ਮਲੋਟ ਵਾਸੀ ਕੁੜੀ ਨੂੰ ਦੁਬਈ ਅਤੇ ਮਸਕਟ ਵਿੱਚ ਕੈਦ ਕਰਕੇ ਰੱਖਿਆ, ਸ਼ਰੀਰਿਕ ਸ਼ੋਸ਼ਣ ਦਾ ਇਲਜ਼ਾਮ Punjabi news - TV9 Punjabi

ਮਲੋਟ ਵਾਸੀ ਕੁੜੀ ਨੂੰ ਦੁਬਈ ਅਤੇ ਮਸਕਟ ਵਿੱਚ ਕੈਦ ਕਰਕੇ ਰੱਖਿਆ, ਸ਼ਰੀਰਿਕ ਸ਼ੋਸ਼ਣ ਦਾ ਇਲਜ਼ਾਮ

Published: 

05 Feb 2023 17:39 PM

ਟ੍ਰੈਵਲ ਏਜੰਟ ਨੇ ਉਹਨਾਂ ਨੂੰ ਯਕੀਨ ਦਵਾਇਆ ਸੀ ਕਿ ਦੁਬਈ ਵਿੱਚ ਘਰੇਲੂ ਕੰਮ ਕਰਨਾ ਪਵੇਗਾ ਪਰ ਉਥੇ ਉਨ੍ਹਾਂ ਤੋਂ ਉਨ੍ਹਾਂ ਦਾ ਮੋਬਾਈਲ ਫੋਨ ਖੋਹ ਲਿਆ ਗਿਆ, ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੇ ਕਪੜੇ ਲੀਰੋਲੀਰ ਕਰ ਦਿੱਤੇ।

ਮਲੋਟ ਵਾਸੀ ਕੁੜੀ ਨੂੰ ਦੁਬਈ ਅਤੇ ਮਸਕਟ ਵਿੱਚ ਕੈਦ ਕਰਕੇ ਰੱਖਿਆ, ਸ਼ਰੀਰਿਕ ਸ਼ੋਸ਼ਣ ਦਾ ਇਲਜ਼ਾਮ
Follow Us On

ਚਾਰ ਮਹੀਨਿਆਂ ਤਕ ਦੁਬਈ ਅਤੇ ਮਸਕਟ ਵਿੱਚ ਬੰਦੀ ਬਣਾ ਕੇ ਰੱਖੀ ਗਈ ਮਲੋਟ ਦੀ ਰਹਿਣ ਵਾਲੀ ਕੁੜੀ ਹੁਣ ਮੁੜ ਵਾਪਸ ਪੰਜਾਬ ਪੁੱਜ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉੱਥੇ ਉਨ੍ਹਾਂ ਦਾ ਸ਼ਰੀਰਿਕ ਸ਼ੋਸ਼ਣ ਕੀਤਾ ਜਾਂਦਾ ਰਿਹਾ। ਇਸ ਪੀੜਿਤ ਕੁੜੀ ਨੇ ਦਾਅਵਾ ਕੀਤਾ ਹੈ ਕਿ ਜਿੱਥੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਉਥੇ ਹੀ ਪੰਜਾਬ ਦੀ ਰਹਿਣ ਵਾਲੀਆਂ ਹੋਰ 25 ਤੋਂ 30 ਕੁੜੀਆਂ ਉਥੇ ਕੈਦ ਸਨ।

