ਜਲੰਧਰ ਦੇ ‘ਆਪ’ ਆਗੂ ਦੀ ਕਪੂਰਥਲਾ ‘ਚ ਮੌਤ, ਵਿਆਹ ‘ਚ ਸ਼ਾਮਲ ਹੋਣ ਲਈ ਨਿਕਲੇ ਸਨ ਘਰੋਂ; ਭੁਲੱਥ ‘ਚ ਕਾਰ ‘ਚੋਂ ਮਿਲੀ ਲਾਸ਼

Updated On: 

03 Dec 2023 12:15 PM

Aap Leader Death: ਨਕੋਦਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਸੁਖਬੀਰ ਸਿੰਘ ਦੀ ਲਾਸ਼ ਕਾਰ ਚੋਂ ਮਿਲੀ ਹੈ। ਪੁਲਿਸ ਵੱਲੋਂ ਉਨ੍ਹਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਗੱਲ ਕਹੀ ਗਈ ਹੈ। ਫਿਲਹਾਲ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਪੋਸਟਮਾਰਟਮ ਰਿਪੋਰਟ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਜੋ ਮੌਤ ਦੀ ਅਸਲ ਵਜ੍ਹਾ ਸਾਹਮਣੇ ਆ ਸਕੇ।

ਜਲੰਧਰ ਦੇ ਆਪ ਆਗੂ ਦੀ ਕਪੂਰਥਲਾ ਚ ਮੌਤ, ਵਿਆਹ ਚ ਸ਼ਾਮਲ ਹੋਣ ਲਈ ਨਿਕਲੇ ਸਨ ਘਰੋਂ; ਭੁਲੱਥ ਚ ਕਾਰ ਚੋਂ ਮਿਲੀ ਲਾਸ਼
Follow Us On

ਪੰਜਾਬ ਦੇ ਜਲੰਧਰ ਦੇ ਨਕੋਦਰ ਹਲਕੇ ਤੋਂ ਆਮ ਆਦਮੀ ਪਾਰਟੀ (Aap) ਦੇ ਇੱਕ ਸਰਗਰਮ ਆਗੂ ਦੀ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਕੱਲ੍ਹ ਪਿੰਡ ਡੱਲਾ, ਸੁਲਤਾਨਪੁਰ ਲੋਧੀ, ਕਪੂਰਥਲਾ ਵਿਖੇ ਕਿਸੇ ਜਾਣਕਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਘਰੋਂ ਨਿਕਲੇ ਸਨ। ਪਰ ਸੁਖਬੀਰ ਦੀ ਲਾਸ਼ ਕਪੂਰਥਲਾ ਦੇ ਭੁਲੱਥ ਨੇੜੇ ਉਨ੍ਹਾਂ ਦੀ ਕਾਰ ਵਿੱਚੋਂ ਮਿਲੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭੁਲੱਥ ਦੀ ਪੁਲਿਸ ਜਾਂਚ ਲਈ ਉਥੇ ਪਹੁੰਚ ਗਈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਰਾਤ 11.30 ਵਜੇ ਰਾਹਗੀਰਾਂ ਨੇ ਦੇਖੀ ਲਾਸ਼

ਥਾਣਾ ਭੁਲੱਥ ਦੇ ਐਸਐਚਓ ਸਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11.30 ਵਜੇ ਕਿਸੇ ਰਾਹਗੀਰ ਨੇ ਦੇਖਿਆ ਕਿ ਸੁਖਬੀਰ ਸਿੰਘ ਦੀ ਕਾਰ ਸੜਕ ਤੋਂ ਹੇਠਾਂ ਜਾ ਚੁੱਕੀ ਸੀ। ਨੇੜੇ ਜਾ ਕੇ ਦੇਖਿਆ ਕਿ ਕਾਰ ਖੇਤਾਂ ਵੱਲ ਜਾਂਦੀ ਕੱਚੀ ਸੜਕ ‘ਤੇ ਖੜ੍ਹੀ ਸੀ ਅਤੇ ਕਾਰ ‘ਚ ਇਕ ਬੇਹੋਸ਼ ਵਿਅਕਤੀ ਬੈਠਾ ਸੀ | ਜਿਸ ਤੋਂ ਬਾਅਦ ਰਾਹਗੀਰਾਂ ਵੱਲੋਂ ਸੁਖਬੀਰ ਦੇ ਫੋਨ ਦੀ ਤਲਾਸ਼ੀ ਲਈ ਗਈ ਅਤੇ ਉਸ ਦੇ ਘਰ ਫੋਨ ਕੀਤਾ ਗਿਆ।

ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਨੂੰ ਦਿੱਤੀ ਸੂਚਨਾ

ਥਾਣਾ ਭੁਲੱਥ ਦੇ ਐਸਐਚਓ ਸਰਜਿੰਦਰ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਨੇ ਸੁਖਬੀਰ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਕਿਉਂਕਿ ਡਾਕਟਰ ਵੀ ਅਜੇ ਤੱਕ ਆਗੂ ਦੀ ਮੌਤ ਦਾ ਕਾਰਨ ਨਹੀਂ ਲੱਭ ਸਕੇ ਹਨ।

ਐਸਐਚਓ ਸਰਜਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਦੇ ਸਰੀਰ ‘ਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਹੈ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਆਵੇਗਾ। ਫਿਲਹਾਲ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਸੀਆਰਪੀਸੀ 174 ਤਹਿਤ ਕਾਰਵਾਈ ਕੀਤੀ ਹੈ।