ਟਰੰਪ ਦੀ ਟੀਮ ‘ਚ ਭਾਰਤੀਆਂ ਦੀ ਧਮਕ, ਚੰਡੀਗੜ੍ਹ ਦੀ ਹਰਮੀਤ ਨੂੰ ਮਿਲੀ ਇਹ ਵੱਡੀ ਜ਼ਿੰਮੇਵਾਰੀ
ਭਾਰਤੀ-ਅਮਰੀਕੀ ਹਰਮੀਤ ਕੇ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਸਹਾਇਕ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਹਰਮੀਤ ਕੇ ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਨਿਯੁਕਤ ਕਰਕੇ ਖੁਸ਼ੀ ਹੋ ਰਹੀ ਹੈ।
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੀਮ ਤੋਂ ਭਾਰਤੀਆਂ ਦਾ ਦਬਦਬਾ ਵਧਦਾ ਜਾ ਰਿਹਾ ਹੈ। ਇਸ ਸੂਚੀ ‘ਚ ਨਵਾਂ ਨਾਂ ਹਰਮੀਤ ਕੇ ਢਿੱਲੋਂ ਦਾ ਸ਼ਾਮਲ ਹੋਇਆ ਹੈ। ਟਰੰਪ ਨੇ ਭਾਰਤੀ-ਅਮਰੀਕੀ ਹਰਮੀਤ ਕੇ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਸਹਾਇਕ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ। ਟਰੰਪ ਨੇ ਖੁਦ ਇਸ ਦਾ ਐਲਾਨ ਕੀਤਾ ਹੈ।
ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਹਰਮੀਤ ਕੇ ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਨਿਯੁਕਤ ਕਰਕੇ ਖੁਸ਼ ਹਾਂ। ਟਰੰਪ ਨੇ ਕਿਹਾ, ਹਰਮੀਤ ਆਪਣੇ ਪੂਰੇ ਕਰੀਅਰ ਦੌਰਾਨ ਨਾਗਰਿਕ ਸੁਤੰਤਰਤਾ ਦੀ ਰੱਖਿਆ ਲਈ ਖੜ੍ਹਾ ਰਿਹਾ ਹੈ। ਹਰਮੀਤ ਅਮਰੀਕਾ ਦੇ ਚੋਟੀ ਦੇ ਵਕੀਲਾਂ ਵਿੱਚੋਂ ਇੱਕ ਹਨ। ਉਹ ਡਾਰਟਮਾਊਥ ਕਾਲਜ ਤੇ ਯੂਨੀਵਰਸਿਟੀ ਆਫ਼ ਵਰਜੀਨੀਆ ਲਾਅ ਸਕੂਲ ਤੋਂ ਗ੍ਰੈਜੂਏਟ ਹਨ।
ਚੰਡੀਗੜ੍ਹ ਵਿੱਚ ਹੋਇਆ ਹਰਮੀਤ ਢਿੱਲੋਂ ਦਾ ਜਨਮ
ਡੋਨਾਲਡ ਟਰੰਪ ਨੇ ਕਿਹਾ ਕਿ ਹਰਮੀਤ ਸਿੱਖ ਭਾਈਚਾਰੇ ਦਾ ਸਤਿਕਾਰਤ ਮੈਂਬਰ ਹੈ। ਨਿਆਂ ਵਿਭਾਗ ਵਿਖੇ ਹਰਮੀਤ ਸਾਡੇ ਸੰਵਿਧਾਨਕ ਅਧਿਕਾਰਾਂ ਦਾ ਅਣਥੱਕ ਰਖਵਾਲਾ ਹੋਵੇਗਾ ਅਤੇ ਸਾਡੇ ਨਾਗਰਿਕ ਅਧਿਕਾਰਾਂ ਤੇ ਚੋਣ ਕਾਨੂੰਨਾਂ ਨੂੰ ਨਿਰਪੱਖ ਅਤੇ ਜ਼ੋਰਦਾਰ ਢੰਗ ਨਾਲ ਲਾਗੂ ਕਰੇਗਾ।
ਹਰਮੀਤ ਢਿੱਲੋਂ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਅਮਰੀਕਾ ਚਲੇ ਗਏ ਜਦੋਂ ਉਹ ਛੋਟੀ ਸੀ। 2016 ਵਿੱਚ, ਉਹ ਕਲੀਵਲੈਂਡ ਵਿੱਚ GOP ਸੰਮੇਲਨ ਦੇ ਮੰਚ ‘ਤੇ ਮੌਜੂਦ ਰਹਿਣ ਵਾਲੀ ਪਹਿਲੀ ਭਾਰਤੀ-ਅਮਰੀਕੀ ਸੀ।
ਇਨ੍ਹਾਂ ਭਾਰਤੀਆਂ ਨੂੰ ਟਰੰਪ ਦੀ ਟੀਮ ‘ਚ ਮਿਲੀ ਜਗ੍ਹਾ
ਡੋਨਾਲਡ ਟਰੰਪ ਨੇ ਹੁਣ ਤੱਕ ਕਈ ਭਾਰਤੀਆਂ ਨੂੰ ਆਪਣੀ ਟੀਮ ‘ਚ ਨਾਮਜ਼ਦ ਕੀਤਾ ਹੈ। ਨਵੇਂ ਚੁਣੇ ਗਏ ਉਪ ਪ੍ਰਧਾਨ ਜੇਡੀ ਵਾਂਸ ਦੀ ਪਤਨੀ ਊਸ਼ਾ ਚਿਲੁਕੁਰੀ ਭਾਰਤੀ ਮੂਲ ਦੇ ਹਨ। ਊਸ਼ਾ ਆਂਧਰਾ ਪ੍ਰਦੇਸ਼ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ
ਵਿਵੇਕ ਰਾਮਾਸਵਾਮੀ, ਜਿਨ੍ਹਾਂ ਨੂੰ ਕੁਸ਼ਲਤਾ ਵਧਾਉਣ ਵਾਲੇ ਵਿਭਾਗ ਦੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਸੀ, ਉਨ੍ਹਾਂ ਦੇ ਵੀ ਕੇਰਲ ਨਾਲ ਸਬੰਧ ਹਨ। ਉਨ੍ਹਾਂ ਦੇ ਮਾਤਾ-ਪਿਤਾ ਕੇਰਲਾ ਤੋਂ ਅਮਰੀਕਾ ਆ ਕੇ ਵਸੇ ਸਨ ਅਤੇ ਇੱਥੇ ਹੀ ਉਨ੍ਹਾਂ ਦਾ ਜਨਮ ਹੋਇਆ ਸੀ। ਇਸ ਤੋਂ ਇਲਾਵਾ ਕੋਲਕਾਤਾ ਵਿੱਚ ਜਨਮੇ ਜੈ ਭੱਟਾਚਾਰੀਆ ਨੂੰ ਟਰੰਪ ਨੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਡਾਇਰੈਕਟਰ ਦੇ ਅਹੁਦੇ ਲਈ ਚੁਣਿਆ ਹੈ।
ਇੰਨਾ ਹੀ ਨਹੀਂ ਟਰੰਪ ਨੇ ਤੁਲਸੀ ਗਬਾਰਡ ਨੂੰ ਨੈਸ਼ਨਲ ਇੰਟੈਲੀਜੈਂਸ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਹੈ। ਗਬਾਰਡ ਨੇ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਟਰੰਪ ਨੇ ਹਾਲ ਹੀ ਵਿੱਚ ਕਸ਼ ਪਟੇਲ ਨੂੰ ਐਫਬੀਆਈ ਦੇ ਮੁਖੀ ਵਜੋਂ ਨਾਮਜ਼ਦ ਕੀਤਾ ਹੈ।
ਨਿਊਯਾਰਕ ਵਿੱਚ ਜਨਮੇ ਪਟੇਲ ਦੀਆਂ ਜੜ੍ਹਾਂ ਗੁਜਰਾਤ ਵਿੱਚ ਹਨ। ਹਾਲਾਂਕਿ ਉਨ੍ਹਾਂ ਦੇ ਮਾਤਾ-ਪਿਤਾ ਪੂਰਬੀ ਅਫਰੀਕਾ ਤੋਂ ਹਨ। ਮਾਂ ਤਨਜ਼ਾਨੀਆ ਤੋਂ ਹੈ ਅਤੇ ਪਿਤਾ ਯੂਗਾਂਡਾ ਤੋਂ ਹਨ। ਉਹ 1970 ਵਿੱਚ ਕੈਨੇਡਾ ਤੋਂ ਅਮਰੀਕਾ ਆਇਆ ਸੀ। ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਕਿਹਾ ਸੀ, ਅਸੀਂ ਗੁਜਰਾਤੀ ਹਾਂ। 70 ਦੇ ਦਹਾਕੇ ਦੇ ਅਖੀਰ ਵਿੱਚ ਪਰਿਵਾਰ ਕੁਈਨਜ਼, ਨਿਊਯਾਰਕ ਵਿੱਚ ਚਲਾ ਗਿਆ, ਜਿਸ ਨੂੰ ਲਿਟਲ ਇੰਡੀਆ ਵਜੋਂ ਜਾਣਿਆ ਜਾਂਦਾ ਹੈ।
ਇੱਥੇ ਹੀ ਕਸ਼ ਪਟੇਲ ਦਾ ਜਨਮ ਅਤੇ ਪਾਲਣ ਪੋਸ਼ਣ ਹੋਇਆ ਸੀ। ਪਟੇਲ ਦੇ ਮਾਤਾ-ਪਿਤਾ ਹੁਣ ਸੇਵਾਮੁਕਤ ਹੋ ਚੁੱਕੇ ਹਨ ਅਤੇ ਆਪਣਾ ਸਮਾਂ ਅਮਰੀਕਾ ਅਤੇ ਗੁਜਰਾਤ ਦੋਵਾਂ ਵਿੱਚ ਬਿਤਾਉਂਦੇ ਹਨ।