8 ਲੱਖ ਕਰੋੜ ਰੁਪਏ ਦੇ ਅਮਰੀਕੀ ਹਥਿਆਰ ਕਿਉਂ ਖਰੀਦਣਾ ਚਾਹੁੰਦਾ ਹੈ ਯੂਕਰੇਨ … ਯੂਰਪੀ ਦੇਸ਼ ਇਹ ਪੈਸੇ ਕਿਉਂ ਦੇਣਗੇ
Ukraine Weapons Deal to Trump: ਅਮਰੀਕੀ ਰਾਸ਼ਟਰਪਤੀ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਤੇ ਯੂਰਪੀ ਨੇਤਾਵਾਂ ਨਾਲ ਮੁਲਾਕਾਤ 'ਚ ਯੂਕਰੇਨ ਨੂੰ ਸੁਰੱਖਿਆ ਗਾਰੰਟੀ ਦਾ ਭਰੋਸਾ ਦਿੱਤਾ। ਇੱਕ ਰਿਪੋਰਟ ਦੇ ਅਨੁਸਾਰ, ਯੂਕਰੇਨ ਨੇ ਅਮਰੀਕਾ ਤੋਂ ਹਥਿਆਰ ਤੇ ਡਰੋਨ ਖਰੀਦਣ ਦਾ ਪ੍ਰਸਤਾਵ ਰੱਖਿਆ। ਪੁਤਿਨ-ਜ਼ੇਲੇਂਸਕੀ ਅਗਲੇ 2 ਹਫ਼ਤਿਆਂ 'ਚ ਮੁਲਾਕਾਤ ਕਰ ਸਕਦੇ ਹਨ, ਜਿਸ 'ਚ ਯੁੱਧ ਨੂੰ ਰੋਕਣ ਨੂੰ ਲੈ ਕੇ ਫੈਸਲਾ ਹੋ ਸਕਦਾ ਹੈ।
ਡੋਨਾਲਡ ਟਰੰਪ ਤੇ ਜ਼ੇਲੇਂਸਕੀ (Photo Credit- PTI)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਤੇ ਯੂਰਪੀ ਨੇਤਾਵਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਟਰੰਪ ਨੇ ਯੂਕਰੇਨ ਨੂੰ ਸੁਰੱਖਿਆ ਗਾਰੰਟੀ ਦਾ ਭਰੋਸਾ ਦਿੱਤਾ। ਇੱਕ ਰਿਪੋਰਟ ਦੇ ਅਨੁਸਾਰ, ਯੂਕਰੇਨ ਨੇ ਸੁਰੱਖਿਆ ਗਾਰੰਟੀ ਦੇ ਬਦਲੇ 100 ਬਿਲੀਅਨ ਡਾਲਰ (₹8.3 ਲੱਖ ਕਰੋੜ) ਦੇ ਅਮਰੀਕੀ ਹਥਿਆਰ ਤੇ 50 ਬਿਲੀਅਨ ਡਾਲਰ (₹4.15 ਲੱਖ ਕਰੋੜ) ਦੇ ਡਰੋਨ ਖਰੀਦਣ ਦਾ ਪ੍ਰਸਤਾਵ ਰੱਖਿਆ ਹੈ। ਯੂਰਪੀਅਨ ਦੇਸ਼ ਸਾਂਝੇ ਤੌਰ ‘ਤੇ ਇਹ ਪੈਸਾ ਯੂਕਰੇਨ ਨੂੰ ਦੇਣਗੇ। ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਅਸੀਂ ਸਿਰਫ ਨਾਟੋ ਨੂੰ ਹਥਿਆਰ ਵੇਚਾਂਗੇ। ਜੇਕਰ ਨਾਟੋ ਚਾਹੁੰਦਾ ਹੈ, ਤਾਂ ਉਹ ਯੂਕਰੇਨ ਨੂੰ ਹਥਿਆਰ ਦੇ ਸਕਦਾ ਹੈ।
ਹਥਿਆਰ ਖਰੀਦਣ ਦਾ ਇਹ ਪ੍ਰਸਤਾਵ ਵ੍ਹਾਈਟ ਹਾਊਸ ‘ਚ ਜ਼ੇਲੇਂਸਕੀ ਤੇ ਟਰੰਪ ਦੀ ਮੀਟਿੰਗ ਤੋਂ ਪਹਿਲਾਂ ਯੂਰਪੀਅਨ ਸਹਿਯੋਗੀਆਂ ਨਾਲ ਸਾਂਝਾ ਕੀਤਾ ਗਿਆ ਸੀ। ਅਮਰੀਕਾ ਤੋਂ ਕਿਹੜੇ ਹਥਿਆਰ ਤੇ ਡਰੋਨ ਖਰੀਦੇ ਜਾਣਗੇ, ਇਸ ਦੇ ਪੂਰੇ ਵੇਰਵੇ ਸਾਹਮਣੇ ਨਹੀਂ ਆਏ ਹਨ। ਹਾਲਾਂਕਿ, ਯੂਕਰੇਨੀ ਅਧਿਕਾਰੀਆਂ ਨੇ ਮਿਜ਼ਾਈਲਾਂ ਤੇ ਰੱਖਿਆ ਉਪਕਰਣਾਂ ਦੇ ਨਾਲ-ਨਾਲ ਸ਼ਹਿਰਾਂ ਤੇ ਬੁਨਿਆਦੀ ਢਾਂਚੇ ਦੀ ਰੱਖਿਆ ਲਈ 10 ਅਮਰੀਕੀ-ਨਿਰਮਿਤ ਪੈਟ੍ਰਿਅਟ ਹਵਾਈ ਰੱਖਿਆ ਪ੍ਰਣਾਲੀਆਂ ਦੀ ਮੰਗ ਕੀਤੀ ਹੈ।
ਯੂਕਰੇਨ ਨੂੰ ਆਰਟੀਕਲ 5 ਵਾਂਗ ਸੁਰੱਖਿਆ ਗਾਰੰਟੀ ਮਿਲ ਸਕਦੀ ਹੈ
ਟਰੰਪ ਨੇ ਕਿਹਾ ਸੀ ਕਿ ਯੂਕਰੇਨ ਨੂੰ ਨਾਟੋ ਦੇ ਆਰਟੀਕਲ 5 ਵਾਂਗ ਸੁਰੱਖਿਆ ਗਾਰੰਟੀ ਦਿੱਤੀ ਜਾਵੇਗੀ, ਪਰ ਇਸ ਨੂੰ ਰਸਮੀ ਤੌਰ ‘ਤੇ ਨਾਟੋ ‘ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਉੱਤਰੀ ਅਟਲਾਂਟਿਕ ਸੰਧੀ ਦੇ ਆਰਟੀਕਲ 5 ਨੂੰ ਵਾਸ਼ਿੰਗਟਨ ਸੰਧੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਯੂਰਪ ਜਾਂ ਉੱਤਰੀ ਅਮਰੀਕਾ ‘ਚ ਗੱਠਜੋੜ ਦੇ 32 ਮੈਂਬਰਾਂ ‘ਚੋਂ ਕਿਸੇ ਵੀ ਵਿਰੁੱਧ ਹਥਿਆਰਬੰਦ ਹਮਲਾ ਉਨ੍ਹਾਂ ਸਾਰਿਆਂ ਵਿਰੁੱਧ ਹਮਲਾ ਮੰਨਿਆ ਜਾਵੇਗਾ। ਜੇਕਰ ਇਸ ਸਮਝੌਤੇ ‘ਤੇ ਗੱਲਬਾਤ ਅੱਗੇ ਵਧਦੀ ਹੈ, ਤਾਂ ਇਹ ਪੁਤਿਨ ਦੇ ਰੁਖ ‘ਚ ਇੱਕ ਵੱਡੀ ਤਬਦੀਲੀ ਹੋਵੇਗੀ। ਪੁਤਿਨ ਸ਼ੁਰੂ ਤੋਂ ਹੀ ਯੂਕਰੇਨ ਨੂੰ ਨਾਟੋ ਵਰਗੀ ਸੁਰੱਖਿਆ ਗਾਰੰਟੀ ਦੇਣ ਦੇ ਵਿਰੁੱਧ ਰਹੇ ਹਨ।
ਜਰਮਨ ਚਾਂਸਲਰ ਨੇ ਕਿਹਾ – ਪੁਤਿਨ-ਜ਼ੇਲੇਂਸਕੀ 2 ਹਫ਼ਤਿਆਂ ‘ਚ ਮਿਲਣਗੇ
ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨੇ ਕਿਹਾ ਕਿ ਪੁਤਿਨ 15 ਦਿਨਾਂ ਦੇ ਅੰਦਰ ਜ਼ੇਲੇਂਸਕੀ ਨੂੰ ਮਿਲਣ ਲਈ ਸਹਿਮਤ ਹੋ ਗਏ ਹਨ। ਟਰੰਪ ਨਾਲ ਫ਼ੋਨ ‘ਤੇ ਗੱਲਬਾਤ ਦੌਰਾਨ, ਉਹ ਮੀਟਿੰਗ ਲਈ ਸਹਿਮਤ ਹੋ ਗਏ। ਮੀਟਿੰਗ ਦੀ ਜਗ੍ਹਾ ਅਜੇ ਤੈਅ ਨਹੀਂ ਹੋਈ ਹੈ। ਯੂਰਪੀ ਨੇਤਾ ਕਿਸੇ ਵੀ ਹੋਰ ਗੱਲਬਾਤ ਤੋਂ ਪਹਿਲਾਂ ਜੰਗਬੰਦੀ ਚਾਹੁੰਦੇ ਹਨ। ਹਾਲਾਂਕਿ, ਟਰੰਪ ਨੇ ਜੰਗਬੰਦੀ ਨੂੰ ਇੱਕ ਅਸਥਾਈ ਹੱਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੰਗ ਰੋਕਣ ਲਈ ਜੰਗਬੰਦੀ ਦੀ ਲੋੜ ਨਹੀਂ ਹੈ।
ਜੰਗ ਬਾਰੇ ਫੈਸਲਾ ਦੋ ਹਫ਼ਤਿਆਂ ‘ਚ ਲਿਆ ਜਾਵੇਗਾ – ਟਰੰਪ
ਟਰੰਪ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਜਾਰੀ ਰਹੇਗੀ ਜਾਂ ਸ਼ਾਂਤੀ ਆਵੇਗੀ, ਇਹ ਦੋ ਹਫ਼ਤਿਆਂ ‘ਚ ਤੈਅ ਹੋ ਜਾਵੇਗਾ। ਜ਼ੇਲੇਂਸਕੀ ਤੇ ਯੂਰਪੀਅਨ ਨੇਤਾਵਾਂ ਨਾਲ ਮੁਲਾਕਾਤ ਤੋਂ ਬਾਅਦ, ਟਰੰਪ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਪੁਤਿਨ ਨੂੰ ਫੋਨ ਕੀਤਾ ਹੈ, ਜਲਦੀ ਹੀ ਪੁਤਿਨ ਤੇ ਜ਼ੇਲੇਂਸਕੀ ਵਿਚਕਾਰ ਇੱਕ ਮੀਟਿੰਗ ਹੋਵੇਗੀ। ਇਸ ਤੋਂ ਬਾਅਦ, ਇੱਕ ਤਿਕੋਣੀ ਮੀਟਿੰਗ ਹੋਵੇਗੀ, ਜਿਸ ‘ਚ ਰਾਸ਼ਟਰਪਤੀ ਅਤੇ ਮੈਂ ਦੋਵੇਂ ਸ਼ਾਮਲ ਹੋਵਾਂਗੇ।
ਇਹ ਵੀ ਪੜ੍ਹੋ
ਸੋਮਵਾਰ ਨੂੰ ਜ਼ੇਲੇਂਸਕੀ ਤੇ ਯੂਰਪੀਅਨ ਨੇਤਾਵਾਂ ਨਾਲ ਗੱਲਬਾਤ ਦੌਰਾਨ, ਟਰੰਪ ਨੇ ਕਿਹਾ ਕਿ ਜੰਗ ਕਦੋਂ ਖਤਮ ਹੋਵੇਗੀ ਤੇ ਰੂਸ ਦੁਆਰਾ ਕਬਜ਼ੇ ਵਾਲੇ ਯੂਕਰੇਨੀ ਖੇਤਰ ‘ਤੇ ਕਿਸਦਾ ਹੱਕ ਹੋਵੇਗਾ, ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਆਹਮੋ-ਸਾਹਮਣੇ ਮੁਲਾਕਾਤ ਹੋਣੀ ਚਾਹੀਦੀ ਹੈ।
