ਟਮਾਟਰਾਂ ਅਤੇ ਸਬਜੀਆਂ ‘ਤੇ ਪਈ ਹੜ੍ਹ ਦੀ ਮਾਰ, ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ 300 ਰੁਪਏ ਫੀ ਕਿਲੋ ਮਿਲ ਰਿਹਾ ਟਮਾਟਰ ਤਾਂ ਦੂਜੀਆਂ ਸਬਜੀਆਂ ਵੀ ਪਹੁੰਚ ਤੋਂ ਪਰੇ

Updated On: 

12 Jul 2023 14:46 PM

Tomato Rates Hike: ਪੰਜਾਬ ਤੋਂ ਇਲਾਵਾ ਦੇਸ਼ ਦੇ ਕਈ ਸ਼ਹਿਰ ਅਜਿਹੇ ਹਨ ਜਿੱਥੇ ਟਮਾਟਰ ਦੀ ਕੀਮਤ 150 ਰੁਪਏ ਤੋਂ ਪਾਰ ਚੱਲ ਰਹੀ ਹੈ। ਧਰਮਸ਼ਾਲਾ, ਮੈਨਪੁਰੀ, ਰਾਏਸਨ, ਧਾਰਨੀ, ਝਾਲਾਵਾੜ, ਸਾਹਿਬਗੰਜ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਟਮਾਟਰ 160 ਰੁਪਏ ਪ੍ਰਤੀ ਕਿਲੋ ਅਤੇ ਹੁਸ਼ਿਆਰਪੁਰ ਵਿੱਚ 158 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ।

ਟਮਾਟਰਾਂ ਅਤੇ ਸਬਜੀਆਂ ਤੇ ਪਈ ਹੜ੍ਹ ਦੀ ਮਾਰ, ਹੜ੍ਹ ਪ੍ਰਭਾਵਿਤ ਇਲਾਕਿਆਂ ਚ 300 ਰੁਪਏ ਫੀ ਕਿਲੋ ਮਿਲ ਰਿਹਾ ਟਮਾਟਰ ਤਾਂ ਦੂਜੀਆਂ ਸਬਜੀਆਂ ਵੀ ਪਹੁੰਚ ਤੋਂ ਪਰੇ
Follow Us On

ਪੰਜਾਬ ਦੇ ਜਿਆਦਾਤਰ ਇਲਾਕੇ ਇਨ੍ਹੀਂ ਦਿਨੀ ਹੜ੍ਹ ਦੇ ਲਪੇਟ ਵਿੱਚ ਹਨ। ਭਾਰੀ ਮੀਂਹ ਨਾਲ ਨਦੀਆਂ ਅਤੇ ਦਰਿਆਵਾਂ ਵਿੱਚ ਆਏ ਪਾਣੀ ਦੇ ਤੇਜ਼ ਵਹਾਅ ਕਰਕੇ ਕਈ ਥਾਵਾਂ ਤੇ ਇਨ੍ਹਾਂ ਚ ਪਾੜ ਵੀ ਪੈ ਗਏ ਹਨ। ਜੋ ਲੋਕਾਂ ਲਈ ਹੋਰ ਵੀ ਮੁਸੀਬਤ ਦੀ ਵਜ੍ਹਾ ਬਣ ਰਹੇ ਹਨ। ਇੱਕ ਪਾਸੇ ਜਿੱਥੇ ਪਾਣੀ ਨੇ ਪਰੇਸ਼ਾਨੀਆਂ ਵਧਾਈਆਂ ਹੋਈਆਂ ਹਨ ਤਾਂ ਦੂਜੇ ਪਾਸੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਚਾਨਕ ਸਬਜੀਆਂ ਦੀਆਂ ਕੀਮਤਾਂ ਵਿੱਚ ਵੀ ਭਾਰੀ ਉਛਾਲ ਆ ਗਿਆ ਹੈ। ਉਂਝ ਤਾਂ ਟਮਾਟਰ ਦੀਆਂ ਕੀਮਤਾਂ ਇਨ੍ਹੀਂ ਦਿਨੀਂ ਪੂਰੇ ਦੇਸ਼ ਵਿੱਚ ਹੀ ਵਧੀਆਂ ਹੋਈਆਂ ਹਨ, ਪਰ ਪੰਜਾਬ ਵਿੱਚ ਇਸ ਵੇਲ੍ਹੇ ਟਮਾਟਰ ਦੀ ਕੀਮਤ ਸਭ ਤੋਂ ਜਿਆਦਾ ਵੇਖਣ ਨੂੰ ਮਿਲ ਰਹੀ ਹੈ।

ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਟਮਾਟਰ 300 ਰੁਪਏ ਫੀ ਕਿੱਲੋ ਤੱਕ ਵਿੱਕ ਰਿਹਾ ਹੈ। ਅੰਮ੍ਰਿਤਸਰ ਦੀ ਸਬਜ਼ੀ ਮੰਡੀ ਦੇ ਥੋਕ ਵਪਾਰੀ ਕਿਸ਼ਨ ਲਾਲ ਦਾ ਕਹਿਣਾ ਹੈ ਕਿ ਥੋੜੀ ਘਟਿਆ ਕੁਆਲਟੀ ਦਾ ਟਮਾਟਰ 120-180 ਰੁਪਏ ਕਿਲੋ ਮਿਲ ਰਿਹਾ ਹੈ, ਜਦਕਿ ਵਧੀਆ ਕੁਆਲਟੀ ਵਾਲਾ ਟਮਾਟਰ ਸ਼ਹਿਰ ਦੇ ਜਿਆਦਾਤਰ ਇਲਾਕਿਆਂ ਵਿੱਚ 250 ਤੋਂ 300 ਰੁਪਏ ਫੀ ਕਿਲੋ ਵੀ ਮਿਲ ਰਿਹਾ ਹੈ। ਟਮਾਟਰ ਦੇ ਨਾਲ-ਨਾਲ ਹੋਰਨਾ ਸਬਜੀਆਂ ਵੀ ਆਮ ਆਦਮੀ ਦੀ ਪਹੁੰਚ ਤੋਂ ਪਰੇ ਹਨ।

ਇਨ੍ਹਾਂ ਸ਼ਹਿਰਾਂ ‘ਚ ਟਮਾਟਰ ਦੀ ਕੀਮਤ 200 ਰੁਪਏ

ਇੱਕ ਪਾਸੇ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਟਮਾਟਰ ਦੀਆਂ ਕੀਮਤਾਂ 250-300 ਰੁਪਏ ਦੇ ਪਾਰ ਹਨ ਤਾਂ ਉੱਥੇ ਹੀ ਖਪਤਕਾਰ ਮਾਮਲੇ ਵਿਭਾਗ ਦੀ ਵੈੱਬਸਾਈਟ ਅਨੁਸਾਰ ਬਠਿੰਡਾ ਵਿੱਚ ਟਮਾਟਰ ਦੀ ਕੀਮਤ 203 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਦੂਜੇ ਪਾਸੇ ਬਰਨਾਲਾ ਵਿੱਚ ਟਮਾਟਰ ਦਾ ਭਾਅ 200 ਰੁਪਏ ਪ੍ਰਤੀ ਕਿਲੋ, ਸ੍ਰੀ ਮੁਕਤਸਰ ਸਾਹਿਬ ਵਿੱਚ 160 ਰੁਪਏ ਅਤੇ ਹੁਸ਼ਿਆਰਪੁਰ ਵਿੱਚ 158 ਰੁਪਏ ਪ੍ਰਤੀ ਕਿਲੋ ਤੱਕ ਚਲਾ ਗਿਆ ਹੈ, ਜਲੰਧਰ ਵਿੱਚ 130-150 ਰੁਪਏ, ਪਟਿਆਲਾ ਵਿੱਚ 160 ਰੁਪਏ ਕਿਲੋ ਦੱਸੀ ਜਾ ਰਹੀ ਹੈ

