ਗ੍ਰਾਹਕ ਦੇ ਜਨਮਦਿਨ ਦਾ ਪਲਾਨ ਖ਼ਰਾਬ ਕਰਨਾ ‘Make My Trip’ ਨੂੰ ਪਿਆ ਮਹਿੰਗਾ, ਕੋਰਟ ਨੇ ਲਗਾਇਆ ਭਾਰੀ ਜ਼ੁਰਮਾਨਾ
ਚੰਡੀਗੜ੍ਹ ਦੇ ਇੱਕ ਪਰਿਵਾਰ ਦਾ ਜਨਮਦਿਨ ਪਲਾਨ ਕਰਨਾ 'ਮੇਕ ਮਾਈ ਟ੍ਰਿਪ' ਨਾਮਕ ਕੰਪਨੀ ਨੂੰ ਮਹਿੰਗਾ ਪੈ ਗਿਆ। ਕੰਪਨੀ ਨੇ ਬੂਕਿੰਗ ਦੇ ਬਾਵਜੂਦ ਫਲਾਈਟ ਸੰਚਾਲਨ ਸਬੰਧੀ ਸਮੱਸਿਆ ਦੱਸਦੇ ਹੋਏ, ਪਰਿਵਾਰ 'ਤੇ ਬੂਕਿੰਗ ਕੈਂਸਿਲ ਕਰਨ ਦਾ ਦਬਾਅ ਬਣਾਇਆ ਤੇ ਦੂਜੀ ਫਲਾਈਟ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਹਾਲਾਂਕਿ, ਪਰਿਵਾਰਕ ਮੈਂਬਰ ਕੰਪਨੀ ਦੇ ਦਬਾਅ ਅੱਗੇ ਝੁੱਕੇ ਨਹੀਂ ਤੇ ਕੰਜ਼ਿਊਮਰ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਇਸ ਤੋਂ ਬਾਅਦ ਕੋਰਟ ਨੇ ਕੰਪਨੀ ਨੂੰ ਦੋਸ਼ੀ ਪਾਇਆ ਤੇ ਭਾਰੀ ਜ਼ੁਰਮਾਨਾ ਅਦਾ ਕਰਨ ਦੇ ਨਿਰਦੇਸ਼ ਦਿੱਤੇ।
ਚੰਡੀਗੜ੍ਹ ‘ਚ ਧੀ ਦੇ 16ਵੇਂ ਜਨਮਦਿਨ ‘ਤੇ ਗੋਆ ਸਰਪ੍ਰਾਈਜ਼ ਟੂਰ ਦੀ ਪਾਰਟੀ ਇੱਕ ਪਰਿਵਾਰ ਲਈ ਸਫ਼ਲ ਨਹੀਂ ਹੋ ਪਾਈ। ਉਨ੍ਹਾਂ ਨੇ ਮੇਕ ਮਾਈ ਟ੍ਰਿਪ ਤੋਂ ਬੁਕਿੰਗ ਕੀਤੀ ਸੀ, ਪਰ ਕੰਪਨੀ ਨੇ ਗੋਆ ਦੀ ਫਲਾਈਟ ਲਈ ਵਿਵਸਥਾ ਨਹੀਂ ਕੀਤੀ। ਇਸ ਤੋਂ ਬਾਅਦ ਕੰਪਨੀ ਪਲਾਨ ਨੂੰ ਰੱਦ ਕਰਨ ਦਾ ਦਬਾਅ ਬਣਾਉਣ ਲੱਗ ਪਈ। ਹਾਲਾਂਕਿ, ਪਰਿਵਾਰ ਕੰਪਨੀ ਦੇ ਦਬਾਅ ਅੱਗੇ ਨਹੀਂ ਝੁੱਕਿਆ ਤੇ ਚੰਡੀਗੜ੍ਹ ਕੰਜ਼ਿਊਮਰ ਕੋਰਟ ਅੱਗੇ ਮਾਮਲੇ ਨੂੰ ਰੱਖਿਆ, ਜਿੱਥੇ ਕੋਰਟ ਨੇ ਲਾਪਰਵਾਹੀ ਦੇ ਚੱਲਦਿਆਂ ਕੰਪਨੀ ‘ਤੇ ਭਾਰੀ ਜ਼ੁਰਮਾਨਾ ਲਗਾਇਆ।
ਕੋਰਟ ਨੇ ਕੰਪਨੀ ਨੂੰ ਸੇਵਾ ‘ਚ ਲਾਪਰਵਾਹੀ ਦਾ ਦੋਸ਼ੀ ਪਾਇਆ ਤੇ 15 ਹਜ਼ਾਰ ਰੁਪਏ ਮੁਆਵਜ਼ਾ, 82,809 ਰੁਪਏ 9 ਫ਼ੀਸਦੀ ਬਿਆਜ ਦਰ ਸਮੇਤ ਵਾਪਸ ਕਰਨ ਤੇ 10 ਹਜ਼ਾਰ ਰੁਪਏ ਕੇਸ ਖਰਚ ਦੇ ਤੌਰ ‘ਤੇ ਅਦਾ ਕਰਨ ਦਾ ਆਦੇਸ਼ ਦਿੱਤਾ।
ਧੀ ਦੇ ਜਨਮਦਿਨ ਦਾ ਪਲਾਨ ‘ਤੇ ਕੰਪਨੀ ਨੇ ਫੇਰਿਆ ਪਾਣੀ
ਸੈਕਟਰ 41-ਏ ਦੇ ਨਿਵਾਸੀ ਨਵਪ੍ਰੀਤ ਸਿੰਘ ਨੇ ਕੰਜ਼ਿਊਮਰ ਕੋਰਟ ‘ਚ ਦਾਇਰ ਪਟੀਸ਼ਨ ‘ਚ ਦੱਸਿਆ ਕਿ ਉਹ ਆਪਣੀ ਪਤਨੀ ਹਰਪ੍ਰੀਤ ਕੌਰ,ਮਾਂ ਮਨਜੀਤ ਕੌਰ, ਧੀ ਪਰਨੀਤ ਕੌਰ ਤੇ ਪੁੱਤਰ ਮਿਹਤਾਬ ਸਿੰਘ ਦੇ ਨਾਲ 26 ਮਈ 2023 ਨੂੰ ਗੋਆ ‘ਚ ਧੀ ਦਾ ਜਨਮਦਿਨ ਮਨਾਉਣ ਲਈ ਜਾਣਾ ਚਾਹੁੰਦੇ ਸਨ।
ਇਸ ਦੇ ਲਈ ਉਨ੍ਹਾਂ ਨੇ ਮੇਕ ਮਾਈ ਟ੍ਰਿਪ ਦੇ ਆਨਲਾਈਨ ਪੋਰਟਲ ‘ਤੇ ‘ਅਮੇਜ਼ਿੰਗ ਗੋਆ ਫਲਾਈਟਸ ਇਨਕਲੂਸਿਵ ਡੀਲ ਯੂਐਨ’ ਨਾਂ ਦਾ ਪੈਕੇਜ ਬੂਕ ਕੀਤਾ। ਇਸ ਪੈਕੇਜ ਦੀ ਕੀਮਤ 82 ਹਜ਼ਾਰ 809 ਰੁਪਏ ਸੀ। 12 ਫਰਵਰੀ ਨੂੰ ਉਨ੍ਹਾਂ ਨੇ 9 ਹਜ਼ਾਰ ਰੁਪਏ ਐਡਵਾਂਸ ਦੇ ਕੇ ਬੂਕਿੰਗ ਕੀਤੀ ਤੇ 30 ਅਪ੍ਰੈਲ ਨੂੰ ਬਾਕੀ ਦੀ ਰਕਮ 73 ਹਜ਼ਾਰ 809 ਰੁਪਏ ਅਦਾ ਕੀਤੀ।
ਕੰਪਨੀ ਦਾ ਮੇਲ- ਖੁੱਦ ਆਪਣਾ ਦੂਸਰਾ ਇੰਤਜ਼ਾਮ ਕਰ ਲਓ
ਪਟੀਸ਼ਨਕਰਤਾ ਨਵਪ੍ਰੀਤ ਸਿੰਘ ਮੁਤਾਬਕ 18 ਮਈ, 2023 ਨੂੰ ਉਨ੍ਹਾਂ ਨੂੰ ਕੰਪਨੀ ਵੱਲੋਂ ਇੱਕ ਈ-ਮੇਲ ਆਇਆ ਕਿ ਫਲਾਈਟ ਦੇ ਸੰਚਾਲਨ ਸਬੰਧੀ ਸਮੱਸਿਆ ਹੈ ਤੇ ਉਹ ਆਪਣੀ ਸੇਵਾਵਾਂ ਦੇਣ ਤੋਂ ਅਸਮਰੱਥ ਹਨ। ਇਸ ਤੋਂ ਬਾਅਦ ਕੰਪਨੀ ਨੇ ਕਿਹਾ ਉਹ ਖੁੱਦ ਦੂਸਰਾ ਇੰਤਜ਼ਾਮ ਕਰ ਲੈਣ। ਨਵਪ੍ਰੀਤ ਨੇ ਦੂਸਰੀ ਫਲਾਈਟ ਦੀ ਮੰਗ ਕੀਤੀ, ਪਰ ਕੰਪਨੀ ਨੇ ਹਰ ਬਾਰ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ। ਇੰਨਾਂ ਹੀ ਨਹੀਂ ਕੰਪਨੀ ਨੇ ਰਿਫੰਡ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਕੰਪਨੀ ਨੇ ਬੂਕਿੰਗ ਕੈਂਸਿਲ ਕਰ ਲਈ ਉਨ੍ਹਾਂ ‘ਤੇ ਦਬਾਅ ਵੀ ਬਣਾਇਆ।
ਇਹ ਵੀ ਪੜ੍ਹੋ
ਕੰਪਨੀ ਨੇ ਕੀ ਦਿੱਤੀ ਦਲੀਲ?
ਮੇਕ ਮਾਈ ਟ੍ਰਿਪ ਕੰਪਨੀ ਨੇ ਆਪਣੀ ਦਲੀਲ ‘ਚ ਕਿਹਾ ਕਿ ਉਹ ਕੇਵਲ ਆਨਲਾਈਨ ਸਰਵਿਸ ਪ੍ਰਦਾਨ ਕਰਦੇ ਹਨ। ਹੋਟਲ ਤੇ ਟਿਕਟ ਬੂਕਿੰਗ ਸਬੰਧਤ ਸੇਵਾਵਾਂ ਪ੍ਰਦਾਤਾਵਾਂ ਦੇ ਜ਼ਰੀਏ ਦਿੱਤੀ ਜਾਂਦੀ ਹੈ। ਉਪਭੋਗਤਾ ਨੇ ਖੁੱਦ ਸੇਵਾਵਾਂ ਤੇ ਸ਼ਰਤਾਂ ਨੂੰ ਸਵੀਕਾਰ ਕੀਤਾ ਸੀ। ਹਾਲਾਂਕਿ ਕਿ ਕਮੀਸ਼ਨ ਦਾ ਮੰਨਣਾ ਸੀ ਕਿ ਕੰਪਨੀ ਨੇ ਜ਼ਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾਈ ਤੇ ਸੇਵਾ ਪ੍ਰਦਾਨ ਕਰਨ ‘ਚ ਅਣਗਹਿਲੀ ਵਰਤੀ।