ਕਰਜ਼ੇ ਦੇ ਬੋਝ ਹੇਠ ਦੱਬਿਆ ਅਮਰੀਕਾ! ਇਤਿਹਾਸ ‘ਚ ਪਹਿਲੀ ਵਾਰ 40 ਟ੍ਰਿਲੀਅਨ ਡਾਲਰ ਤੋਂ ਪਾਰ

Updated On: 

20 Aug 2026 13:21 PM IST

US Government Debt: ਅਮਰੀਕਾ ਦਾ ਕੁੱਲ ਸਰਕਾਰੀ ਕਰਜ਼ਾ ਪਹਿਲੀ ਵਾਰ 40.047 ਟ੍ਰਿਲੀਅਨ ਡਾਲਰ ਤੋਂ ਪਾਰ ਪਹੁੰਚ ਗਿਆ ਹੈ। ਜੇਕਰ ਅਮਰੀਕਾ ਨੇ ਵਧਦੇ ਖਰਚੇ ਅਤੇ ਕਰਜ਼ੇ 'ਤੇ ਕਾਬੂ ਨਾ ਪਾਇਆ ਤਾਂ ਦੇਸ਼ ਵਿੱਚ ਸਮੱਸਿਆ ਹੋਰ ਵਧ ਸਕਦੀ ਹੈ।

ਕਰਜ਼ੇ ਦੇ ਬੋਝ ਹੇਠ ਦੱਬਿਆ ਅਮਰੀਕਾ! ਇਤਿਹਾਸ ਚ ਪਹਿਲੀ ਵਾਰ 40 ਟ੍ਰਿਲੀਅਨ ਡਾਲਰ ਤੋਂ ਪਾਰ

ਕਰਜ਼ੇ ਹੇਠ ਦੱਬਿਆ ਅਮਰੀਕਾ

ਦੁਨੀਆ ਵਿੱਚ ਖੁਦ ਨੂੰ ਸਭ ਤੋਂ ਵੱਡੀ ਤਾਕਤ ਦੱਸਣ ਵਾਲਾ ਅਮਰੀਕਾ ਕਰਜ਼ੇ ਦੇ ਬੋਝ ਹੇਠਾਂ ਦੱਬਦਾ ਜਾ ਰਿਹਾ ਹੈ। ਅਮਰੀਕਾ ‘ਤੇ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕੀ ਟ੍ਰੇਜ਼ਰੀ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ਦਾ ਕੁੱਲ ਸਰਕਾਰੀ ਕਰਜ਼ਾ ਪਹਿਲੀ ਵਾਰ 40 ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਮੰਗਲਵਾਰ ਨੂੰ ਅਮਰੀਕਾ ਦਾ ਕੁੱਲ ਕਰਜ਼ਾ 40.047 ਟ੍ਰਿਲੀਅਨ ਡਾਲਰ ਦਰਜ ਕੀਤਾ ਗਿਆ। ਇੰਨੀ ਵੱਡੀ ਰਕਮ ਨੇ ਅਮਰੀਕਾ ਦੀ ਆਰਥਿਕ ਸਥਿਤੀ ਅਤੇ ਵਧਦੇ ਵਿੱਤੀ ਘਾਟੇ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।

ਅਮਰੀਕੀ ਸਰਕਾਰ ਦੇ ਕੁੱਲ ਕਰਜ਼ੇ ਵਿੱਚੋਂ ਲਗਭਗ 32.26 ਟ੍ਰਿਲੀਅਨ ਡਾਲਰ ਉਹ ਕਰਜ਼ਾ ਹੈ, ਜੋ ਆਮ ਨਿਵੇਸ਼ਕਾਂ ਅਤੇ ਸੰਸਥਾਵਾਂ ਕੋਲ ਮੌਜੂਦ ਅਮਰੀਕੀ ਸਰਕਾਰੀ ਬਾਂਡਾਂ ਦੇ ਰੂਪ ਵਿੱਚ ਹੈ। ਉੱਥੇ ਹੀ ਲਗਭਗ 7.782 ਟ੍ਰਿਲੀਅਨ ਡਾਲਰ ਸਰਕਾਰ ਦੀਆਂ ਵੱਖ-ਵੱਖ ਸੰਸਥਾਵਾਂ ਵਿਚਕਾਰ ਮੌਜੂਦ ਕਰਜ਼ਾ ਹੈ।