ਨਿਰਮਲ ਕੁਟੀਆ ਵਿੱਚ ਸੱਦੀ ਗਈ ਪ੍ਰੈਸ ਕਾਨਫ੍ਰੇਂਸ

ਸੁਲਤਾਨਪੁਰ ਲੋਧੀ ਦੀ ਨਿਰਮਲ ਕੁਟੀਆ ਵਿੱਚ ਸੱਦੀ ਗਈ ਪ੍ਰੈਸ ਕਾਨਫ੍ਰੇਂਸ ਦੌਰਾਨ ਮਲੋਟ ਦੀ ਰਹਿਣ ਵਾਲੀ ਇਸ ਪੀੜਿਤ ਕੁੜੀ ਨੇ ਦੱਸਿਆ ਕਿ ਉਸ ਨੂੰ ਅਰਬ ਦੇਸ਼ ਤੋਂ ਮੁੜ ਭਾਰਤ ਲਿਆਉਣ ਵਿੱਚ ਰਾਜਸਭਾ ਸਦੱਸ ਬਲਬੀਰ ਸਿੰਘ ਸੀਚੇਵਾਲ ਅਤੇ ਐਡਵੋਕੇਟ ਗੁਰਭੇਜ ਸਿੰਘ ਦੀ ਟੀਮ ਨੇ ਅਹਿਮ ਰੋਲ ਅਦਾ ਕੀਤਾ। ਕੁੜੀ ਨੇ ਦੱਸਿਆ ਕਿ ਉਹਨਾਂ ਨੂੰ ਨੋਇਡਾ ਦੇ ਇਕ ਟ੍ਰੈਵਲ ਏਜੰਟ ਨੇ ਟੂਰਿਸਟ ਵੀਜ਼ਾ ਤੇ ਦੁਬਈ ਭੇਜਿਆ ਸੀ, ਜਿਥੋਂ ਉਸ ਨੂੰ ਅੱਗੇ ਮਸਕਟ ਭੇਜ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਵਿਦੇਸ਼ ਜਾਣ ਵਾਸਤੇ ਉਹਨਾਂ ਨੂੰ ਕਰਜਾ ਚੁਕਣਾ ਪਿਆ ਸੀ ਕਿਉਂਕਿ ਉਹ ਬੇਹੱਦ ਗਰੀਬ ਹਨ। ਟ੍ਰੇਵਲ ਏਜੰਟ ਨੇ ਉਸ ਨੂੰ ਯਕੀਨ ਦਵਾਇਆ ਸੀ ਕਿ ਉਨ੍ਹਾਂ ਨੂੰ ਦੁਬਈ ਵਿੱਚ ਘਰੇਲੂ ਕੰਮ ਕਰਨਾ ਪਵੇਗਾ ਪਰ ਉਹਨਾਂ ਦੀਆਂ ਇਹ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ ਕਿਉਂਕਿ ਦੁਬਈ ਵਿੱਚ ਉਨ੍ਹਾਂ ਤੋਂ ਉਨ੍ਹਾਂ ਦਾ ਮੋਬਾਈਲ ਫੋਨ ਵੀ ਖੋਹ ਲਿਆ ਗਿਆ, ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੇ ਕਪੜੇ ਲੀਰੋਲੀਰ ਕਰ ਦਿੱਤੇ ਗਏ।

ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਚਿੱਠੀ ਲਿਖੀ

ਬਲਬੀਰ ਸਿੰਘ ਸੀਚੇਵਾਲ ਹੋਰਾਂ ਨੇ ਦੱਸਿਆ ਕਿ ਵਕੀਲ ਗੁਰਭੇਜ ਸਿੰਘ ਵੱਲੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਚਿੱਠੀ ਲਿਖੀ। ਸੰਸਦ ਦੇ ਸੈਸ਼ਨ ਦੌਰਾਨ ਉਨ੍ਹਾਂ ਨੇ ਇਹ ਮਾਮਲਾ ਵਿਦੇਸ਼ ਮੰਤਰੀ ਦੇ ਸਾਹਮਣੇ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਫਿਰ ਭਾਰਤੀ ਵਿਦੇਸ਼ ਮੰਤਰਾਲੇ ਨੇ ਮਲੋਟ ਦੀ ਰਹਿਣ ਵਾਲੀ ਕੁੜੀ ਦਾ ਪਤਾ ਕਰਕੇ ਉਸਦੀ ਭਾਰਤ ਵਾਪਸੀ ਦੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਸੀ। ਸੀਚੇਵਾਲ ਹੋਰਾਂ ਨੇ ਪੰਜਾਬ ਦੇ ਲੋਕਾਂ ਨੂੰ ਚੇਤਾਂਦਿਆਂ ਕਿਹਾ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਆਪਣੇ ਟ੍ਰੈਵਲ ਏਜੰਟਾਂ ਅਤੇ ਨੌਕਰੀਆਂ ਦੀ ਪੇਸ਼ਕਸ਼ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਬਾਰੇ ਚੰਗੀ ਤਰ੍ਹਾਂ ਪਤਾ ਕਰ ਲੈਣ।

ਕਮਲਜੀਤ ਕੌਰ ਨੂੰ ਫੜ ਲਿਆ ਗਿਆ

ਨਿਰਮਲ ਕੁਟੀਆ ਵਿੱਚ ਸੀਚੇਵਾਲ ਨੇ ਮਲੋਟ ਦੀ ਰਹਿਣ ਵਾਲੀ ਇਸ ਕੁੜੀ ਨੂੰ ਸਹੀ-ਸਲਾਮਤ ਭਾਰਤ ਲੈਕੇ ਆਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਵਕੀਲਾਂ ਦੇ ਦਲ ਨੂੰ ਵੀ ਸਨਮਾਨਿਤ ਕੀਤਾ। ