2024 ‘ਚ ਟਰੰਪ ਨੂੰ ਚੁਣੌਤੀ ਦਿੰਦੀ ਨਜਰ ਆਵੇਗੀ ਭਾਰਤੀ ਮੂਲ ਦੀ ਨਿੱਕੀ, ਪੰਜਾਬ ਨਾਲ ਹੈ ਗੂੜ੍ਹਾ ਰਿਸ਼ਤਾ
ਭਾਰਤੀ ਮੂਲ ਦੀ ਹੇਲੀ ਦਾ ਜਨਮ ਸਿੱਖ ਮਾਤਾ-ਪਿਤਾ ਅਜੀਤ ਸਿੰਘ ਰੰਧਾਵਾ ਅਤੇ ਰਾਜ ਕੌਰ ਰੰਧਾਵਾ ਦੇ ਘਰ ਹੋਇਆ ਸੀ। ਉਹ 1960 ਦੇ ਦਹਾਕੇ ਵਿਚ ਪੰਜਾਬ ਤੋਂ ਕੈਨੇਡਾ ਅਤੇ ਫਿਰ ਅਮਰੀਕਾ ਚਲੀ ਗਈ। ਉਨ੍ਹਾਂ ਦੇ ਪਿਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ।
ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਅਮਰੀਕਾ ਵਿੱਚ ਅਗਲੀ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। ਟਰੰਪ ਪ੍ਰਸ਼ਾਸਨ ਦੌਰਾਨ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਰਹੀ ਨਿੱਕੀ ਹੈਲੀ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੀ ਨਾਮਜਦਗੀ ਹਾਸਲ ਕਰਨ ਲਈ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅਜਿਹੇ ‘ਚ ਪਾਰਟੀ ਦੇ ਅੰਦਰ ਡੋਨਾਲਡ ਟਰੰਪ ਦੇ ਸਾਹਮਣੇ ਉਨ੍ਹਾਂ ਨੂੰ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਦੋ ਸਾਲ ਪਹਿਲਾਂ ਉਨ੍ਹਾਂ ਨੇ 2024 ਦੀ ਰਾਸ਼ਟਰਪਤੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ 2024 ਵਿੱਚ ਵ੍ਹਾਈਟ ਹਾਊਸ ਲਈ ਆਪਣੇ ਸਾਬਕਾ ਬੌਸ ਨੂੰ ਚੁਣੌਤੀ ਨਹੀਂ ਦੇਵੇਗੀ। ਨਿੱਕੀ ਹੇਲੀ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਚੋਣਾਂ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। 51 ਸਾਲਾ ਨਿੱਕੀ ਹੇਲੀ ਦੋ ਵਾਰ ਦੱਖਣੀ ਕੈਰੋਲੀਨਾ ਦੀ ਗਵਰਨਰ ਰਹਿ ਚੁੱਕੀ ਹੈ। ਇਸ ਤੋਂ ਪਹਿਲਾਂ, ਟਰੰਪ ਆਪਣੀ ਪਾਰਟੀ ਦੀ ਤਰਫੋਂ 2024 ਦੀਆਂ ਚੋਣਾਂ ਲਈ ਦਾਅਵਾ ਪੇਸ਼ ਕਰਨ ਵਾਲੇ ਇਕਲੌਤੇ ਨੇਤਾ ਸਨ। ਪਰ ਨਿੱਕੀ ਹੈਲੀ ਵੀ ਇਸ ਦੌੜ ਵਿੱਚ ਕੁੱਦ ਪਈ ਹੈ ਅਤੇ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਗਈ ਹੈ।
ਵੀਡੀਓ ਸੰਦੇਸ਼ ‘ਚ ਕੀ ਕਿਹਾ?
ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, “ਮੈਂ ਨਿੱਕੀ ਹੈਲੀ ਹਾਂ, ਅਤੇ ਮੈਂ ਰਾਸ਼ਟਰਪਤੀ ਲਈ ਚੋਣ ਲੜ ਰਹੀ ਹਾਂ,” ਇਹ ਘੋਸ਼ਣਾ ਉਦੋਂ ਹੋਈ ਜਦੋਂ 1 ਫਰਵਰੀ ਨੂੰ ਉਨ੍ਹਾਂ ਨੇ ਟਵੀਟ ਕੀਤਾ ਸੀ ਕਿ 15 ਫਰਵਰੀ ਨੂੰ ਮੈਂ ਅਤੇ ਮੇਰਾ ਪਰਿਵਾਰ ਇੱਕ ਵੱਡਾ ਐਲਾਨ ਕਰਾਂਗੇ ਅਤੇ ਹਾਂ, ਇਹ ਸੱਚਮੁੱਚ ਦੱਖਣੀ ਕੈਰੋਲੀਨਾ ਲਈ ਇੱਕ ਸ਼ਾਨਦਾਰ ਦਿਨ ਹੋਵੇਗਾ। ਹੇਲੀ ਦਾ ਜਨਮ ਸਿੱਖ ਮਾਤਾ-ਪਿਤਾ ਅਜੀਤ ਸਿੰਘ ਰੰਧਾਵਾ ਅਤੇ ਰਾਜ ਕੌਰ ਰੰਧਾਵਾ ਦੇ ਘਰ ਹੋਇਆ ਸੀ। ਉਹ 1960 ਦੇ ਦਹਾਕੇ ਵਿਚ ਪੰਜਾਬ ਤੋਂ ਕੈਨੇਡਾ ਅਤੇ ਫਿਰ ਅਮਰੀਕਾ ਚਲੇ ਗਏ।
ਭਾਰਤੀ ਅਮਰੀਕੀਆਂ ਨੇ ਕੀਤਾ ਐਲਾਨ ਦਾ ਸਵਾਗਤ
ਭਾਰਤੀ ਅਮਰੀਕੀਆਂ ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ। ਰਿਪਬਲਿਕਨ ਫੰਡਰੇਜਰ ਸੰਪਤ ਸ਼ਿਵਾਂਗੀ ਨੇ ਕਿਹਾ ਕਿ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਭਾਰਤੀ ਅਮਰੀਕੀ ਭਾਈਚਾਰਾ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦਾ ਹੈ ਅਤੇ ਪ੍ਰਾਰਥਨਾ ਕਰਦਾ ਹੈ ਕਿ ਉਹ 2024 ਵਿੱਚ ਰਿਪਬਲਿਕਨ ਉਮੀਦਵਾਰ ਬਣਨ ਚ ਕਾਮਯਾਬ ਰਹਿਣ। ਉਨ੍ਹਾਂ ਨੂੰ ਸਾਡੇ ਭਾਈਚਾਰੇ ਦਾ ਪੂਰਾ ਸਮਰਥਨ ਹੈ। ਹੇਲੀ ਵਿੱਚ ਇੱਕ ਖਾਸ ਗੁਣ ਇਹ ਹੈ ਕਿ ਉਹ ਆਪਣੀਆਂ ਜੜ੍ਹਾਂ ਅਤੇ ਆਪਣੀ ਜੱਦੀ ਮਾਤ ਭੂਮੀ ਭਾਰਤ ਨੂੰ ਨਹੀਂ ਭੁੱਲੀ ਹੈ। ਉਨ੍ਹਾਂ ਨੇ ਭਾਰਤ ਦਾ ਦੌਰਾ ਕੀਤਾ ਅਤੇ ਸਾਡੇ ਪਿਆਰੇ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਨਿੱਕੀ ਹੇਲੀ ਦੀ ਯਾਤਰਾ
ਹੇਲੀ ਦੇ ਪਿਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ ਅਤੇ ਉਸਦੀ ਮਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਸੀ। 39 ਸਾਲ ਦੀ ਉਮਰ ਵਿੱਚ ਹੇਲੀ ਅਮਰੀਕਾ ਦੀ ਸਭ ਤੋਂ ਛੋਟੀ ਉਮਰ ਦੀ ਗਵਰਨਰ ਬਣੀ। ਉਸਨੇ ਜਨਵਰੀ 2011 ਵਿੱਚ ਅਹੁਦਾ ਸੰਭਾਲਿਆ ਅਤੇ ਦੱਖਣੀ ਕੈਰੋਲੀਨਾ ਦੀ ਪਹਿਲੀ ਮਹਿਲਾ ਗਵਰਨਰ ਵਜੋਂ ਇਤਿਹਾਸ ਰਚਿਆ। ਉਹ ਰਾਜ ਦੀ ਪਹਿਲੀ ਭਾਰਤੀ ਅਮਰੀਕੀ ਗਵਰਨਰ ਵੀ ਸੀ। ਜਨਵਰੀ 2017 ਤੋਂ ਦਸੰਬਰ 2018 ਤੱਕ, ਉਸਨੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੇ 29ਵੇਂ ਰਾਜਦੂਤ ਵਜੋਂ ਸੇਵਾ ਨਿਭਾਈ।