10 ਸਾਲ ਤੋਂ ਵੀ ਘੱਟ ਸਮੇਂ ਵਿੱਚ ਕਰਜ਼ਾ ਹੋਇਆ ਦੁੱਗਣਾ

ਅਮਰੀਕਾ ਦਾ ਕਰਜ਼ਾ ਜਿਸ ਤੇਜ਼ੀ ਨਾਲ ਵਧਿਆ ਹੈ, ਉਹ ਚਿੰਤਾ ਦਾ ਵੱਡਾ ਕਾਰਨ ਹੈ। ਜਨਵਰੀ 2017 ਵਿੱਚ ਜਦੋਂ ਡੋਨਾਲਡ ਟਰੰਪ ਪਹਿਲੀ ਵਾਰ ਰਾਸ਼ਟਰਪਤੀ ਬਣੇ ਸਨ, ਉਦੋਂ ਅਮਰੀਕਾ ਦਾ ਕੁੱਲ ਸਰਕਾਰੀ ਕਰਜ਼ਾ ਲਗਭਗ 19.95 ਟ੍ਰਿਲੀਅਨ ਡਾਲਰ ਸੀ। ਹੁਣ ਇਹ 40 ਟ੍ਰਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੋ ਗਿਆ ਹੈ। ਇਸ ਵਾਧੇ ਦਾ ਇੱਕ ਵੱਡਾ ਹਿੱਸਾ ਕੋਰੋਨਾ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਕੀਤੇ ਗਏ ਭਾਰੀ ਖਰਚੇ ਨਾਲ ਜੁੜਿਆ ਹੈ। ਮਹਾਮਾਰੀ ਦੌਰਾਨ ਅਰਥਵਿਵਸਥਾ ਨੂੰ ਸੰਭਾਲਣ ਅਤੇ ਲੋਕਾਂ ਤੇ ਕਾਰੋਬਾਰਾਂ ਦੀ ਮਦਦ ਕਰਨ ਲਈ ਅਮਰੀਕਾ ਨੇ ਵੱਡੇ ਪੱਧਰ ‘ਤੇ ਕਰਜ਼ਾ ਲਿਆ। ਇਸ ਵਿੱਚ ਟਰੰਪ ਅਤੇ ਬਾਅਦ ਵਿੱਚ ਰਾਸ਼ਟਰਪਤੀ ਬਣੇ ਜੋ ਬਾਈਡਨ, ਦੋਵਾਂ ਦੇ ਕਾਰਜਕਾਲ ਦੌਰਾਨ ਵੱਡੇ ਖਰਚੇ ਹੋਏ।

ਇਨ੍ਹਾਂ ਕਾਰਨਾਂ ਕਰਕੇ ਵੀ ਵਧਿਆ ਹੈ ਕਰਜ਼ਾ

ਦੂਜੇ ਪਾਸੇ ਮਾਹਰਾਂ ਦਾ ਕਹਿਣਾ ਹੈ ਕਿ ਵਧਦੇ ਕਰਜ਼ੇ ਲਈ ਸਿਰਫ਼ ਕੋਰੋਨਾ ਮਹਾਮਾਰੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਲੰਬੇ ਸਮੇਂ ਤੋਂ ਅਮਰੀਕਾ ਵਿੱਚ ਸਰਕਾਰੀ ਖਰਚੇ ਅਤੇ ਟੈਕਸ ਤੋਂ ਹੋਣ ਵਾਲੀ ਆਮਦਨ ਵਿਚਕਾਰ ਵੱਡਾ ਫ਼ਰਕ ਬਣਿਆ ਹੋਇਆ ਹੈ। ਟੈਕਸਾਂ ਵਿੱਚ ਕਟੌਤੀ ਅਤੇ ਵਧਦੇ ਸਰਕਾਰੀ ਖਰਚੇ ਨੇ ਵੀ ਕਰਜ਼ਾ ਵਧਾਉਣ ਵਿੱਚ ਭੂਮਿਕਾ ਨਿਭਾਈ ਹੈ।

