ਅੰਮ੍ਰਿਤਸਰ ‘ਚ ਪੁਲਿਸ ਅਤੇ ਤਸਕਰਾਂ ਵਿਚਾਲੇ ਮੁੱਠਭੇੜ, 2 ਤਸਕਰ ਜ਼ਖ਼ਮੀ, ਹਥਿਆਰ ਅਤੇ ਨਸ਼ਾ ਬਰਾਮਦ
Amritsar Encounter: ਅੰਮ੍ਰਿਤਸਰ ਵਿੱਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਹੋਈ ਗੋਲੀਬਾਰੀ ਵਿੱਚ ਦੋ ਤਸਕਰ ਜ਼ਖਮੀ ਹੋਏ ਹਨ। ਡੀਐਸਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਤਸਕਰਾਂ ਕੋਲੋਂ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈ। ਜੋ ਕਿ ਰੂਪਨਗਰ ਤੋਂ ਰਜਿਸਟਰਡ ਹੈ। ਇਸ ਤੋਂ ਇਲਾਵਾ ਇੱਕ ਪਿਸਤੌਲ ਵੀ ਬਰਾਮਦ ਹੋਈ ਹੈ, ਜਿਸ ਤੋਂ ਮੁਲਜ਼ਮਾਂ ਨੇ ਪੁਲਿਸ 'ਤੇ ਫਾਇਰਿੰਗ ਕੀਤੀ ਸੀ। ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਜਾਰੀ ਹੈ।
ਪੰਜਾਬ ਦੇ ਅੰਮ੍ਰਿਤਸਰ ‘ਚ ਪੁਲਿਸ ਅਤੇ ਤਸਕਰਾਂ ਵਿਚਾਲੇ ਮੁੱਠਭੇੜ (Encounter) ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮੁਕਾਬਲਾ ਅੰਮ੍ਰਿਤਸਰ-ਜਲੰਧਰ ਰੋਡ ‘ਤੇ ਸਥਿਤ ਖਿਲਚੀਆਂ ‘ਚ ਹੋਇਆ। ਸੂਚਨਾ ਅਨੁਸਾਰ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਤਾਂ ਮੁਲਜ਼ਮਾਂ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ। ਫਿਲਹਾਲ ਤਸਕਰਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖਿਲਚੀਆਂ ਅਧੀਨ ਪੈਂਦੇ ਚੰਦੀ ਪੈਲੇਸ ਨੇੜੇ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ ਹੋਇਆ। ਮੁਲਜ਼ਮ ਚੰਦੀ ਪੈਲੇਸ ਨੇੜੇ ਸਵਿਫਟ ਕਾਰ ਵਿੱਚ ਕਿਸੇ ਦਾ ਇੰਤਜ਼ਾਰ ਕਰ ਰਹੇ ਸਨ। ਜਾਣਕਾਰੀ ਮੁਤਾਬਕ ਪੁਲਿਸ ਨੇ ਕਾਰ ਨੂੰ ਘੇਰ ਲਿਆ ਪਰ ਮੁਲਜ਼ਮਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਿਸ ਨੇ ਜਵਾਬ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀ ਇੱਕ ਤਸਕਰ ਦੇ ਮੋਢੇ ਅਤੇ ਦੂਜੇ ਦੀ ਛਾਤੀ ਵਿੱਚ ਲੱਗੀ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਤਸਕਰਾਂ ਨੂੰ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ।
ਰੂਪਨਗਰ ਦੇ ਰਹਿਣ ਵਾਲੇ ਹਨ ਦੋਵੇਂ ਤਸਕਰ
ਤਸਕਰਾਂ ਦੀ ਪਛਾਣ ਸੁਖਜਿੰਦਰ ਸਿੰਘ ਵਾਸੀ ਸਮਾਣਾ ਕਲਾਂ ਥਾਣਾ ਮੋਰਿੰਡਾ ਰੂਪ ਨਗਰ ਅਤੇ ਅਕਾਸ਼ਦੀਪ ਸਿੰਘ ਵਾਸੀ ਈਦ ਮੋਰਿੰਡਾ, ਰੂਪ ਨਗਰ ਵਜੋਂ ਹੋਈ ਹੈ। ਦੋਵਾਂ ਤਸਕਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਵੇਂ ਪੁਲਸ ਹਿਰਾਸਤ ‘ਚ ਅਮਨਦੀਪ ਹਸਪਤਾਲ ‘ਚ ਜ਼ੇਰੇ ਇਲਾਜ ਹਨ।