ਚੀਨ ਨਾਲ ਨਜਿੱਠਣ ਲਈ ਗੋਲਡਨ ਫਲੀਟ ਬਣਾਉਣਾ ਚਾਹੁੰਦੇ ਹਨ ਟਰੰਪ, ਕੀ ਹੈ ਯੋਜਨਾ?

Published: 

26 Oct 2025 21:39 PM IST

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਗੋਲਡਨ ਫਲੀਟ ਨਾਂ ਦੀ ਨਵੀਂ ਜਲ ਸੈਨਾ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ, ਜਿਸ ਦਾ ਮਕਸਦ ਚੀਨ ਤੋਂ ਵਧਦੇ ਖ਼ਤਰੇ ਦਾ ਮੁਕਾਬਲਾ ਕਰਨਾ ਹੈ। ਇਸ ਵਿੱਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਹਾਈਪਰਸੋਨਿਕ ਹਥਿਆਰਾਂ ਨਾਲ ਲੈਸ ਜਹਾਜ਼ ਸ਼ਾਮਲ ਹੋਣਗੇ। ਵ੍ਹਾਈਟ ਹਾਊਸ ਅਤੇ ਪੈਂਟਾਗਨ ਇਸ ਬਾਰੇ ਚਰਚਾ ਕਰ ਰਹੇ ਹਨ

ਚੀਨ ਨਾਲ ਨਜਿੱਠਣ ਲਈ ਗੋਲਡਨ ਫਲੀਟ ਬਣਾਉਣਾ ਚਾਹੁੰਦੇ ਹਨ ਟਰੰਪ, ਕੀ ਹੈ ਯੋਜਨਾ?

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਨਵੀਂ ਜਲ ਸੈਨਾ ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਹੇ ਹਨ, ਜਿਸ ਨੂੰ ਉਨ੍ਹਾਂ ਨੇ ਗੋਲਡਨ ਫਲੀਟ ਦਾ ਨਾਂ ਦਿੱਤਾ ਹੈ। ਇਸ ਫਲੀਟ ਦਾ ਮੁੱਖ ਉਦੇਸ਼ ਚੀਨ ਤੋਂ ਵਧਦੇ ਫੌਜੀ ਖਤਰੇ ਦਾ ਮੁਕਾਬਲਾ ਕਰਨਾ ਹੈ। ਟਰੰਪ ਮੌਜੂਦਾ ਅਮਰੀਕੀ ਜਲ ਸੈਨਾ ਦੇ ਪੁਰਾਣੇ ਅਤੇ ਕਮਜ਼ੋਰ ਜੰਗੀ ਜਹਾਜ਼ਾਂ ਨੂੰ ਬਦਲ ਕੇ ਆਧੁਨਿਕ ਅਤੇ ਸ਼ਕਤੀਸ਼ਾਲੀ ਬੇੜਾ ਬਣਾਉਣ ਬਾਰੇ ਸੋਚ ਰਹੇ ਹਨ।

ਗੋਲਡਨ ਫਲੀਟ ਦੇ ਜਹਾਜ਼ਾਂ ‘ਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਲਗਾਈਆਂ ਜਾਣਗੀਆਂ, ਤਾਂ ਜੋ ਉਹ ਚੀਨ ਦੇ ਆਧੁਨਿਕ ਜੰਗੀ ਜਹਾਜ਼ਾਂ ਅਤੇ ਸੰਭਾਵੀ ਖਤਰਿਆਂ ਨਾਲ ਨਜਿੱਠ ਸਕਣ। ਯੂਐਸ ਨੇਵੀ ਦੇ ਸੇਵਾਮੁਕਤ ਅਧਿਕਾਰੀ ਅਤੇ ਹਡਸਨ ਇੰਸਟੀਚਿਊਟ ਦੇ ਸੀਨੀਅਰ ਫੈਲੋ ਬ੍ਰਾਇਨ ਕਲਾਰਕ ਅਨੁਸਾਰ ਇਹ ਬੇੜਾ ਭਵਿੱਖ ਦਾ ਜੰਗੀ ਬੇੜਾ ਹੋਵੇਗਾ। ਇਹ ਸ਼ਕਤੀਸ਼ਾਲੀ ਹਥਿਆਰਾਂ ਨਾਲ ਲੈਸ ਹੋਵੇਗਾ ਅਤੇ ਕਿਸੇ ਵੀ ਖ਼ਤਰੇ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ। ਇਹ ਜਾਣਕਾਰੀ ਵਾਲ ਸਟਰੀਟ ਜਨਰਲ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ।