ਆਰਥਿਕ ਸੰਕਟ ਦਾ ਖਦਸ਼ਾ

ਅਮਰੀਕਾ ਦੇ ਵਧਦੇ ਕਰਜ਼ੇ ਨੂੰ ਲੈ ਕੇ ਬਜਟ ‘ਤੇ ਨਜ਼ਰ ਰੱਖਣ ਵਾਲੀਆਂ ਸੰਸਥਾਵਾਂ ਨੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਖਰਚੇ ਅਤੇ ਆਮਦਨ ਵਿਚਕਾਰ ਸੰਤੁਲਨ ਨਹੀਂ ਬਣਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਗੰਭੀਰ ਵਿੱਤੀ ਸੰਕਟ ਖੜ੍ਹਾ ਹੋ ਸਕਦਾ ਹੈ। ਮਾਹਰਾਂ ਮੁਤਾਬਕ, ਸਰਕਾਰ ਨੂੰ ਜਾਂ ਤਾਂ ਟੈਕਸ ਤੋਂ ਹੋਣ ਵਾਲੀ ਆਮਦਨ ਵਧਾਉਣੀ ਪਵੇਗੀ, ਖਰਚੇ ਘਟਾਉਣੇ ਪੈਣਗੇ ਜਾਂ ਫਿਰ ਦੋਵੇਂ ਕਦਮ ਚੁੱਕਣੇ ਪੈਣਗੇ। ਅਮਰੀਕਾ ਦੇ ਵਧਦੇ ਕਰਜ਼ੇ ਦਾ ਅਸਰ ਸਿਰਫ਼ ਸਰਕਾਰ ਤੱਕ ਸੀਮਤ ਨਹੀਂ ਰਹਿੰਦਾ। ਵਧੇਰੇ ਸਰਕਾਰੀ ਕਰਜ਼ੇ ਦਾ ਅਸਰ ਮਹਿੰਗਾਈ, ਵਿਆਜ ਦਰਾਂ ਅਤੇ ਆਮ ਲੋਕਾਂ ਲਈ ਕਰਜ਼ੇ ਦੀ ਲਾਗਤ ‘ਤੇ ਵੀ ਪੈ ਸਕਦਾ ਹੈ।

ਵਿਆਜ ਦਾ ਖਰਚਾ ਵੀ ਵਧ ਰਿਹਾ

ਅਮਰੀਕੀ ਸਰਕਾਰ ਹਰ ਸਾਲ ਆਪਣੇ ਕਰਜ਼ੇ ‘ਤੇ ਭਾਰੀ ਰਕਮ ਵਿਆਜ ਵਜੋਂ ਅਦਾ ਕਰ ਰਹੀ ਹੈ। ਸਰਕਾਰ ਦੇ ਕੁੱਲ ਸਾਲਾਨਾ ਖਰਚੇ ਵਿੱਚੋਂ ਲਗਭਗ 1.1 ਟ੍ਰਿਲੀਅਨ ਡਾਲਰ ਸਿਰਫ਼ ਕਰਜ਼ੇ ਦੇ ਵਿਆਜ ਵਿੱਚ ਜਾ ਰਹੇ ਹਨ। ਵਿੱਤੀ ਸਾਲ 2025 ਵਿੱਚ ਪਹਿਲੀ ਵਾਰ ਅਮਰੀਕਾ ਦੇ ਕਰਜ਼ੇ ‘ਤੇ ਵਿਆਜ ਦਾ ਖਰਚਾ ਰੱਖਿਆ ਵਿਭਾਗ ਯਾਨੀ ਪੈਂਟਾਗਨ ਦੇ ਬਜਟ ਤੋਂ ਵੀ ਜ਼ਿਆਦਾ ਹੋ ਗਿਆ ਸੀ। ਵਿੱਤੀ ਸਾਲ 2026 ਦੇ ਪਹਿਲੇ 10 ਮਹੀਨਿਆਂ ਵਿੱਚ ਵਿਆਜ ਦਾ ਖਰਚਾ ਮੈਡੀਕੇਅਰ ‘ਤੇ ਹੋਣ ਵਾਲੇ ਖਰਚੇ ਤੋਂ ਵੀ ਅੱਗੇ ਨਿਕਲ ਗਿਆ ਅਤੇ ਸੋਸ਼ਲ ਸਿਕਿਓਰਿਟੀ ਤੋਂ ਬਾਅਦ ਸੰਘੀ ਬਜਟ ਦਾ ਦੂਜਾ ਸਭ ਤੋਂ ਵੱਡਾ ਖਰਚਾ ਬਣ ਗਿਆ। ਅਮਰੀਕਾ ਵਿੱਚ ਬਜ਼ੁਰਗਾਂ ਲਈ ਸੋਸ਼ਲ ਸਿਕਿਓਰਿਟੀ ਅਤੇ ਮੈਡੀਕੇਅਰ ਵਰਗੀਆਂ ਯੋਜਨਾਵਾਂ ‘ਤੇ ਖਰਚਾ ਲਗਾਤਾਰ ਵਧ ਰਿਹਾ ਹੈ। ਦੇਸ਼ ਦੀ ਬਜ਼ੁਰਗ ਆਬਾਦੀ ਵਧਣ ਕਾਰਨ ਇਨ੍ਹਾਂ ਯੋਜਨਾਵਾਂ ‘ਤੇ ਸਰਕਾਰ ਦਾ ਖਰਚਾ ਅੱਗੇ ਵੀ ਵਧ ਸਕਦਾ ਹੈ।

ਟਰੰਪ ਅਤੇ ਬਾਈਡਨ ਦੇ ਕਾਰਜਕਾਲ ਵਿੱਚ ਕਿੰਨਾ ਵਧਿਆ ਕਰਜ਼ਾ?

ਟਰੰਪ ਦੇ ਪਹਿਲੇ ਕਾਰਜਕਾਲ ਵਿੱਚ ਅਮਰੀਕਾ ਦਾ ਸਰਕਾਰੀ ਕਰਜ਼ਾ ਲਗਭਗ 7.8 ਟ੍ਰਿਲੀਅਨ ਡਾਲਰ ਵਧਿਆ। ਇਸ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਹੋਇਆ ਭਾਰੀ ਖਰਚਾ ਵੀ ਸ਼ਾਮਲ ਸੀ। ਜੋ ਬਾਈਡਨ ਦੇ ਕਾਰਜਕਾਲ ਵਿੱਚ ਸਰਕਾਰੀ ਕਰਜ਼ਾ ਲਗਭਗ 8.4 ਟ੍ਰਿਲੀਅਨ ਡਾਲਰ ਵਧਿਆ। ਉਨ੍ਹਾਂ ਦੇ ਕਾਰਜਕਾਲ ਵਿੱਚ ਕੋਰੋਨਾ ਤੋਂ ਬਾਅਦ ਆਰਥਿਕ ਮਦਦ ਤੋਂ ਇਲਾਵਾ ਇਨਫ੍ਰਾਸਟਰੱਕਚਰ, ਕਲੀਨ ਐਨਰਜੀ ਅਤੇ ਹੋਰ ਯੋਜਨਾਵਾਂ ‘ਤੇ ਵੀ ਵੱਡਾ ਖਰਚਾ ਹੋਇਆ।

ਟਰੰਪ ਦੇ ਦੂਜੇ ਕਾਰਜਕਾਲ ਵਿੱਚ ਜਨਵਰੀ 2025 ਤੋਂ ਹੁਣ ਤੱਕ ਅਮਰੀਕਾ ਦਾ ਕਰਜ਼ਾ ਲਗਭਗ 3.8 ਟ੍ਰਿਲੀਅਨ ਡਾਲਰ ਵਧ ਚੁੱਕਾ ਹੈ। ਦੋਵੇਂ ਕਾਰਜਕਾਲਾਂ ਨੂੰ ਮਿਲਾ ਕੇ ਟਰੰਪ ਦੇ ਰਾਸ਼ਟਰਪਤੀ ਰਹਿਣ ਦੌਰਾਨ ਕਰਜ਼ੇ ਵਿੱਚ ਕੁੱਲ ਵਾਧਾ ਲਗਭਗ 11.6 ਟ੍ਰਿਲੀਅਨ ਡਾਲਰ ਦੱਸਿਆ ਗਿਆ ਹੈ। ਟਰੰਪ ਦੀ ਦੂਜੀ ਸਰਕਾਰ ਨੇ ਖਰਚੇ ਘਟਾਉਣ ਦੀਆਂ ਕੋਸ਼ਿਸ਼ਾਂ ਦਾ ਦਾਅਵਾ ਕੀਤਾ ਹੈ, ਪਰ ਮਾਹਰਾਂ ਮੁਤਾਬਕ ਬਜਟ ਦਾ ਵੱਡਾ ਹਿੱਸਾ ਉਨ੍ਹਾਂ ਯੋਜਨਾਵਾਂ ‘ਤੇ ਖਰਚ ਹੁੰਦਾ ਹੈ, ਜਿਨ੍ਹਾਂ ਵਿੱਚ ਤੁਰੰਤ ਕਟੌਤੀ ਕਰਨਾ ਆਸਾਨ ਨਹੀਂ ਹੈ। ਇਨ੍ਹਾਂ ਵਿੱਚ ਸੋਸ਼ਲ ਸਿਕਿਓਰਿਟੀ, ਮੈਡੀਕੇਅਰ, ਮੈਡੀਕੇਡ ਅਤੇ ਸਾਬਕਾ ਸੈਨਿਕਾਂ ਦੀਆਂ ਸਹੂਲਤਾਂ ਸ਼ਾਮਲ ਹਨ।

Source:TV9Hindi.com

Loading...
Unable to load recommendations.
Follow Us