ਫਿਰੋਜ਼ਪੁਰ ਵਿੱਚ ਸੈਲੂਨ ਮਾਲਕ ਨੇ ਦੋ ਧੀਆਂ ਅਤੇ ਪਤਨੀ ਨੂੰ ਮਾਰੀ ਗੋਲੀ, ਫਿਰ ਲੈ ਲਈ ਆਪਣੀ ਜਾਨ
Ferozepur Salon Owner Family Suicide: ਫਿਰੋਜ਼ਪੁਰ ਵਿੱਚ ਇੱਕ ਸੈਲੂਨ ਮਾਲਕ ਨੇ ਆਪਣੀਆਂ ਦੋ ਧੀਆਂ ਅਤੇ ਪਤਨੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਫਿਰ ਆਪ ਵੀ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਅਮਨਦੀਪ ਨੇ ਗੋਲੀ ਮਾਰੀ ਹੈ ਜਾਂ ਕਿਸੇ ਹੋਰ ਨੇ ਇਹ ਅਪਰਾਧ ਕੀਤਾ ਹੈ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਫਿਰੋਜ਼ਪੁਰ ਤੋਂ ਆਈ ਦੁਖਦਾਈ ਖ਼ਬਰ
ਫਿਰੋਜ਼ਪੁਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਮਸ਼ਹੂਰ ਸੈਲੂਨ ਮਾਲਕ ਅਮਨਦੀਪ ਸਿੰਘ ਨੇ ਆਪਣੇ ਪੂਰੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ। ਫਿਰ ਉਸਨੇ ਖੁਦਕੁਸ਼ੀ ਕਰ ਲਈ। ਅਮਨਦੀਪ ਸੈਲੂਨ ਦੇ ਨਾਲ-ਨਾਲ ਫਾਈਨੈਂਸ ਦਾ ਵੀ ਕੰਮ ਕਰਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਜਦੋਂ ਸਵੇਰੇ ਨੌਕਰਾਣੀ ਘਰ ਆਈ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਸਨੇ ਉੱਪਰ ਰਹਿਣ ਵਾਲੇ ਕਿਰਾਏਦਾਰਾਂ ਨੂੰ ਦੱਸਿਆ ਅਤੇ ਫੇਰ ਕਿਰਾਏਦਾਰਾਂ ਗੁਆਂਢੀਆਂ ਨੂੰ ਜਾਣਕਾਰੀ ਦਿੱਤੀ, ਜਿਸਤੋਂ ਬਾਅਦ ਅਮਨਦੀਪ ਦੇ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ। ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਚਾਰ ਲੋਕਾਂ ਦੀਆਂ ਲਾਸ਼ਾਂ ਪਈਆਂ ਸਨ। ਅੰਦਰ ਦਾ ਦ੍ਰਿਸ਼ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪਹਿਲੀ ਪਰਿਵਾਰ ਨੂੰ ਮਾਰੀ ਗੋਲੀ, ਫੇਰ ਲੈ ਲਈ ਆਪਣੀ ਜਾਨ
ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਵੀਰਵਾਰ ਸਵੇਰੇ ਹਰਮਨ ਨਗਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀਆਂ ਦੋ ਜਵਾਨ ਧੀਆਂ ਅਤੇ ਪਤਨੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਵਿੱਚ ਅਮਨਦੀਪ ਸਿੰਘ, ਉਸਦੀ ਪਤਨੀ ਜਸਵੀਰ ਕੌਰ ਅਤੇ 6 ਅਤੇ 10 ਸਾਲ ਦੀਆਂ ਦੋ ਧੀਆਂ, ਮਨਵੀਰ ਅਤੇ ਪ੍ਰਨੀਤ ਕੌਰ ਸ਼ਾਮਲ ਸਨ।
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ
ਐਸਐਸਪੀ ਨੇ ਦੱਸਿਆ ਕਿ ਅਮਨਦੀਪ ਦੇ ਘਰ ਦਾ ਦਰਵਾਜ਼ਾ ਬੰਦ ਸੀ। ਉਨ੍ਹਾਂ ਦੇ ਗੁਆਂਢੀ ਕਰਨ ਨੇ ਦੇਖਿਆ ਕਿ ਉਹ ਉਸ ਸਵੇਰੇ ਕੰਮ ਲਈ ਘਰੋਂ ਨਹੀਂ ਨਿਕਲੇ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅੰਦਰੋਂ ਬੰਦ ਸੀ। ਜ਼ਬਰਦਸਤੀ ਦਰਵਾਜ਼ਾ ਖੋਲ੍ਹਣ ਤੋਂ ਬਾਅਦ, ਉਨ੍ਹਾਂ ਨੇ ਅੰਦਰ ਗਏ ਤਾਂ ਅੰਦਰ ਚਾਰਾਂ ਦੀਆਂ ਲਾਸ਼ਾਂ ਪਈਆਂ ਸਨ। ਸਾਰਿਆਂ ਨੂੰ ਗੋਲੀ ਮਾਰੀ ਗਈ ਸੀ। ਅਮਨਦੀਪ ਦੀ ਲਾਸ਼ ਕੋਲ ਪਿਸਤੌਲ ਪਈ ਸੀ।
ਐਸਐਸਪੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਗੋਲੀ ਅਮਨਦੀਪ ਨੇ ਮਾਰੀ ਹੈ ਜਾਂ ਕਿਸੇ ਹੋਰ ਨੇ ਇਹ ਅਪਰਾਧ ਕੀਤਾ ਹੈ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
