ਧਨਤੇਰਸ ‘ਤੇ 27 ਹਜ਼ਾਰ ਕਰੋੜ ਰੁਪਏ ਦਾ ਵਿਕਿਆ ਸੋਨਾ, ਚਾਂਦੀ ਨੇ ਵੀ ਤੋੜੇ ਰਿਕਾਰਡ
ਧਨਤੇਰਸ ਦੇ ਦਿਨ ਸੋਨਾ ਅਤੇ ਚਾਂਦੀ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਧਨਤੇਰਸ ਦੇ ਦਿਨ ਦੇਸ਼ ਭਰ ਵਿੱਚ ਹੁਣ ਤੱਕ 27 ਕਰੋੜ ਰੁਪਏ ਦਾ ਸੋਨਾ ਵਿੱਕ ਚੁੱਕਿਆ ਹੈ। ਚਾਂਦੀ ਦੀ ਗੱਲ ਕਰੀਏ ਤਾਂ ਹੁਣ ਤੱਕ 3 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੋ ਚੁੱਕਾ ਹੈ। ਦਿੱਲੀ ਦੇ ਥੋਕ ਬਾਜ਼ਾਰ ਚਾਂਦਨੀ ਚੌਕ, ਦਰੀਬਾ ਕਲਾਂ, ਮਾਲੀਵਾੜਾ, ਸਦਰ ਬਜ਼ਾਰ, ਨਵਾਂ ਬਾਜ਼ਾਰ ਵਿੱਚ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਹੈ।
ਧਨਤੇਰਸ (Dhanteras) ‘ਤੇ ਬਾਜ਼ਾਰਾਂ ‘ਚ ਭਾਰੀ ਉਤਸ਼ਾਹ ਹੈ। ਸੋਨਾ ਅਤੇ ਚਾਂਦੀ ਦੀ ਤੇਜ਼ੀ ਨਾਲ ਵਿਕਰੀ ਹੋ ਰਹੀ ਹੈ। ਆਲ ਇੰਡੀਆ ਜਵੈਲਰਜ਼ ਐਂਡ ਗੋਲਡਸਮਿਥਜ਼ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪੰਕਜ ਅਰੋੜਾ ਨੇ ਦੱਸਿਆ ਕਿ ਅੱਜ ਦੇਸ਼ ਭਰ ਵਿੱਚ ਕਰੀਬ 30 ਹਜ਼ਾਰ ਕਰੋੜ ਰੁਪਏ ਦਾ ਸੋਨਾ, ਚਾਂਦੀ ਅਤੇ ਹੋਰ ਚੀਜ਼ਾਂ ਦਾ ਕਾਰੋਬਾਰ ਹੋਇਆ ਹੈ। ਅੱਜ ਜਿੱਥੇ ਕਰੀਬ 27 ਹਜ਼ਾਰ ਕਰੋੜ ਰੁਪਏ ਦਾ ਸੋਨਾ ਵਿਕਿਆ, ਉੱਥੇ ਹੀ ਚਾਂਦੀ ਦਾ ਵੀ ਕਰੀਬ 3 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੋਇਆ।
ਪਿਛਲੇ ਸਾਲ ਧਨਤੇਰਸ ‘ਤੇ ਇਹ ਕਾਰੋਬਾਰ ਲਗਭਗ 25 ਹਜ਼ਾਰ ਕਰੋੜ ਰੁਪਏ ਦਾ ਸੀ। ਪਿਛਲੇ ਸਾਲ ਸੋਨੇ ਦੀ ਕੀਮਤ 52000 ਰੁਪਏ ਪ੍ਰਤੀ 10 ਗ੍ਰਾਮ ਸੀ ਜਦੋਂ ਕਿ ਉਸ ਸਮੇਂ ਇਹ 62000 ਰੁਪਏ ਪ੍ਰਤੀ 10 ਗ੍ਰਾਮ ਸੀ। ਦੂਜੇ ਪਾਸੇ ਪਿਛਲੀ ਦੀਵਾਲੀ ‘ਤੇ ਚਾਂਦੀ 58,000 ਰੁਪਏ ‘ਚ ਵਿਕਦੀ ਸੀ ਅਤੇ ਹੁਣ ਇਸ ਦੀ ਕੀਮਤ 72,000 ਰੁਪਏ ਪ੍ਰਤੀ ਕਿਲੋ ‘ਤੇ ਪਹੁੰਚ ਗਈ ਹੈ।


