Toshiba ‘ਚ 4000 ਕਰਮਚਾਰੀਆਂ ਦੀ ਹੋਵੇਗੀ ਛਾਂਟੀ, ਜਾਣੋ ਕੰਪਨੀ ਨੇ ਕਿਉਂ ਲਿਆ ਇੰਨਾ ਵੱਡਾ ਫੈਸਲਾ
Toshiba Layoffs: ਤੋਸ਼ੀਬਾ ਦੀ ਕਟੌਤੀ ਇੱਕ ਵੱਡੀ ਤਬਦੀਲੀ ਦਾ ਸੰਕੇਤ ਹੈ, ਜੋ ਕਈ ਹੋਰ ਜਾਪਾਨੀ ਕੰਪਨੀਆਂ ਵਿੱਚ ਵੀ ਦੇਖਿਆ ਜਾ ਰਿਹਾ ਹੈ। ਕੋਨਿਕਾ ਮਿਨੋਲਟਾ (ਫੋਟੋ ਕਾਪੀਅਰ ਮਸ਼ੀਨ ਨਿਰਮਾਤਾ), ਸ਼ਿਸੇਡੋ ( ਕਾਸਮੈਟਿਕਸ ਕੰਪਨੀ), ਅਤੇ ਓਮਰੌਨ ( ਇਲੈਕਟ੍ਰੋਨਿਕਸ ਕੰਪਨੀ) ਵਰਗੀਆਂ ਕੰਪਨੀਆਂ ਨੇ ਵੀ ਹਾਲ ਹੀ ਵਿੱਚ ਨੌਕਰੀਆਂ ਵਿੱਚ ਛਾਂਟੀ ਦਾ ਐਲਾਨ ਕੀਤਾ ਹੈ।

ਤੋਸ਼ੀਬਾ, ਇੱਕ ਅਜਿਹਾ ਨਾਮ ਜੋ ਇਲੈਕਟ੍ਰੋਨਿਕਸ ਅਤੇ ਤਕਨਾਲੋਜੀ ਦੀ ਦੁਨੀਆ ਵਿੱਚ ਹਮੇਸ਼ਾ ਚਮਕਦਾ ਰਿਹਾ ਹੈ, ਅੱਜ ਇੱਕ ਨਵੇਂ ਮੋੜ ‘ਤੇ ਖੜ੍ਹਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਘਰੇਲੂ ਕਰਮਚਾਰੀਆਂ ਦੀ ਗਿਣਤੀ 4,000 ਤੱਕ ਘਟਾਉਣ ਜਾ ਰਹੀ ਹੈ। ਇਹ ਕਦਮ ਇਕ ਵੱਡੇ ਬਦਲਾਅ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਕੰਪਨੀ ਨੂੰ ਲੀਹਾਂ ‘ਤੇ ਲਿਆਉਣਾ ਹੈ।
ਇਹ ਫੈਸਲਾ ਤੋਸ਼ੀਬਾ ਦੇ ਨਵੇਂ ਮਾਲਕ, ਜਾਪਾਨ ਇੰਡਸਟਰੀਅਲ ਪਾਰਟਨਰਜ਼ (JIP) ਦੀ ਅਗਵਾਈ ਵਾਲੇ ਇੱਕ ਸੰਘ ਦੁਆਰਾ ਲਿਆ ਗਿਆ ਹੈ। JIP ਨੇ ਦਸੰਬਰ ਵਿੱਚ ਕੰਪਨੀ ਨੂੰ 13 ਅਰਬ ਡਾਲਰ ਵਿੱਚ ਖਰੀਦ ਲਿਆ ਸੀ, ਜਿਸ ਤੋਂ ਬਾਅਦ ਤੋਸ਼ੀਬਾ ਨੂੰ ਸਟਾਕ ਮਾਰਕੀਟ ਤੋਂ ਹਟਾ ਦਿੱਤਾ ਗਿਆ। ਇਹ ਫੈਸਲਾ ਕੰਪਨੀ ਵਿੱਚ ਇੱਕ ਦਹਾਕੇ ਲੰਬੇ ਘੁਟਾਲਿਆਂ ਅਤੇ ਕੰਪਨੀ ਦੀ ਅੰਦਰੂਨੀ ਉੱਥਲ-ਪੁੱਥਲ ਤੋਂ ਬਾਅਦ ਆਇਆ ਹੈ।
