ਗ੍ਰਿਡ ਦੀ ਨਾਕਾਮੀ ਜਾਂ ਸਟੋਰੇਜ ਦੀ ਕਮੀ ਦੇਸ਼ ‘ਚ ਵੱਡੇ ਪੱਧਰ ‘ਤੇ ਸੌਰ ਊਰਜਾ ਕਿਉਂ ਹੋ ਰਹੀ ਬਰਬਾਦ?
Solar Power: ਦੇਸ਼ ਵਿੱਚ ਬਿਜਲੀ ਦੀ ਭਾਰੀ ਮੰਗ ਹੈ, ਪਰ ਗ੍ਰਿਡ ਅਤੇ ਸਟੋਰੇਜ ਸਮਰੱਥਾ ਦੀ ਕਮੀ ਕਾਰਨ ਪਿਛਲੇ 15 ਮਹੀਨਿਆਂ ਵਿੱਚ 11 ਟੈਰਾਵਾਟ-ਘੰਟੇ ਸੌਰ ਊਰਜਾ ਬਰਬਾਦ ਹੋ ਗਈ। ਇਹ ਊਰਜਾ 1 ਕਰੋੜ ਘਰਾਂ ਨੂੰ ਰੌਸ਼ਨ ਕਰਨ ਲਈ ਕਾਫ਼ੀ ਸੀ।
ਸੌਰ ਊਰਜਾ ਕਿਉਂ ਹੋ ਰਹੀ ਬਰਬਾਦ?
ਗਰਮੀ ਦੇ ਸਿਖਰ ਦੌਰਾਨ ਜਦੋਂ ਭਾਰਤ ਵਿੱਚ ਬਿਜਲੀ ਦੀ ਮੰਗ ਅਸਮਾਨ ਛੂਹ ਰਹੀ ਸੀ, ਉਸ ਵੇਲੇ ਰਾਤ ਨੂੰ ਏਸੀ ਜ਼ਿਆਦਾ ਚੱਲਣ ਕਾਰਨ ਸਪਲਾਈ ਵਿੱਚ ਕਾਫ਼ੀ ਦਿੱਕਤਾਂ ਆਈਆਂ। ਇੱਕ ਪਾਸੇ ਬਿਜਲੀ ਦੀ ਭਾਰੀ ਮੰਗ ਸੀ, ਉੱਥੇ ਹੀ ਦੂਜੇ ਪਾਸੇ ਰਿਨਿਊਏਬਲ ਐਨਰਜੀ ਕੰਪਨੀਆਂ ਨੂੰ ਆਪਣਾ ਉਤਪਾਦਨ ਘਟਾਉਣ ਲਈ ਕਿਹਾ ਜਾ ਰਿਹਾ ਸੀ। ਇਸ ਦੀ ਵਜ੍ਹਾ ਇਹ ਸੀ ਕਿ ਦੇਸ਼ ਕੋਲ ਗ੍ਰਿਡ ਦੀ ਸਮਰੱਥਾ ਨਾਲੋਂ ਕਿਤੇ ਜ਼ਿਆਦਾ ਕਲੀਨ ਐਨਰਜੀ ਮੌਜੂਦ ਸੀ, ਜਿਸ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਣਾ ਮੁਸ਼ਕਲ ਹੋ ਰਿਹਾ ਸੀ।
ਊਰਜਾ ਥਿੰਕ ਟੈਂਕ ਐਂਬਰ (Ember) ਦੀ ਰਿਸਰਚ ਮੁਤਾਬਕ ਪਿਛਲੇ 15 ਮਹੀਨਿਆਂ ਵਿੱਚ ਭਾਰਤ ਨੇ ਲਗਭਗ 11 ਟੈਰਾਵਾਟ-ਘੰਟੇ ਸੌਰ ਊਰਜਾ ਦੀ ਵਰਤੋਂ ਹੀ ਨਹੀਂ ਕੀਤੀ। ਇਹ ਇੰਨੀ ਬਿਜਲੀ ਹੈ, ਜਿਸ ਨਾਲ ਕਰੀਬ 1 ਕਰੋੜ ਘਰਾਂ ਨੂੰ ਰੌਸ਼ਨ ਕੀਤਾ ਜਾ ਸਕਦਾ ਹੈ। ਭਿਆਨਕ ਗਰਮੀ ਦੌਰਾਨ ਜਦੋਂ ਕੂਲਿੰਗ ਦੇ ਨਾਲ-ਨਾਲ ਖੇਤੀਬਾੜੀ ਵਿੱਚ ਪੰਪ ਚਲਾਉਣ ਲਈ ਬਿਜਲੀ ਦੀ ਲੋੜ ਸਭ ਤੋਂ ਵੱਧ ਸੀ, ਉਦੋਂ ਵੀ ਇਹ ਸੌਰ ਊਰਜਾ ਬੇਕਾਰ ਚਲੀ ਗਈ। ਭਾਰਤ ਤੇਜ਼ੀ ਨਾਲ ਆਪਣੀ ਸੌਰ ਊਰਜਾ ਸਮਰੱਥਾ ਵਧਾ ਰਿਹਾ ਹੈ, ਪਰ ਟ੍ਰਾਂਸਮਿਸ਼ਨ ਢਾਂਚੇ ਅਤੇ ਸਟੋਰੇਜ ਦੀ ਕਮੀ ਕਾਰਨ ਇਸ ਪੂਰੀ ਕਲੀਨ ਪਾਵਰ ਦੀ ਵਰਤੋਂ ਨਹੀਂ ਹੋ ਪਾ ਰਹੀ।
ਕਲੀਨ ਪਾਵਰ ਦੇ ਉਤਪਾਦਨ ਵਿੱਚ ਆ ਰਹੀਆਂ ਵੱਡੀਆਂ ਰੁਕਾਵਟਾਂ
ਭਾਰਤ ਕੋਲ 300 ਗੀਗਾਵਾਟ ਤੋਂ ਵੱਧ ਕਲੀਨ ਪਾਵਰ ਸਮਰੱਥਾ ਹੈ। ਇਹ ਦੇਸ਼ ਦੀ ਕੁੱਲ ਬਿਜਲੀ ਸਮਰੱਥਾ ਦੇ ਅੱਧ ਤੋਂ ਵੀ ਜ਼ਿਆਦਾ ਹੈ। ਇਸ ਦੇ ਬਾਵਜੂਦ ਦੇਸ਼ ਦੀ ਜ਼ਿਆਦਾਤਰ ਬਿਜਲੀ ਅੱਜ ਵੀ ਕੋਲੇ ਤੋਂ ਹੀ ਪੈਦਾ ਹੋ ਰਹੀ ਹੈ। ਮਾਹਿਰ ਇਸ ਦੇ ਪਿੱਛੇ ਕਰਟੇਲਮੈਂਟ (ਕਟੌਤੀ) ਨੂੰ ਸਭ ਤੋਂ ਵੱਡੀ ਵਜ੍ਹਾ ਮੰਨਦੇ ਹਨ। ਜਦੋਂ ਕੋਈ ਵਿੰਡ ਜਾਂ ਸੌਰ ਪਲਾਂਟ ਬਿਜਲੀ ਪੈਦਾ ਕਰ ਸਕਦਾ ਹੈ, ਪਰ ਗ੍ਰਿਡ ਉਸ ਨੂੰ ਲੈਣ ਦੇ ਸਮਰੱਥ ਨਹੀਂ ਹੁੰਦਾ, ਤਾਂ ਉਤਪਾਦਨ ਰੋਕਣਾ ਪੈਂਦਾ ਹੈ। ਐਂਬਰ ਦੇ ਵਿਸ਼ਲੇਸ਼ਕ ਨੇਸ਼ਵਿਨ ਰੌਡ੍ਰਿਕਸ ਮੁਤਾਬਕ, ਦੁਪਹਿਰ ਵੇਲੇ ਜਦੋਂ ਸੌਰ ਊਰਜਾ ਦਾ ਉਤਪਾਦਨ ਵਧਦਾ ਹੈ ਤਾਂ ਕੋਲਾ ਆਧਾਰਿਤ ਯੂਨਿਟਾਂ ਲਈ ਆਪਣਾ ਉਤਪਾਦਨ ਘਟਾਉਣਾ ਕਾਫ਼ੀ ਮੁਸ਼ਕਲ ਹੁੰਦਾ ਹੈ। ਥਰਮਲ ਪਾਵਰ ਪਲਾਂਟਾਂ ਨੂੰ ਰਿਨਿਊਏਬਲ ਐਨਰਜੀ ਦੇ ਹਿਸਾਬ ਨਾਲ ਐਡਜਸਟ ਕਰਨਾ ਹਾਥੀ ਨੂੰ ਨਚਾਉਣ ਜਿੰਨਾ ਮੁਸ਼ਕਲ ਕੰਮ ਹੈ।
ਕੰਪਨੀਆਂ ਦਾ ਨੁਕਸਾਨ, ਵਧਦਾ ਕਾਰਬਨ ਐਮਿਸ਼ਨ
ਵਾਈਬ੍ਰੈਂਟ ਐਨਰਜੀ ਦੇ CEO ਵਿਨੈ ਪੱਬਾ ਦੱਸਦੇ ਹਨ ਕਿ ਉਤਪਾਦਨ ਰੋਕਣ ਨਾਲ ਕੰਪਨੀਆਂ ਨੂੰ ਸਿੱਧਾ ਨੁਕਸਾਨ ਹੁੰਦਾ ਹੈ। ਉਨ੍ਹਾਂ ਨੂੰ ਸਿਰਫ਼ ਉਸੇ ਬਿਜਲੀ ਦੀ ਕੀਮਤ ਮਿਲਦੀ ਹੈ, ਜੋ ਗ੍ਰਿਡ ਤੱਕ ਪਹੁੰਚਦੀ ਹੈ। ਪੱਛਮੀ ਭਾਰਤ ਵਿੱਚ ਰਿਨਿਊਏਬਲ ਪਾਵਰ ਦਾ ਬਹੁਤ ਜ਼ਿਆਦਾ ਉਤਪਾਦਨ ਹੁੰਦਾ ਹੈ। ਗੁਜਰਾਤ ਅਤੇ ਰਾਜਸਥਾਨ ਵਰਗੇ ਸੂਬੇ ਦੇਸ਼ ਦੀ ਲਗਭਗ 50 ਫੀਸਦੀ ਸੌਰ ਊਰਜਾ ਪੈਦਾ ਕਰਦੇ ਹਨ। ਜਦੋਂ ਦੁਪਹਿਰ ਵੇਲੇ ਸੌਰ ਊਰਜਾ ਪੀਕ ‘ਤੇ ਹੁੰਦੀ ਹੈ ਤਾਂ ਇਸ ਦੀ ਸਪਲਾਈ ਲਈ ਟ੍ਰਾਂਸਮਿਸ਼ਨ ਲਾਈਨਾਂ ਘੱਟ ਪੈ ਜਾਂਦੀਆਂ ਹਨ। ਜੇਕਰ ਸਟੋਰੇਜ ਦੀ ਸਹੂਲਤ ਤੇਜ਼ੀ ਨਾਲ ਨਹੀਂ ਵਧਾਈ ਗਈ ਤਾਂ ਸਸਤੀ ਰਿਨਿਊਏਬਲ ਪਾਵਰ ਹੋਣ ਦੇ ਬਾਵਜੂਦ ਕੋਲਾ ਪਲਾਂਟਾਂ ਦੀ ਵਰਤੋਂ ਲਗਾਤਾਰ ਕਰਨੀ ਪਵੇਗੀ।
ਬੈਟਰੀ ਸਟੋਰੇਜ ਹੀ ਹੈ ਅਸਲ ਰਾਹ
ਸਟੋਰੇਜ ਤੋਂ ਬਿਨਾਂ ਸੌਰ ਊਰਜਾ ਦੀ ਸਹੀ ਵਰਤੋਂ ਕਰਨਾ ਮੁਸ਼ਕਲ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੀ ਇੱਕ ਸਟਡੀ ਮੁਤਾਬਕ, ਬੈਟਰੀ ਨਾਲ ਲੈਸ ਰਿਨਿਊਏਬਲ ਪਾਵਰ ਨਵੇਂ ਕੋਲਾ ਪਲਾਂਟਾਂ ਨਾਲੋਂ ਵੀ ਸਸਤੀ ਹੋ ਸਕਦੀ ਹੈ। ਬੈਟਰੀ ਦੀ ਮਦਦ ਨਾਲ ਦੁਪਹਿਰ ਦੀ ਵਾਧੂ ਸੌਰ ਊਰਜਾ ਨੂੰ ਸਟੋਰ ਕਰਕੇ ਰਾਤ ਵੇਲੇ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਭਾਰਤ ਦਾ ਸਟੋਰੇਜ ਸੈਕਟਰ ਅਜੇ ਵੀ ਟੀਚੇ ਤੋਂ ਕਾਫ਼ੀ ਪਿੱਛੇ ਹੈ। ਸਰਕਾਰ ਨੇ ਜੁਲਾਈ ਵਿੱਚ ਦੱਸਿਆ ਸੀ ਕਿ ਦੇਸ਼ ਵਿੱਚ ਲਗਭਗ 3 ਗੀਗਾਵਾਟ ਬੈਟਰੀ ਸਟੋਰੇਜ ਸਮਰੱਥਾ ਹੈ, ਜਦਕਿ 2032 ਤੱਕ ਇਸ ਨੂੰ 74 ਗੀਗਾਵਾਟ ਤੱਕ ਪਹੁੰਚਾਉਣ ਦੀ ਲੋੜ ਹੋਵੇਗੀ। ਮਾਹਰਾਂ ਦਾ ਮੰਨਣਾ ਹੈ ਕਿ ਟ੍ਰਾਂਸਮਿਸ਼ਨ ਲਾਈਨ ਬਣਾਉਣ ਵਿੱਚ ਘੱਟੋ-ਘੱਟ ਤਿੰਨ ਸਾਲ ਲੱਗਦੇ ਹਨ, ਜਦਕਿ ਬੈਟਰੀ ਸਿਸਟਮ ਜਲਦੀ ਤਿਆਰ ਕੀਤੇ ਜਾ ਸਕਦੇ ਹਨ।