ਦੇਸ਼ ਵਿੱਚ ਵੀ 250 ਰੁਪਏ ਤੱਕ ਪਹੁੰਚ ਸਕਦੇ ਹਨ ਰੇਟ

ਦਿੱਲੀ ਦੀ ਗਾਜ਼ੀਪੁਰ ਸਬਜ਼ੀ ਮੰਡੀ ਦੇ ਪ੍ਰਧਾਨ ਸਤਿਆਦੇਵ ਪ੍ਰਸਾਦ ਦਾ ਕਹਿਣਾ ਹੈ ਕਿ ਫਿਲਹਾਲ ਟਮਾਟਰਾਂ ਦੇ ਭਾਅ ਹਿਮਾਚਲ ਤੋਂ ਆ ਰਹੀ ਸਪਲਾਈ ਦੇ ਹਿਸਾਬ ਨਾਲ ਤੈਅ ਕੀਤੇ ਜਾ ਰਹੇ ਹਨ। ਇਸ ਸਮੇਂ ਪੂਰੇ ਦੇਸ਼ ਨੂੰ ਸਿਰਫ ਹਿਮਾਚਲ ਪ੍ਰਦੇਸ਼ ਹੀ ਟਮਾਟਰ ਦੀ ਸਪਲਾਈ ਕਰ ਰਿਹਾ ਹੈ। ਮੰਗ ਜ਼ਿਆਦਾ ਹੈ ਅਤੇ ਸਪਲਾਈ ਬਹੁਤ ਘੱਟ ਹੈ। ਮੀਂਹ ਕਾਰਨ ਆਵਾਜਾਈ ਦੇ ਵਿੱਚ ਵੀ ਕਾਫੀ ਦਿੱਕਤਾਂ ਆ ਰਹੀਆਂ ਹਨ। ਅਜਿਹੇ ‘ਚ ਅਗਲੇ ਡੇਢ ਹਫਤੇ ‘ਚ ਟਮਾਟਰ ਦੀ ਕੀਮਤ 250 ਰੁਪਏ ਤੱਕ ਜਾ ਸਕਦੀ ਹੈ। ਜੁਲਾਈ ਦੇ ਮਹੀਨੇ ਵਿੱਚ ਟਮਾਟਰਾਂ ਨੂੰ ਲੈ ਕੇ ਕਾਫੀ ਦਿੱਕਤਾਂ ਆ ਸਕਦੀਆਂ ਹਨ। ਕਿਉਂਕਿ ਇਤਿਹਾਸ ਵਿੱਚ ਪਹਿਲੀ ਵਾਰ ਟਮਾਟਰ ਦੀ ਕੀਮਤ 200 ਰੁਪਏ ਨੂੰ ਪਾਰ ਕਰ ਗਈ ਹੈ।

ਮਾਨਸੂਨ ਦੌਰਾਨ ਕਿਉਂ ਮਹਿੰਗਾ ਹੁੰਦਾ ਹੈ ਟਮਾਟਰ

ਮੀਂਹ ਦੇ ਮੌਸਮ ਦੌਰਾਨ ਆਖ਼ਰ ਟਮਾਟਰ ਦੀਆਂ ਕੀਮਤਾਂ ਹਰ ਸਾਲ ਕਿਉਂ ਵੱਧ ਜਾਂਦੀਆਂ ਹਨ। ਇਸ ਪਿੱਛੇ ਜੋ ਮੁੱਖ ਵਜ੍ਹਾ ਹੈ, ਉਹ ਹੈ ਆਵਾਜਾਹੀ ਦੀ ਸਮੱਸਿਆ। ਮੀਂਹ ਦੌਰਾਨ ਟਮਾਟਰਾਂ ਦੀ ਢੋਆ-ਢੁਆਹੀ ਕਰਨ ਵਾਲੇ ਵਾਹਨਾਂ ਦੀ ਰਫਤਾਰ ਮੱਠੀ ਪੈ ਜਾਂਦੀ ਹੈ। ਟਮਾਟਰ ਬਹੁਤ ਛੇਤੀ ਖਰਾਬ ਹੋਣ ਵਾਲੀ ਸਬਜ਼ੀ ਹੈ। ਇਸ ਲਈ ਮੀਂਹ ਕਾਰਨ ਰਾਹ ਬੰਦ ਹੋ ਜਾਂਦੇ ਹਨ ਅਤੇ ਵਾਹਨਾਂ ਨੂੰ ਮੰਡੀਆਂ ਵਿੱਚ ਪਹੁੰਚਣ ਚ ਜਿਆਦਾ ਸਮਾਂ ਲੱਗਦਾ ਹੈ। ਇਸ ਦੌਰਾਨ ਕਾਫੀ ਮਾਤਰਾ ਵਿੱਚ ਟਮਾਟਰ ਦੀ ਫਸਲ ਖਰਾਬ ਹੋਣ ਲੱਗਦੀ ਹੈ। ਨਾਲ ਹੀ ਮੰਗ ਜਿਆਦਾ ਅਤੇ ਸਪਲਾਈ ਘੱਟ ਹੋਣ ਕਰਕੇ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਲੱਗਦਾ ਹੈ।

ਹੋਰਨਾ ਸਬਜੀਆਂ ਦੇ ਰੇਟ ਵੀ ਚੜ੍ਹੇ ਅਸਮਾਨੀ

ਟਮਾਟਰ ਤੋਂ ਇਲਾਵਾ ਬਾਕੀ ਸਾਰੀਆਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀਆਂ ਕੀਮਤਾਂ ਵੀ ਇਨ੍ਹੀਂ ਦਿਨੀਂ ਆਮ ਆਦਮੀ ਦੀ ਰਸੋਈ ਦਾ ਬਜਟ ਵਿਗਾੜ ਰਹੀਆਂ ਹਨ। ਹਰ ਰਸੋਈ ਦੀ ਸ਼ਾਨ ਸਮਝੇ ਜਾਣ ਵਾਲੇ ਆਲੂ ਅਤੇ ਪਿਆਜ਼ ਵੀ 30 ਤੋਂ 70 ਰੁਪਏ ਦੇ ਵਿਚਕਾਰ ਵਿੱਕ ਰਹੇ ਹਨ। ਭਿੰਡੀ 100 ਰੁਪਏ ਕਿੱਲੋ, ਗੋਭੀ 150 ਰੁਪਏ, ਬੀਨਸ 40 ਤੋਂ 60 ਰੁਪਏ, ਬੈਂਗਨ ਦੀ 60 ਰੁਪਏ ਤੋਂ ਵਧ ਕੇ 80 ਰੁਪਏ ਪ੍ਰਤੀ ਕਿਲੋ , ਤੋਰੀ 60-80 ਰੁਪਏ ਫੀ ਕਿਲੋ ਅਤੇ ਕੱਦੂ 50 ਤੋਂ 70 ਰੁਪਏ ਫੀ ਕਿਲੋ ਤੇ ਵਿੱਕ ਰਿਹਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਹਾਲੇ ਇਨ੍ਹੀ ਛੇਤੀ ਸਬਜੀਆਂ ਦੀਆਂ ਕੀਮਤਾਂ ਚ ਕਮੀ ਨਹੀਂ ਆਉਣ ਵਾਲੀ ਹੈ। ਅਗਸਤ ਤੇ ਮੱਧ ਵਿੱਚ ਇਨ੍ਹਾਂ ਦੇ ਰੇਟਾਂ ਵਿੱਚ ਕਮੀ ਆਉਣੀ ਸ਼ੁਰੂ ਹੋਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