ਪਾਕਿਸਤਾਨ ਦਾ ਸਾਥ ਦੇਣ ਵਾਲੇ ਦੇਸ਼ਾਂ ਨੂੰ ਭਾਰਤੀਆਂ ਨੇ ਸਿਖਾਇਆ ਸਬਕ, ਸੈਰ-ਸਪਾਟਾ ਕਾਰੋਬਾਰ ਹੋਇਆ ਬਰਬਾਦ

Published: 

31 Jan 2026 19:39 PM IST

ਪਾਕਿਸਤਾਨ ਦੀ ਦੋਸਤੀ ਨਿਭਾਉਣਾ ਤੁਰਕੀ ਅਤੇ ਅਜ਼ਰਬਾਈਜਾਨ ਨੂੰ ਇੰਨਾ ਮਹਿੰਗਾ ਪਿਆ ਹੈ ਕਿ ਹੁਣ ਉਨ੍ਹਾਂ ਦੇ ਟੂਰਿਜ਼ਮ ਕਾਰੋਬਾਰ ਦਾ ਲੱਕ ਹੀ ਟੁੱਟ ਗਿਆ ਹੈ। ਭਾਰਤ ਦੇ ਖਿਲਾਫ ਬੋਲਣ ਦਾ ਅੰਜਾਮ ਇਹ ਹੋਇਆ ਹੈ ਕਿ ਭਾਰਤੀ ਸੈਲਾਨੀਆਂ ਨੇ ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਆਪਣਾ ਪੈਸਾ ਖ਼ਰਚ ਕਰਨਾ ਬੰਦ ਕਰ ਦਿੱਤਾ ਹੈ।

ਪਾਕਿਸਤਾਨ ਦਾ ਸਾਥ ਦੇਣ ਵਾਲੇ ਦੇਸ਼ਾਂ ਨੂੰ ਭਾਰਤੀਆਂ ਨੇ ਸਿਖਾਇਆ ਸਬਕ, ਸੈਰ-ਸਪਾਟਾ ਕਾਰੋਬਾਰ ਹੋਇਆ ਬਰਬਾਦ

ਪਾਕਿਸਤਾਨ ਦੀ ਯਾਰੀ ਪਈ ਭਾਰੀ, ਭਾਰਤੀਆਂ ਨੇ ਸਿਖਾਇਆ ਸਬਕ, ਕਾਰੋਬਾਰ ਹੋਇਆ ਬਰਬਾਦ

Follow Us On

ਪਾਕਿਸਤਾਨ ਦੀ ਦੋਸਤੀ ਨਿਭਾਉਣਾ ਤੁਰਕੀ ਅਤੇ ਅਜ਼ਰਬਾਈਜਾਨ ਨੂੰ ਇੰਨਾ ਮਹਿੰਗਾ ਪਿਆ ਹੈ ਕਿ ਹੁਣ ਉਨ੍ਹਾਂ ਦੇ ਟੂਰਿਜ਼ਮ ਕਾਰੋਬਾਰ ਦਾ ਲੱਕ ਹੀ ਟੁੱਟ ਗਿਆ ਹੈ। ਭਾਰਤ ਦੇ ਖਿਲਾਫ ਬੋਲਣ ਦਾ ਅੰਜਾਮ ਇਹ ਹੋਇਆ ਹੈ ਕਿ ਭਾਰਤੀ ਸੈਲਾਨੀਆਂ ਨੇ ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਆਪਣਾ ਪੈਸਾ ਖ਼ਰਚ ਕਰਨਾ ਬੰਦ ਕਰ ਦਿੱਤਾ ਹੈ।

ਹਾਲਾਤ ਇਹ ਹਨ ਕਿ ਜਿਹੜੀਆਂ ਫਲਾਈਟਾਂ ਅਤੇ ਹੋਟਲ ਕਦੇ ਭਾਰਤੀਆਂ ਨਾਲ ਭਰੇ ਰਹਿੰਦੇ ਸਨ, ਉੱਥੇ ਹੁਣ ਸੰਨਾਟਾ ਪਸਰਨ ਲੱਗਾ ਹੈ। ਕਮਾਈ ਵਿੱਚ ਆਈ ਭਾਰੀ ਗਿਰਾਵਟ ਨੇ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਭਾਰਤ ਨਾਲ ਟਕਰਾਅ ਉਨ੍ਹਾਂ ਦੀ ਆਰਥਿਕਤਾ ਲਈ ਕਿੰਨਾ ਵੱਡਾ ਘਾਟਾ ਸਾਬਿਤ ਹੋਇਆ ਹੈ।

ਅੰਕੜਿਆਂ ਵਿੱਚ ਦਿਖੀ ਭਾਰਤੀਆਂ ਦੀ ਨਾਰਾਜ਼ਗੀ

ਇੱਕ ਰਿਪੋਰਟ ਮੁਤਾਬਕ ਭਾਰਤੀ ਸੈਲਾਨੀ, ਜੋ ਕਦੇ ਤੁਰਕੀ ਅਤੇ ਅਜ਼ਰਬਾਈਜਾਨ ਦੀ ਖੂਬਸੂਰਤੀ ਦੇਖਣ ਲਈ ਵੱਡੀ ਗਿਣਤੀ ਵਿੱਚ ਉੱਥੇ ਜਾਂਦੇ ਸਨ, ਹੁਣ ਉੱਥੇ ਜਾਣ ਤੋਂ ਕਤਰਾ ਰਹੇ ਹਨ। ਜੂਨ ਤੋਂ ਦਸੰਬਰ ਦੇ ਵਿਚਕਾਰ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਅਜ਼ਰਬਾਈਜਾਨ ਜਾਣ ਵਾਲੇ ਭਾਰਤੀਆਂ ਦੀ ਸੰਖਿਆ ਵਿੱਚ 63% ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਉੱਥੇ ਹੀ, ਤੁਰਕੀ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਵੀ 34% ਘੱਟ ਗਈ ਹੈ।

ਜੂਨ ਤੋਂ ਦਸੰਬਰ 2024 ਦੌਰਾਨ ਲਗਭਗ 1.53 ਲੱਖ ਭਾਰਤੀ ਸੈਲਾਨੀ ਅਜ਼ਰਬਾਈਜਾਨ ਪਹੁੰਚੇ ਸਨ, ਪਰ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ ਸਿਮਟ ਕੇ ਮਹਿਜ਼ 57,000 ਰਹਿ ਗਈ। ਇਸੇ ਤਰ੍ਹਾਂ ਤੁਰਕੀ ਵਿੱਚ ਜਿੱਥੇ 2024 ਦੀ ਇਸ ਛਿਮਾਹੀ ਵਿੱਚ 2.05 ਲੱਖ ਭਾਰਤੀ ਗਏ ਸਨ, ਉੱਥੇ ਹੀ ਪਿਛਲੇ ਸਾਲ ਇਹ ਅੰਕੜਾ ਘਟ ਕੇ 1.35 ਲੱਖ ‘ਤੇ ਆ ਗਿਆ। ਇਹ ਗਿਰਾਵਟ ਸਪੱਸ਼ਟ ਕਰਦੀ ਹੈ ਕਿ ਭਾਰਤੀ ਸੈਲਾਨੀ ਹੁਣ ਆਪਣੀਆਂ ਛੁੱਟੀਆਂ ਲਈ ਉਨ੍ਹਾਂ ਦੇਸ਼ਾਂ ਨੂੰ ਚੁਣਨ ਵਿੱਚ ਸੰਕੋਚ ਨਹੀਂ ਕਰ ਰਹੇ ਜੋ ਭਾਰਤ ਦੇ ਹਿੱਤਾਂ ਦੇ ਵਿਰੁੱਧ ਖੜ੍ਹੇ ਹਨ।

‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਵਿਗੜੀ ਖੇਡ

ਇਸ ਪੂਰੇ ਘਟਨਾਕ੍ਰਮ ਦੀਆਂ ਜੜ੍ਹਾਂ ਪਿਛਲੇ ਸਾਲ ਮਈ ਵਿੱਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਵੱਲੋਂ ਚਲਾਏ ਗਏ ‘ਆਪ੍ਰੇਸ਼ਨ ਸਿੰਦੂਰ’ ਨਾਲ ਜੁੜੀਆਂ ਹੋਈਆਂ ਹਨ। ਜਦੋਂ ਭਾਰਤੀ ਸੈਨਾ ਨੇ ਪਾਕਿਸਤਾਨ ਦੀ ਸਰਹੱਦ ਵਿੱਚ ਦਾਖ਼ਲ ਹੋ ਕੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ, ਤਾਂ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਕਾਰਵਾਈ ‘ਤੇ ਸਨ। ਉਸ ਸਮੇਂ ਤੁਰਕੀ ਅਤੇ ਅਜ਼ਰਬਾਈਜਾਨ ਨੇ ਖੁੱਲ੍ਹ ਕੇ ਪਾਕਿਸਤਾਨ ਦੇ ਸਮਰਥਨ ਵਿੱਚ ਬਿਆਨ ਦਿੱਤੇ ਸਨ।

