ਸਬਜੀਆਂ ‘ਤੇ ਵੀ ਟੁੱਟਿਆ ਮੀਂਹ ਦਾ ਕਹਿਰ, 200 ਰੁਪਏ ਤੱਕ ਪਹੁੰਚ ਸਕਦੇ ਹਨ ਟਮਾਟਰ ਦੇ ਭਾਅ, ਹੋਰਨਾਂ ਸਬਜੀਆਂ ਵੀ ਪਹੁੰਚ ਤੋਂ ਬਾਹਰ
ਪੂਰੇ ਦੇਸ਼ ਵਿੱਚ ਮੀਂਹ ਪੈ ਰਿਹਾ ਹੈ ਅਤੇ ਇਸਦਾ ਸਿੱਧਾ ਅਸਰ ਲੋਕਾਂ ਦੀ ਰਸੋਈ ਤੇ ਪੈ ਰਿਹਾ ਹੈ। ਇਸ ਬਰਸਾਤ ਦੇ ਮੌਸਮ ਵਿੱਚ ਸਪੱਸ਼ਟ ਸੰਕੇਤ ਮਿਲ ਚੁੱਕੇ ਹਨ ਕਿ ਟਮਾਟਰ (Tomato) ਅਤੇ ਹੋਰ ਸਬਜ਼ੀਆਂ ਦੇ ਭਾਅ ਵਿੱਚ ਕੋਈ ਰਾਹਤ ਨਹੀਂ ਮਿਲੇਗੀ। ਇਸ ਦੇ ਨਾਲ ਹੀ ਇਹ ਵੀ ਸੰਕੇਤ ਹੈ ਕਿ ਟਮਾਟਰ ਦੀ ਕੀਮਤ ਵਿੱਚ ਹੋਰ ਵਾਧਾ ਦੇਖਿਆ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਟਮਾਟਰ ਦੀ ਥੋਕ ਕੀਮਤ 150 ਰੁਪਏ ਪ੍ਰਤੀ ਕਿਲੋ ਤੱਕ ਜਾ ਸਕਦੀ ਹੈ।
ਇਸ ਦਾ ਮਤਲਬ ਹੈ ਕਿ ਅਗਲੇ ਕੁਝ ਦਿਨਾਂ ‘ਚ ਟਮਾਟਰ ਦੀ ਕੀਮਤ 200 ਰੁਪਏ ਤੱਕ ਪਹੁੰਚ ਸਕਦੀ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਟਮਾਟਰ ਦੀਆਂ ਕੀਮਤਾਂ ਕਿਸ ਨਵੇਂ ਪੱਧਰ ‘ਤੇ ਪਹੁੰਚ ਸਕਦੀਆਂ ਹਨ। ਦਰਅਸਲ ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਜਾਰੀ ਹੈ, ਜਿਸ ਕਾਰਨ ਵਾਢੀ ਅਤੇ ਢੋਆ-ਢੁਆਈ ‘ਚ ਰੁਕਾਵਟ ਆ ਰਹੀ ਹੈ।
ਮੀਂਹ ਨਾਲ ਇਨ੍ਹਾਂ ਫ਼ਸਲਾਂ ਨੂੰ ਨੁਕਸਾਨ
ਉੱਤਰੀ ਭਾਰਤ ਦੇ ਪਹਾੜੀ ਖੇਤਰਾਂ ਵਿੱਚ ਰਿਕਾਰਡ ਮੀਂਹ ਕਾਰਨ ਸਬਜ਼ੀਆਂ ਜਿਵੇਂ ਫੁੱਲ ਗੋਭੀ, ਪੱਤਾ ਗੋਭੀ, ਖੀਰਾ, ਪੱਤੇਦਾਰ ਸਾਗ ਆਦਿ ਵੀ ਮਹਿੰਗੀਆਂ ਹੋ ਸਕਦੀਆਂ ਹਨ। ਇੰਡੀਅਨ ਇੰਸਟੀਚਿਊਟ ਆਫ ਹਾਰਟੀਕਲਚਰਲ ਰਿਸਰਚ, ਬੈਂਗਲੁਰੂ ਦੇ ਡਾਇਰੈਕਟਰ ਐਸਕੇ ਸਿੰਘ ਨੇ ਦੱਸਿਆ ਕਿ ਉੱਤਰੀ ਭਾਰਤ ਖਾਸ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਇਨ੍ਹਾਂ ਸਬਜੀਆਂ ਦੀਆਂ ਖੜ੍ਹੀਆਂ ਫਸਲਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ। ਪਾਣੀ ਭਰਨ ਕਾਰਨ ਵਾਇਰਸ ਅਤੇ ਵਿਲਟ ਫਸਲ ਨੂੰ ਸੜਾ ਦੇਣਗੇ, ਜਿਸ ਕਾਰਨ ਕੀਮਤਾਂ ਕਾਫੀ ਹੱਦ ਤੱਕ ਵਧ ਜਾਣਗੀਆਂ। ਇਸ ਸੀਜ਼ਨ ਵਿੱਚ ਹਿਮਾਚਲ ਨਾ ਸਿਰਫ਼ ਦਿੱਲੀ ਸਗੋਂ ਦੇਸ਼ ਦੇ ਕਈ ਰਾਜਾਂ ਨੂੰ ਫੁੱਲ ਗੋਭੀ, ਪੱਤਾ ਗੋਭੀ ਅਤੇ ਸ਼ਿਮਲਾ ਮਿਰਚ ਦਾ ਮੁੱਖ ਸਪਲਾਇਰ ਹੈ। ਸਿੰਘ ਨੇ ਕਿਹਾ ਕਿ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਕਾਰਨ ਖਪਤਕਾਰ ਦਾਲਾਂ ਵੱਲ ਰੁਖ ਕਰ ਰਹੇ ਹਨ। ਇਸ ਦਾ ਅਸਰ ਦਾਲਾਂ ਦੀਆਂ ਕੀਮਤਾਂ ‘ਤੇ ਵੀ ਦੇਖਿਆ ਜਾ ਸਕਦਾ ਹੈ ਜੋ ਪਹਿਲਾਂ ਹੀ ਵਧ ਚੁੱਕੀਆਂ ਹਨ।
