਰਪੁਰ ਨੇੜੇ ਸਕੂਲ ਵੈਨ ਅਤੇ ਟਿੱਪਰ ਦੀ ਟਰੱਕ, ਕਈ ਬੱਚੇ ਜਖ਼ਮੀ, ਮੰਤਰੀ ਰਵਜੋਤ ਸਿੰਘ ਨੇ ਜਾਣਿਆ ਹਾਲ

Updated On: 

22 May 2026 17:27 PM IST

Hoshiarpur Shaam Chorasi School Van Accident: ਹਾਦਸਾ ਟਿੱਪਰ ਡਰਾਈਵਰ ਦੀ ਘੋਰ ਲਾਪਰਵਾਹੀ ਕਾਰਨ ਹੋਇਆ। ਟਿੱਪਰ ਗਲਤ ਦਿਸ਼ਾ ਤੋਂ ਆ ਰਿਹਾ ਸੀ ਅਤੇ ਮਾਸੂਮ ਬੱਚਿਆਂ ਨੂੰ ਲੈ ਜਾ ਰਹੀ ਵੈਨ ਨਾਲ ਟਕਰਾ ਗਿਆ। ਮੰਤਰੀ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਬੱਚਿਆਂ ਦੀਆਂ ਜਾਨਾਂ ਕੀਮਤੀ ਹਨ ਅਤੇ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਟਿੱਪਰ ਡਰਾਈਵਰਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।

ਹੁਸ਼ਿਆਰਪੁਰ ਨੇੜੇ ਸਕੂਲ ਵੈਨ ਅਤੇ ਟਿੱਪਰ ਦੀ ਟਰੱਕ, ਕਈ ਬੱਚੇ ਜਖ਼ਮੀ, ਮੰਤਰੀ ਰਵਜੋਤ ਸਿੰਘ ਨੇ ਜਾਣਿਆ ਹਾਲ

ਹੁਸ਼ਿਆਰਪੁਰ ਨੇੜੇ ਸਕੂਲ ਵੈਨ ਅਤੇ ਟਿੱਪਰ ਦੀ ਟਰੱਕ

ਹੁਸ਼ਿਆਰਪੁਰ ਦੇ ਸ਼ਾਮ ਚੌਰਾਸੀ ਨੇੜੇ ਉਲਟ ਦਿਸ਼ਾ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਿੱਪਰ ਟਰੱਕ ਨੇ ਮਾਸੂਮ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੋਣੋ ਟਲ ਗਿਆ। ਸਕੂਲ ਵੈਨ ਵਿੱਚ ਲਗਭਗ 10 ਬੱਚੇ ਸਵਾਰ ਸਨ। ਖੁਸ਼ਕਿਸਮਤੀ ਨਾਲ, ਸਾਰੇ ਬੱਚੇ ਸੁੱਰਖਿਅਤ ਹਨ। ਹਾਲਾਂਕਿ ਕੁਝ ਬੱਚਿਆਂ ਅਤੇ ਵੈਨ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਹਾਦਸੇ ਦੀ ਜਾਣਕਾਰੀ ਮਿਲਦੇ ਹੀ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਜ਼ਖਮੀ ਬੱਚਿਆਂ ਅਤੇ ਡਰਾਈਵਰ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪਹੁੰਚੇ। ਉਨ੍ਹਾਂ ਨੇ ਡਾਕਟਰਾਂ ਦੀ ਟੀਮ ਨਾਲ ਨਿੱਜੀ ਤੌਰ ‘ਤੇ ਗੱਲ ਕੀਤੀ ਅਤੇ ਬੱਚਿਆਂ ਨੂੰ ਦਿੱਤੇ ਜਾ ਰਹੇ ਇਲਾਜ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲ ਕਰਦਿਆਂ ਮੰਤਰੀ ਡਾ. ਰਵਜੋਤ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਸੀ, ਪਰ ਪਰਮਾਤਮਾ ਦੀ ਕਿਰਪਾ ਨਾਲ ਜਾਨ-ਮਾਲ ਦਾ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ। ਉਨ੍ਹਾਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਬੱਚਿਆਂ ਦੇ ਇਲਾਜ ਪ੍ਰਤੀ ਗੰਭੀਰ ਹੈ।