ਤੁਰਕੀ ਨੇ ਨਾ ਸਿਰਫ਼ ਪਹਿਲਗਾਮ ਹਮਲੇ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕਰਦਿਆਂ ਪਾਕਿਸਤਾਨ ਦੀ ਹਮਾਇਤ ਕੀਤੀ, ਸਗੋਂ ਇਹ ਵੀ ਸਾਹਮਣੇ ਆਇਆ ਕਿ ਭਾਰਤ ਦੇ ਖਿਲਾਫ ਤੁਰਕੀ ਵਿੱਚ ਬਣੇ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ। ਅਜ਼ਰਬਾਈਜਾਨ ਨੇ ਵੀ ਇਸਲਾਮਾਬਾਦ ਦੇ ਕੂਟਨੀਤਕ ਰੁਖ ਦਾ ਸਮਰਥਨ ਕੀਤਾ। ਇਨ੍ਹਾਂ ਦੇਸ਼ਾਂ ਦਾ ਇਹ ਰਵੱਈਆ ਭਾਰਤੀ ਲੋਕਾਂ ਨੂੰ ਪਸੰਦ ਨਹੀਂ ਆਇਆ। ਸੋਸ਼ਲ ਮੀਡੀਆ ‘ਤੇ ‘ਬਾਇਕਾਟ ਤੁਰਕੀ’ ਵਰਗੀਆਂ ਮੁਹਿੰਮਾਂ ਚੱਲੀਆਂ ਅਤੇ ਲੋਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ, ਜਿਸ ਦਾ ਸਿੱਧਾ ਅਸਰ ਹੁਣ ਉੱਥੋਂ ਦੇ ਸੈਰ-ਸਪਾਟਾ ਅੰਕੜਿਆਂ ਵਿੱਚ ਦਿਖਾਈ ਦੇ ਰਿਹਾ ਹੈ।

ਟਰੈਵਲ ਕੰਪਨੀਆਂ ਨੇ ਵੀ ਖਿੱਚੇ ਹੱਥ

ਭਾਰਤੀਆਂ ਦੀ ਇਸ ਨਾਰਾਜ਼ਗੀ ਨੂੰ ਭਾਂਪਦੇ ਹੋਏ ਦੇਸ਼ ਦੀਆਂ ਪ੍ਰਮੁੱਖ ਟਰੈਵਲ ਕੰਪਨੀਆਂ ਨੇ ਵੀ ਵੱਡਾ ਕਦਮ ਚੁੱਕਿਆ ਹੈ। ਮੇਕ ਮਾਈ ਟ੍ਰਿਪ (MakeMyTrip), ਈਜ਼ ਮਾਈ ਟ੍ਰਿਪ (EaseMyTrip) ਅਤੇ ਕਲੀਅਰਟ੍ਰਿਪ (Cleartrip) ਵਰਗੀਆਂ ਵੱਡੀਆਂ ਟਰੈਵਲ ਵੈੱਬਸਾਈਟਾਂ ਨੇ ਤੁਰਕੀ ਦੇ ਟੂਰ ਪੈਕੇਜਾਂ ਦਾ ਪ੍ਰਚਾਰ ਨਾ ਕਰਨ ਦਾ ਫੈਸਲਾ ਕੀਤਾ।

ਜਦੋਂ ਇਨ੍ਹਾਂ ਪਲੇਟਫਾਰਮਾਂ ਨੇ ਤੁਰਕੀ ਨੂੰ ਪ੍ਰਮੋਟ ਕਰਨਾ ਬੰਦ ਕਰ ਦਿੱਤਾ, ਤਾਂ ਆਮ ਮੁਸਾਫਰਾਂ ਲਈ ਉੱਥੋਂ ਦੀ ਯਾਤਰਾ ਪਲਾਨ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ। ਨਾਲ ਹੀ, ਰਾਸ਼ਟਰਵਾਦ ਦੀ ਭਾਵਨਾ ਦੇ ਚਲਦਿਆਂ ਹਜ਼ਾਰਾਂ ਲੋਕਾਂ ਨੇ ਆਪਣੀਆਂ ਪਹਿਲਾਂ ਤੋਂ ਬੁੱਕ ਕੀਤੀਆਂ ਟਿਕਟਾਂ ਕੈਂਸਲ ਕਰ ਦਿੱਤੀਆਂ।

ਇਹ ਗਿਰਾਵਟ ਸਿਰਫ਼ ਇੱਕ ਮਹੀਨੇ ਦੀ ਗੱਲ ਨਹੀਂ ਹੈ, ਸਗੋਂ ਪਿਛਲੇ ਸਾਲ ਮਈ ਤੋਂ ਬਾਅਦ ਲਗਾਤਾਰ ਹਰ ਮਹੀਨੇ ਭਾਰਤੀ ਸੈਲਾਨੀਆਂ ਦੀ ਗਿਣਤੀ ਘਟਦੀ ਗਈ ਹੈ। ਸਾਲ 2025 ਦੀ ਸ਼ੁਰੂਆਤ ਵਿੱਚ ਜਿੱਥੇ ਅਜ਼ਰਬਾਈਜਾਨ ਜਾਣ ਵਾਲਿਆਂ ਦੀ ਸੰਖਿਆ ਵਿੱਚ ਵਾਧਾ ਦੇਖਿਆ ਜਾ ਰਿਹਾ ਸੀ, ਉੱਥੇ ਹੀ ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਦੇ ਚਾਰ ਮਹੀਨਿਆਂ ਵਿੱਚ ਇਹ ਗ੍ਰਾਫ ਤੇਜ਼ੀ ਨਾਲ ਹੇਠਾਂ ਡਿੱਗ ਗਿਆ।