ਨਵੇਂ ਜੰਗੀ ਬੇੜੇ ਬਣਾਉਣ ਦਾ ਕੰਮ ਜਾਰੀ ਹੈ

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੈਂਟਾਗਨ ਅਤੇ ਵ੍ਹਾਈਟ ਹਾਊਸ 15,000 ਤੋਂ 20,000 ਟਨ ਵਜ਼ਨ ਵਾਲੇ ਨਵੇਂ ਜੰਗੀ ਜਹਾਜ਼ ਬਣਾਉਣ ‘ਤੇ ਵਿਚਾਰ ਕਰ ਰਹੇ ਹਨ। ਇਹ ਜਹਾਜ਼ ਭਾਰੀ ਹਥਿਆਰਾਂ ਨਾਲ ਲੈਸ ਹੋਣਗੇ ਅਤੇ ਇਨ੍ਹਾਂ ਵਿਚ ਹਾਈਪਰਸੋਨਿਕ ਮਿਜ਼ਾਈਲਾਂ ਵੀ ਲਗਾਈਆਂ ਜਾ ਸਕਦੀਆਂ ਹਨ। ਵ੍ਹਾਈਟ ਹਾਊਸ ਦੀ ਬੁਲਾਰਾ ਅੰਨਾ ਕੈਲੀ ਨੇ ਕਿਹਾ ਕਿ ਇਸ ਯੋਜਨਾ ਬਾਰੇ ਅਧਿਕਾਰਤ ਐਲਾਨ ਭਵਿੱਖ ਵਿੱਚ ਕੀਤਾ ਜਾਵੇਗਾ ਅਤੇ ਇਸ ਨੂੰ ਅਮਰੀਕਾ ਦੀ ਸਮੁੰਦਰੀ ਤਾਕਤ ਵਧਾਉਣ ਦਾ ਹਿੱਸਾ ਦੱਸਿਆ।

ਗੋਲਡਨ ਫਲੀਟ ਯੋਜਨਾ ਅਮਰੀਕਾ ਦੀ ਜਲ ਸੈਨਾ ਸ਼ਕਤੀ ਨੂੰ ਵਧਾਉਣ ਅਤੇ ਸਮੁੰਦਰੀ ਦਬਦਬੇ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਹੈ। ਇਸ ਬੇੜੇ ਦੇ ਜ਼ਰੀਏ ਅਮਰੀਕਾ ਚੀਨ ਦੀ ਵਧਦੀ ਫੌਜੀ ਸ਼ਕਤੀ ਦਾ ਮੁਕਾਬਲਾ ਕਰਨਾ ਚਾਹੁੰਦਾ ਹੈ। ਇਹ ਯੋਜਨਾ ਅਜੇ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ, ਪਰ ਇਸ ਦੇ ਲਾਗੂ ਹੋਣ ਨਾਲ ਅਮਰੀਕੀ ਜਲ ਸੈਨਾ ਦੀ ਤਾਕਤ ਅਤੇ ਰਣਨੀਤਕ ਸਮਰੱਥਾ ਵਿੱਚ ਵਾਧਾ ਹੋਵੇਗਾ।

ਟਰੰਪ ਜੰਗੀ ਜਹਾਜ਼ ਦੇ ਡਿਜ਼ਾਈਨ ਨੂੰ ਲੈ ਕੇ ਚਿੰਤਤ ਹਨ

ਟਰੰਪ ਲੰਬੇ ਸਮੇਂ ਤੋਂ ਨੇਵੀ ਜੰਗੀ ਜਹਾਜ਼ਾਂ ਦੇ ਡਿਜ਼ਾਈਨ ਅਤੇ ਦਿੱਖ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਦੇ ਸਾਬਕਾ ਸਕੱਤਰ ਮਾਰਕ ਐਸਪਰ ਨੇ ਕਿਹਾ ਕਿ ਟਰੰਪ ਅਕਸਰ ਕਹਿੰਦੇ ਹਨ ਕਿ ਜਹਾਜ਼ ਲੜਾਈ ਲਈ ਬਣਾਏ ਜਾਂਦੇ ਹਨ, ਦਿਖਾਵੇ ਲਈ ਨਹੀਂ। ਜਲ ਸੈਨਾ ਦੇ ਸਕੱਤਰ ਜੌਹਨ ਫੇਲਨ ਨੇ ਕਿਹਾ ਕਿ ਟਰੰਪ ਅਕਸਰ ਉਨ੍ਹਾਂ ਨੂੰ ਜਹਾਜ਼ਾਂ ਦੀ ਸਥਿਤੀ ਬਾਰੇ ਰਾਤ ਨੂੰ ਟੈਕਸਟ ਸੰਦੇਸ਼ ਭੇਜਦੇ ਸਨ। ਹਾਲਾਂਕਿ ਸੇਵਾਮੁਕਤ ਜਲ ਸੈਨਾ ਅਧਿਕਾਰੀ ਮਾਰਕ ਮੋਂਟਗੋਮਰੀ ਦਾ ਕਹਿਣਾ ਹੈ ਕਿ ਪਹਿਲਾਂ ਫੋਕਸ ਮੌਜੂਦਾ ਜਹਾਜ਼ਾਂ ਦੀ ਮੁਰੰਮਤ ਅਤੇ ਰੱਖ-ਰਖਾਅ ‘ਤੇ ਹੋਣਾ ਚਾਹੀਦਾ ਹੈ ਨਾ ਕਿ ਸਿਰਫ ਨਵੇਂ ਜਹਾਜ਼ ਬਣਾਉਣ ‘ਤੇ।

Loading...
Unable to load recommendations.
Follow Us