ਚਾਰ ਬੱਚਿਆਂ ਹੁਸ਼ਿਆਰਪੁਰ ਹਸਪਤਾਲ ਰੈਫਰ, ਹਾਲਤ ਸਥਿਰ

ਮੰਤਰੀ ਰਵਜੋਤ ਸਿੰਘ ਨੇ ਦੱਸਿਆ ਕਿ ਜਿਆਦਾਤਰ ਬੱਚੇ ਬਿਲਕੁੱਲ ਸੁਰੱਖਿਅਤ ਹਨ। ਚਾਰ ਬੱਚਿਆਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਲੈ ਕੇ ਆਏ ਹਾਂ। ਇਨ੍ਹਾਂ ਬੱਚਿਆਂ ਦੇ ਸਿਰ ਦਾ ਸਕੈਨ ਕਰਵਾ ਕੇ ਸ਼ੱਕ ਖਤਮ ਕੀਤਾ ਜਾਵੇਗਾ ਕਿ ਕਿਤੇ ਕੋਈ ਅੰਦਰੁਨੀ ਸੱਟ ਤਾਂ ਨਹੀਂ ਲੱਗੀ ਹੈ। ਉਸਤੋਂ ਬਾਅਦ ਅੱਜ ਸ਼ਾਮ ਜਾਂ ਕੱਲ੍ਹ ਸਵੇਰੇ ਇਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਉੱਧਰ, ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਵੀ ਸਾਰੇ ਬੱਚਿਆਂ ਦੀ ਹਾਲਤ ਸਥਿਰ ਦੱਸੀ ਹੈ। ਇਨ੍ਹਾਂ ਦਾ ਸਿਟੀ ਸਕੈਨ ਕਰਵਾਇਆ ਜਾ ਰਿਹਾ ਹੈ। ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਛੇਤੀ ਹੀ ਇਨ੍ਹਾਂ ਨੂੰ ਡਿਸਚਾਰਚ ਕਰ ਦਿੱਤਾ ਜਾਵੇਗਾ।

ਮੁਲਜ਼ਮ ਖਿਲਾਫ ਹੋਵੇਗੀ ਸਖ਼ਤ ਕਾਰਵਾਈ – ਮੰਤਰੀ ਰਵਜੋਤ ਸਿੰਘ

ਕੈਬਨਿਟ ਮੰਤਰੀ ਡਾ. ਰਵਜੋਤ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਸਕੂਲ ਵੈਨ ਡਰਾਈਵਰ ਵਿਚਕਾਰ ਹੋਈ ਗੱਲਬਾਤ ਅਨੁਸਾਰ, ਇਹ ਹਾਦਸਾ ਟਿੱਪਰ ਡਰਾਈਵਰ ਦੀ ਘੋਰ ਲਾਪਰਵਾਹੀ ਕਾਰਨ ਹੋਇਆ। ਟਿੱਪਰ ਗਲਤ ਦਿਸ਼ਾ ਤੋਂ ਆ ਰਿਹਾ ਸੀ ਅਤੇ ਮਾਸੂਮ ਬੱਚਿਆਂ ਨੂੰ ਲੈ ਜਾ ਰਹੀ ਵੈਨ ਨਾਲ ਟਕਰਾ ਗਿਆ। ਮੰਤਰੀ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਬੱਚਿਆਂ ਦੀਆਂ ਜਾਨਾਂ ਕੀਮਤੀ ਹਨ ਅਤੇ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਟਿੱਪਰ ਡਰਾਈਵਰਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।

ਡੁੰਘਾਈ ਨਾਲ ਹੋ ਰਹੀ ਮਾਮਲੇ ਦੀ ਜਾਂਚ

ਉੱਧਰ, ਪੁਲਿਸ ਇਸ ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਫਰਾਰ ਡਰਾਈਵਰ ਨੂੰ ਛੇਤੀ ਹੀ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲੋਕ ਦੱਸ ਰਹੇ ਹਨ ਕਿ ਟਿੱਪਰ ਓਵਰਲੋਡ ਸੀ। ਲੱਗ ਰਿਹਾ ਸੀ ਡਰਾਈਵਰ ਨੂੰ ਉਸਨੂੰ ਕੰਟਰੋਲ ਕਰਨਾ ਔਖਾ ਹੋ ਰਿਹਾ ਸੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਟਿੱਪਰਾਂ ਖਿਲਾਫ ਵੀ ਸਖਤ ਐਕਸ਼ਨ ਲਿਆ ਜਾਵੇਗਾ ਤਾਂ ਜੋਂ ਭਵਿੱਖ ਵਿੱਚ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬੱਚਿਆ ਜਾ ਸਕੇ।

Follow Us