ਨੇਪਾਲ ਜਹਾਜ ਹਾਦਸਾ : ਪੰਜ ਭਾਰਤੀਆਂ ਸਮੇਤ 26 ਲਾਸ਼ਾਂ ਦੀ ਪਛਾਣ, ਬਾਕੀ ਚਾਰ ਦੀ ਭਾਲ ਜਾਰੀ

Published: 

16 Jan 2023 19:29 PM

ਜਹਾਜ 'ਚ 72 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 68 ਦੀਆਂ ਲਾਸ਼ਾਂ ਮਿਲ ਗਈਆਂ ਹਨ। ਨੇਪਾਲੀ ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਹੁਣ ਤੱਕ ਕੋਈ ਵੀ ਯਾਤਰੀ ਜ਼ਿੰਦਾ ਨਹੀਂ ਮਿਲਿਆ ਹੈ।

ਨੇਪਾਲ ਜਹਾਜ ਹਾਦਸਾ : ਪੰਜ ਭਾਰਤੀਆਂ ਸਮੇਤ 26 ਲਾਸ਼ਾਂ ਦੀ ਪਛਾਣ, ਬਾਕੀ ਚਾਰ ਦੀ ਭਾਲ ਜਾਰੀ
Follow Us On

ਨੇਪਾਲ ਦੀ ਰਾਜਧਾਨੀ ਕਾਠਮਾਂਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਐਤਵਾਰ ਸਵੇਰੇ 10:33 ਵਜੇ ਉਡਾਣ ਭਰਨ ਵਾਲਾ ਯਤੀ ਏਅਰਲਾਈਨਸ ਦਾ ਜਹਾਜ ਪੋਖਰਾ ਵਿੱਚ ਸੇਤੀ ਨਦੀ ਦੇ ਕੰਢੇ ਹਾਦਸਾਗ੍ਰਸਤ ਹੋ ਗਿਆ ਸੀ। ਇਸ ਦੁਖਦਾਈ ਜਹਾਜ ਹਾਦਸੇ ‘ਚ 72 ਲੋਕਾਂ ਦੀ ਜਾਨ ਚਲੀ ਗਈ । ਹੁਣ ਤੱਕ ਪੰਜ ਭਾਰਤੀਆਂ ਸਮੇਤ 26 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ। ਬਾਕੀ ਲਾਸ਼ਾਂ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ। ਚਾਰ ਲੋਕਾਂ ਦੀਆਂ ਲਾਸ਼ਾਂ ਅਜੇ ਤੱਕ ਬਰਾਮਦ ਨਹੀਂ ਹੋਈਆਂ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।

ਨੇਪਾਲੀ ਫੌਜ ਦਾ ਬਿਆਨ – ਕੋਈ ਵੀ ਨਹੀਂ ਬਚਿਆ ਜਿੰਦਾ

ਜਹਾਜ ‘ਚ 72 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 68 ਦੀਆਂ ਲਾਸ਼ਾਂ ਮਿਲ ਗਈਆਂ ਹਨ। ਨੇਪਾਲੀ ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਹੁਣ ਤੱਕ ਕੋਈ ਵੀ ਯਾਤਰੀ ਜ਼ਿੰਦਾ ਨਹੀਂ ਮਿਲਿਆ ਹੈ। ਜਿਨ੍ਹਾਂ ਚਾਰ ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਈਆਂ ਹਨ, ਉਨ੍ਹਾਂ ਦੀ ਭਾਲ ਤੇਜ ਕਰ ਦਿੱਤੀ ਗਈ ਹੈ। ਸੋਮਵਾਰ ਨੂੰ ਬਲੈਕ ਬਾਕਸ ਮਿਲਣ ਤੋਂ ਬਾਅਦ ਹੁਣ ਰਾਹਤ ਕਰਮਚਾਰੀਆਂ ਦਾ ਪੂਰਾ ਜ਼ੋਰ ਬਾਕੀ ਚਾਰ ਲਾਸ਼ਾਂ ਦੀ ਬਰਾਮਦਗੀ ‘ਤੇ ਲੱਗਾ ਹੋਇਆ ਹੈ।

ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਪੰਜੇ ਭਾਰਤੀ

ਜਹਾਜ਼ ਹਾਦਸੇ ‘ਚ ਮਾਰੇ ਗਏ ਪੰਜੇ ਭਾਰਤੀ ਨਾਗਰਿਕ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਇਨ੍ਹਾਂ ਦੀ ਪਛਾਣ 25 ਸਾਲਾ ਅਭਿਸ਼ੇਕ ਕੁਸ਼ਵਾਹਾ, 22 ਸਾਲਾ ਵਿਸ਼ਾਲ ਸ਼ਰਮਾ, 27 ਸਾਲਾ ਅਨਿਲ ਕੁਮਾਰ ਰਾਜਭਰ, 35 ਸਾਲਾ ਸੋਨੂੰ ਜੈਸਵਾਲ ਅਤੇ ਸੰਜੇ ਜੈਸਵਾਲ ਵਜੋਂ ਹੋਈ ਹੈ। ਸੋਮਵਾਰ ਨੂੰ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀ ਜਾਣਗੀਆਂ।

ਡੀਐੱਨਏ ਟੈਸਟ ਰਾਹੀਂ ਹੋਵੇਗੀ ਅਣਪਛਾਤੀਆਂ ਲਾਸ਼ਾਂ ਦੀ ਪਛਾਣ

ਭਾਰਤੀਆਂ ਸਮੇਤ ਹੋਰ ਵਿਦੇਸ਼ੀ ਨਾਗਰਿਕਾਂ ਦੀਆਂ ਲਾਸ਼ਾਂ ਨੂੰ ਰਾਜਧਾਨੀ ਕਾਠਮਾਂਡੂ ਲਿਆਂਦਾ ਜਾਵੇਗਾ। ਕਾਠਮਾਂਡੂ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀ ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਲੈਣ ਲਈ ਪੋਖਰਾ ਪਹੁੰਚ ਗਏ ਹਨ। ਪਛਾਣ ਤੋਂ ਬਾਅਦ ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਨੂੰ ਯੂਪੀ ਦੇ ਗਾਜ਼ੀਪੁਰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ, ਉਨ੍ਹਾਂ ਨੂੰ ਕਾਠਮਾਂਡੂ ਲਿਆਂਦਾ ਜਾਵੇਗਾ, ਜਿੱਥੇ ਡੀਐਨਏ ਟੈਸਟ ਕੀਤੇ ਜਾਣਗੇ।