ਥੋਕ ਕੀਮਤਾਂ ਚ ਹੋ ਸਕਦਾ ਹੈ ਭਾਰੀ ਵਾਧਾ
ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਰਾਜਸਥਾਨ, ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਪਿਛਲੇ ਹਫ਼ਤੇ ਭਾਰੀ ਮੀਂਹ ਪਿਆ ਹੈ ਅਤੇ ਅੱਗਲੇ ਕੁਝ ਦਿਨ ਵੀ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। 8 ਜੁਲਾਈ ਨੂੰ ਦਿੱਲੀ ‘ਚ 40 ਸਾਲਾਂ ਦਾ ਰਿਕਾਰਡ ਤੋੜਿਆ। ਜ਼ਮੀਨ ਖਿਸਕਣ ਕਾਰਨ ਕਈ ਵੱਡੀਆਂ ਸੜਕਾਂ ਦੇ ਬੰਦ ਹੋਣ ਕਾਰਨ ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਢੋਆ-ਢੁਆਈ ਰੁਕ ਜਾਵੇਗੀ। ਦਿੱਲੀ ਦੇ ਆਜ਼ਾਦਪੁਰ ਦੇ ਥੋਕ ਟਮਾਟਰ ਵਪਾਰੀ ਅਮਿਤ ਮਲਿਕ ਨੇ ਕਿਹਾ ਕਿ ਸਾਨੂੰ ਡਰ ਹੈ ਕਿ ਇੱਕ ਹਫ਼ਤੇ ਵਿੱਚ ਟਮਾਟਰ ਦੀਆਂ ਥੋਕ ਕੀਮਤਾਂ ਵਿੱਚ 140-150 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋ ਸਕਦਾ ਹੈ ਕਿਉਂਕਿ ਭਾਰੀ ਮੀਂਹ ਕਾਰਨ ਉੱਤਰੀ ਭਾਰਤੀ ਰਾਜਾਂ ਤੋਂ ਸਥਾਨਕ ਸਪਲਾਈ ਘਟਣ ਦੀ ਸੰਭਾਵਨਾ ਹੈ।
ਅਗਸਤ ਤੋਂ ਬਾਅਦ ਹੇਠਾਂ ਆ ਸਕਦੀਆਂ ਹਨ ਕੀਮਤਾਂ
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਥੋਕ ਮੰਡੀਆਂ ਵਿੱਚ ਟਮਾਟਰ ਦਾ ਭਾਅ ਮੌਜੂਦਾ ਸਮੇਂ ਵਿੱਚ 40-110 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪ੍ਰਚੂਨ ਵਿੱਚ 100-160 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਹੈ ਕਿਉਂਕਿ ਉਤਪਾਦਕਾਂ ਵੱਲੋਂ ਪਿਛਲੇ ਸਾਲ ਦੇ ਘਾਟੇ ਕਾਰਨ ਬਿਜਾਈ ਘਟਾ ਦਿੱਤੀ ਗਈ ਸੀ। ਬੈਂਗਲੁਰੂ ‘ਚ ਵੀ ਇਸ ਸਾਲ ਫਸਲ ਘੱਟ ਹੋਈ ਹੈ। ਸਿੰਘ ਨੇ ਕਿਹਾ ਕਿ ਬੰਗਲੁਰੂ ਵਿੱਚ ਟਮਾਟਰ ਦੀ ਪੈਦਾਵਾਰ ਵਿੱਚ ਗਿਰਾਵਟ ਆਈ ਹੈ ਕਿਉਂਕਿ ਫਸਲ ਪਹਿਲਾਂ ਬੇਮੌਸਮੀ ਬਾਰਿਸ਼ ਕਾਰਨ ਵਾਇਰਲ ਬਿਮਾਰੀਆਂ ਦੀ ਮਾਰ ਹੇਠ ਸੀ। ਮਾਹਿਰਾਂ ਮੁਤਾਬਕ ਟਮਾਟਰ ਦੀਆਂ ਕੀਮਤਾਂ ‘ਚ ਕਮੀ ਅਗਸਤ ਤੋਂ ਬਾਅਦ ਹੀ ਕਮੀ ਦੇਖਣ ਨੂੰ ਮਿਲ ਸਕਦੀ ਹੈ, ਉਦੋਂ ਟਮਾਟਰ ਹੋਰ ਹਿੱਸਿਆਂ ਜਿਵੇਂ ਸੋਲਾਪੁਰ, ਪੁਣੇ, ਨਾਸਿਕ ਅਤੇ ਸੋਲਨ ਤੋਂ ਆਉਣਾ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