ਇਸ ਬਦਲਾਅ ਵਿੱਚ, ਤੋਸ਼ੀਬਾ ਦਾ ਮੁੱਖ ਦਫਤਰ ਟੋਕੀਓ ਤੋਂ ਕਾਵਾਸਾਕੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਕੰਪਨੀ ਦਾ ਟੀਚਾ ਅਗਲੇ ਤਿੰਨ ਸਾਲਾਂ ਵਿੱਚ 10% ਸੰਚਾਲਨ ਲਾਭ ਪ੍ਰਾਪਤ ਕਰਨ ਦਾ ਹੈ। ਤੋਸ਼ੀਬਾ ਦੇ ਨਾਲ JIP ਦਾ ਪ੍ਰਯੋਗ ਜਾਪਾਨ ਵਿੱਚ ਪ੍ਰਾਈਵੇਟ ਇਕੁਇਟੀ ਫਰਮਾਂ ਲਈ ਇੱਕ ਵੱਡੀ ਪ੍ਰੀਖਿਆ ਹੈ। ਪਹਿਲਾਂ ਇਹਨਾਂ ਫਰਮਾਂ ਨੂੰ “ਹਾਗੇਟਾਕਾ” ਯਾਨੀ “ਗਿੱਝ” ਕਿਹਾ ਜਾਂਦਾ ਸੀ, ਕਿਉਂਕਿ ਇਹ ਕੰਪਨੀਆਂ ਖਰੀਦ ਕੇ ਉਹਨਾਂ ਦੀ ਕੀਮਤ ਘਟਾਉਣ ਅਤੇ ਫਿਰ ਉਹਨਾਂ ਨੂੰ ਵੇਚਣ ਵਿੱਚ ਮਾਹਰ ਹੁੰਦੇ ਸਨ। ਪਰ ਹੁਣ ਜਾਪਾਨ ਵਿੱਚ ਪ੍ਰਾਈਵੇਟ ਇਕੁਇਟੀ ਦਾ ਵੀ ਸਵਾਗਤ ਹੋ ਰਿਹਾ ਹੈ, ਖਾਸ ਤੌਰ ‘ਤੇ ਉਹਨਾਂ ਕੰਪਨੀਆਂ ਲਈ ਜੋ ਆਪਣੇ ਗੈਰ-ਕੋਰ ਕਾਰੋਬਾਰਾਂ ਨੂੰ ਵੇਚਣਾ ਚਾਹੁੰਦੇ ਹਨ ਜਾਂ ਉੱਤਰਾਧਿਕਾਰੀ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ।
ਇਹ ਵੀ ਪੜ੍ਹੋ – ਬੈਂਕ ਵਿੱਚ ਨੌਕਰੀ ਤਲਾਸ਼ ਰਹੇ ਲੋਕਾਂ ਲਈ ਖੁਸ਼ਖਬਰੀ! SBI ਕਰਨ ਜਾ ਰਿਹਾ 12 ਹਜ਼ਾਰ ਭਰਤੀਆਂ
ਇਹ ਕੰਪਨੀਆਂ ਵੀ ਮੁਲਾਜ਼ਮਾਂ ਨੂੰ ਦਿਖਾ ਚੁੱਕੀਆਂ ਹਨ ਬਾਹਰ ਦਾ ਰਾਹ
ਤੋਸ਼ੀਬਾ ਪਹਿਲੀ ਕੰਪਨੀ ਨਹੀਂ ਹੈ, ਜਿਹੜੀ ਮੁਲਾਜ਼ਮਾਂ ਦੀ ਛਾਂਟੀ ਕਰਨ ਜਾ ਰਹੀ ਹੈ। ਇਸਤੋਂ ਪਹਿਲਾਂ ਵੀ ਕਈ ਵੱਡੀਆਂ ਅਤੇ ਨਾਮਚੀਨ ਕੰਪਨੀਆਂ ਵੀ ਆਪਣੇ ਮੁਲਾਜ਼ਮਾਂ ਨੂੰ ਬਾਹਰ ਦਾ ਰਾਹ ਵਿਖਾ ਚੁੱਕੀਆਂ ਹਨ। ਇਨ੍ਹਾਂ ਕੰਪਨੀਆਂ ਵਿੱਚ ਸਭ ਤੋਂ ਪਹਿਲਾਂ ਨਾਂ ਗੂਗਲ ਦਾ ਆਉਂਦਾ ਹੈ। ਇਸ ਤੋਂ ਬਾਅਦ ਮਾਈਕ੍ਰਸਾਫਟ, ਐਮਾਜ਼ਾਨ, ਫਲਿਪਕਾਰਟ, ਟੀਸੀਐਸ, ਵਿਪਰੋ, ਮਹਿੰਦਰਾ, ਆਈਬੀਐਮ ਵਰਗ੍ਹੀਆਂ ਵੱਡੀਆਂ ਕੰਪਨੀਆਂ ਵੀ ਹਜ਼ਾਰਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਚੁੱਕੀਆਂ ਹਨ।