ਅਸਾਮ ਜੇਲ੍ਹ ‘ਚ ਸ਼ਿਫਟ ਗੈਂਗਸਟਰ ਜੱਗੂ ਭਗਵਾਨਪੁਰੀਆ, ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਹੈ ਸ਼ਾਮਲ
ਭਗਵਾਨਪੁਰੀਆ ਨੂੰ ਐਤਵਾਰ (23 ਮਾਰਚ) ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਪੰਜਾਬ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। ਭਗਵਾਨਪੁਰੀਆ ਵਿਰੁੱਧ 128 ਅਪਰਾਧਿਕ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ।
ਗੈਂਗਸਟਰ ਜੱਗੂ ਭਗਵਾਨਪੁਰੀਆ
Jaggu Bhagwanpuria: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮ ਤੇ ਬਦਨਾਮ ਗੈਂਗਸਟਰ, ਡਰੱਗ ਮਾਫੀਆ ਜੱਗੂ ਭਗਵਾਨਪੁਰੀਆ ਨੂੰ ਐਤਵਾਰ (23 ਮਾਰਚ) ਨੂੰ ਨਾਰਕੋਟਿਕਸ ਕੰਟਰੋਲ ਐਕਟ ਤਹਿਤ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਬਾਅਦ ਉਸ ਦਾ ਪੰਜਾਬ ਤੋਂ ਟਰਾਂਸਫਰ ਕਰ ਦਿੱਤਾ ਗਿਆ ਹੈ। ਐਨਸੀਬੀ ਦੇ ਅਨੁਸਾਰ, ਗੈਂਗਸਟਰ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਪੀਆਈਟੀ-ਐਨਡੀਪੀਐਸ) ਐਕਟ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ। ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਬੰਦ ਭਗਵਾਨਪੁਰੀਆ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਪੰਜਾਬ ਪੁਲਿਸ ਦੀ ਮਦਦ ਨਾਲ ਅਸਾਮ ਦੀ ਸਿਲਚਰ ਕੇਂਦਰੀ ਜੇਲ੍ਹ ਲਿਜਾਇਆ ਗਿਆ।
ਇਸ ਤੋਂ ਪਹਿਲਾਂ 5 ਵੱਡੇ ਨਸ਼ਾ ਤਸਕਰਾਂ ਨੂੰ ਅਸਾਮ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਮ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਸੀ। ਸਖ਼ਤ ਸੁਰੱਖਿਆ ਵਿਚਕਾਰ, ਉਸਨੂੰ ਬਠਿੰਡਾ ਤੋਂ ਸੜਕ ਰਾਹੀਂ ਚੰਡੀਗੜ੍ਹ ਲਿਆਂਦਾ ਗਿਆ ਅਤੇ ਇੱਥੋਂ ਉਸਨੂੰ ਹਵਾਈ ਰਸਤੇ ਅਸਾਮ ਜੇਲ੍ਹ ਭੇਜ ਦਿੱਤਾ ਗਿਆ। ਐਨਸੀਬੀ ਦਾ ਕਹਿਣਾ ਹੈ ਕਿ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਵਿਰੁੱਧ 128 ਅਪਰਾਧਿਕ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ।
128 ਅਪਰਾਧਿਕ ਮਾਮਲਿਆਂ ‘ਚ ਸ਼ਾਮਲ
ਐਨਸੀਬੀ ਦੇ ਬਿਆਨ ਅਨੁਸਾਰ, ਜੱਗੂ ਭਗਵਾਨਪੁਰੀਆ 2012 ਤੋਂ ਲੈ ਕੇ ਹੁਣ ਤੱਕ 128 ਮਾਮਲਿਆਂ ਵਿੱਚ ਸ਼ਾਮਲ ਹੈ। ਇਨ੍ਹਾਂ ਵਿੱਚ ਹਾਈ-ਪ੍ਰੋਫਾਈਲ ਕਤਲ ਦੇ ਮਾਮਲੇ, ਜਬਰੀ ਵਸੂਲੀ, ਅਸਲਾ ਐਕਟ ਤੇ ਐਨਡੀਪੀਐਸ ਐਕਟ ਅਧੀਨ 12 ਮਾਮਲੇ ਸ਼ਾਮਲ ਹਨ। ਭਗਵਾਨਪੁਰੀਆ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਵੀ ਇੱਕ ਮੁਲਜ਼ਮ ਹੈ। ਉਸ ਦੇ ਅਪਰਾਧਿਕ ਨੈੱਟਵਰਕ ਨੇ ਹੈਰੋਇਨ, ਅਫੀਮ, ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਮਦਦ ਕੀਤੀ।
ਜੇਲ੍ਹ ਤੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ
ਇਸ ਦੇ ਨਾਲ ਹੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਗਵਾਨਪੁਰੀਆ ਨੇ ਪੰਜਾਬ ਦੀਆਂ ਉੱਚ ਸੁਰੱਖਿਆ ਵਾਲੀਆਂ ਜੇਲ੍ਹਾਂ ਦੇ ਅੰਦਰੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਾਰ-ਵਾਰ ਮੋਬਾਈਲ ਫੋਨ ਦੀ ਵਰਤੋਂ ਕੀਤੀ ਹੈ। ਐਨਸੀਬੀ ਨੇ ਕਿਹਾ ਕਿ ਭਗਵਾਨਪੁਰੀਆ ਨੂੰ ਹਿਰਾਸਤ ਵਿੱਚ ਲੈ ਕੇ ਪੰਜਾਬ ਤੋਂ ਬਾਹਰ ਲਿਜਾਇਆ ਗਿਆ ਕਿਉਂਕਿ ਉਸ ਨੇ ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ਵਿੱਚ ਅੰਤਰਰਾਸ਼ਟਰੀ ਸੰਚਾਲਕਾਂ ਨਾਲ ਸਬੰਧ ਸਥਾਪਿਤ ਕੀਤੇ ਸਨ। ਅਜਿਹੀ ਸਥਿਤੀ ਵਿੱਚ, ਉਸ ਨੂੰ ਅਨੁਕੂਲ ਮਾਹੌਲ ਤੋਂ ਦੂਰ ਰੱਖਣ ਲਈ ਉਸ ਨੂੰ ਕਿਸੇ ਹੋਰ ਜਗ੍ਹਾ ਲੈ ਜਾਣਾ ਜ਼ਰੂਰੀ ਸੀ।
ਇਨ੍ਹਾਂ ਅਪਰਾਧੀਆਂ ਨੂੰ ਪਹਿਲਾਂ ਵੀ ਸ਼ਿਫਟ ਕੀਤਾ ਜਾ ਚੁੱਕਾ
ਇਸ ਤੋਂ ਇਲਾਵਾ, ਪਿਛਲੇ ਛੇ ਮਹੀਨਿਆਂ ਵਿੱਚ ਬਲਵਿੰਦਰ ਸਿੰਘ ਉਰਫ਼ ਬਿੱਲਾ ਹਵੇਲੀਅਨ, ਅਕਸ਼ੈ ਛਾਬੜਾ ਅਤੇ ਜਸਪਾਲ ਸਿੰਘ ਉਰਫ਼ ਗੋਲਡੀ ਵਰਗੇ ਅਪਰਾਧੀਆਂ ਨੂੰ ਵੀ ਪੰਜਾਬ ਦੀਆਂ ਜੇਲ੍ਹਾਂ ਤੋਂ ਅਸਾਮ ਦੇ ਡਿਬਰੂਗੜ੍ਹ ਸਥਿਤ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ।