ਜਲੰਧਰ ‘ਚ ਅੱਜ ਮਿਲਣਗੇ ਸਸਤੇ ਪਿਆਜ਼, ਵਿਖਾਉਣਾ ਹੋਵੇਗਾ ਆਧਾਰ ਕਾਰਡ, ਵੱਧਦੀਆਂ ਕੀਮਤਾਂ ਦੇ ਮੱਦੇਨਜ਼ਰ ਸਰਕਾਰ ਦਾ ਫੈਸਲਾ
Cheaper Onion Supply in Jalandhar: ਇਸ ਵੇਲ੍ਹੇ ਪੂਰੇ ਦੇਸ਼ ਵਿੱਚ ਪਿਆਜ਼ ਦੀਆਂ ਕੀਮਤਾਂ ਕਾਫੀ ਉੱਤੇ ਪਹੁੰਚ ਚੁੱਕੀਆਂ ਹਨ। ਪਿਆਜ਼ ਦੇ ਨਾਲ-ਨਾਲ ਟਮਾਟਰ ਵੀ 100 ਰੁਪਏ ਕਿੱਲੋ ਦੇ ਨੇੜੇ ਪਹੁੰਚ ਚੁੱਕਾ ਹੈ। ਜਦਕਿ ਸ਼ਿਮਲਾ ਮਿਰਚ, ਭਿੰਡੀ, ਲੌਕੀ ਵਰ੍ਹਗੀਆਂ ਦੂਜੀਆਂ ਸਬਜ਼ੀਆਂ ਵੀ ਇਸ ਵੇਲ੍ਹੇ ਲੋਕਾਂ ਦੀ ਪਹੁੰਚ ਤੋਂ ਪਰੇ ਹਨ। ਜਨਤਾ ਨੂੰ ਉਮੀਦ ਹੈ ਕਿ ਸਰਕਾਰ ਛੇਤੀ ਹੀ ਇਨ੍ਹਾਂ ਨੂੰ ਵੀ ਉਨ੍ਹਾਂ ਦੀ ਪਹੁੰਚ ਦੇ ਅੰਦਰ ਲਿਆਉਣ ਦੀ ਕੋਸ਼ਿਸ਼ ਕਰੇਗੀ।
ਪੰਜਾਬ ਵਿੱਚ ਪਿਆਜ਼ ਦੀਆਂ ਕੀਮਤਾਂ ਇਸ ਵੇਲੇ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਪਿਛਲੇ ਸਾਲ ਵਾਂਗ ਇਸ ਸਾਲ ਵੀ ਲੋਕਾਂ ਤੱਕ ਸਸਤੇ ਪਿਆਜ਼ ਦੀ ਪਹੁੰਚ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕਿਆ ਹੈ। ਜਲੰਧਰ ‘ਚ ਅੱਜ ਯਾਨੀ ਮੰਗਲਵਾਰ ਨੂੰ ਸਰਕਾਰ ਸਿਰਫ 35 ਰੁਪਏ ਪ੍ਰਤੀ ਕਿਲੋ ਪਿਆਜ਼ ਦੇਵੇਗੀ।
ਪਿਆਜ਼ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਦਰਮਿਆਨ ਲੋਕਾਂ ਨੂੰ ਅੱਜ ਤੋਂ ਸਿਰਫ 35 ਰੁਪਏ ਪ੍ਰਤੀ ਕਿਲੋ ਪਿਆਜ਼ ਮਿਲੇਗਾ। ਖਪਤਕਾਰ ਮਾਮਲੇ ਵਿਭਾਗ ਵੱਲੋਂ ਮਕਸੂਦਾਂ ਸਬਜ਼ੀ ਮੰਡੀ ਦੀ ਦੁਕਾਨ ਨੰਬਰ 78 ਤੋਂ ਅੱਜ ਯਾਨੀ ਮੰਗਲਵਾਰ ਨੂੰ ਸਸਤੇ ਪਿਆਜ਼ ਦੀ ਇਹ ਵੰਡ ਕੀਤੀ ਜਾਵੇਗੀ। ਇਹ ਸਪਲਾਈ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਪਿਆਜ਼ ਦਾ ਸਟਾਕ ਖਤਮ ਹੋਣ ਤੱਕ ਜਾਰੀ ਰਹੇਗੀ।
ਅਫਗਾਨੀ ਪਿਆਜ਼ ਦੇ ਬਾਜ਼ਾਰ ਪਹੁੰਚਣ ‘ਤੇ ਘਟਣਗੀਆਂ ਕੀਮਤਾਂ
ਵਪਾਰੀਆਂ ਦਾ ਕਹਿਣਾ ਹੈ ਕਿ ਪਿਆਜ਼ ਦੀ ਸਭ ਤੋਂ ਵੱਧ ਫ਼ਸਲ ਨਾਸਿਕ ਅਤੇ ਰਾਜਸਥਾਨ ਤੋਂ ਆਉਂਦੀ ਹੈ। ਪਰ ਹੁਣ ਉੱਥੇ ਫ਼ਸਲ ਦੀ ਪੈਦਾਵਾਰ ਤਕਰੀਬਨ ਬੰਦ ਹੋ ਗਈ ਸੀ। ਜਿਸ ਕਾਰਨ ਇਹ ਕੀਮਤਾਂ ਵਧੀਆਂ ਹਨ। ਇਸ ਲਈ ਅਫਗਾਨਿਸਤਾਨ ਤੋਂ ਪਿਆਜ਼ ਦੀ ਡਿਲੀਵਰੀ ਤੋਂ ਬਾਅਦ ਹੀ ਕੀਮਤਾਂ ‘ਚ ਗਿਰਾਵਟ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਇਸ ਦੌਰਾਨ ਕੇਂਦਰ ਸਰਕਾਰ ਦੀ ਉਕਤ ਸਕੀਮ ਤਹਿਤ ਲੋਕਾਂ ਨੂੰ 25 ਰੁਪਏ ਫੀ ਕਿਲੋ ਦੇ ਹਿਸਾਬ ਨਾਲ ਪਿਆਜ ਮੁਹੱਈਆ ਕਰਵਾ ਕੇ ਵੱਡੀ ਰਾਹਤ ਦਿੱਤੀ ਜਾ ਰਹੀ ਹੈ।
ਹੋਰਨਾਂ ਸਬਜ਼ੀਆਂ ਦੇ ਰੇਟ ਵੀ ਚੜ੍ਹੇ ਅਸਮਾਨੀ
ਪਿਆਜ਼ ਤੋਂ ਇਲਾਵਾ ਟਮਾਟਰ ਵੀ ਇਸ ਵੇਲ੍ਹੇ ਅੱਖਾਂ ਵਿਖਾ ਰਿਹਾ ਹੈ। ਟਮਾਟਰ ਦੀਆਂ ਕੀਮਤਾਂ 80-100 ਰੁਪਏ ਦੇ ਵਿਚਕਾਰ ਬਣੀਆਂ ਹੋਈਆਂ ਹਨ। ਪਿਛਲੇ ਇੱਕ ਮਹੀਨੇ ਤੋਂ ਇਸ ਦੇ ਰੇਟ ਲਗਾਤਾਰ ਉੱਤੇ ਜਾ ਰਹੇ ਹਨ। ਉੱਧਰ ਹਰੀਆਂ ਸਬਜ਼ੀਆਂ ਵੀ ਇਸ ਵੇਲ੍ਹੇ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਰਹੀਆਂ ਹਨ। ਸ਼ਿਮਲਾ ਮਿਰਚ ਦੀ ਗੱਲ ਕਰੀਏ ਤਾਂ ਇਹ ਇਸ ਵੇਲ੍ਹੇ 140-160 ਰੁਪਏ ਫੀ ਕਿਲੋ ਦੇ ਹਿਸਾਬ ਨਾਲ ਮਿਲ ਰਹੀ ਹੈ। ਗੋਭੀ 100-120 ਰੁਪਏ ਫੀ ਕਿਲੋ ਮਿਲ ਰਹੀ ਹੈ। ਜਦਕਿ ਹੋਰਨਾ ਸਬਜ਼ੀਆਂ ਵੀ ਇਸ ਵੇਲ੍ਹੇ 80-100 ਰੁਪਏ ਫੀ ਕਿੱਲੋਂ ਦੇ ਨੇੜੇ ਬਣੀਆਂ ਹੋਈਆਂ ਹਨ।
ਭਾਰੀ ਮੀਂਹ ਕਰਕੇ ਚੜ੍ਹੀਆਂ ਕੀਮਤਾਂ
ਮਾਹਿਰਾਂ ਦਾ ਮੰਣਨਾ ਹੈ ਕਿ ਦੇਸ਼ ਦੇ ਜਿਆਦਾਤਰ ਸੂਬਿਆਂ ਵਿੱਚ ਭਾਰੀ ਮੀਂਹ ਕਰਕੇ ਸਬਜ਼ੀਆਂ ਦੀ ਫਸਲ ਖਰਾਬ ਹੋ ਗਈ ਹੈ, ਇਸ ਕਰਕੇ ਇਨ੍ਹਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਰ ਨਾਲ ਹੀ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਛੇਤੀ ਹੀ ਬਾਜਾਰ ਵਿੱਚ ਸਬਜ਼ੀਆਂ ਦੀ ਨਵੀਂ ਫਸਲ ਆ ਜਾਵੇਗੀ। ਜਿਸਤੋਂ ਬਾਅਦ ਇਸ ਮਹੀਨੇ ਦੇ ਅੰਤ ਤੱਕ ਇਨ੍ਹਾਂ ਦੀਆਂ ਕੀਮਤਾਂ ਲੋਕਾਂ ਦੀ ਪਹੁੰਚ ਵਿੱਚ ਆ ਜਾਣਗੀਆਂ।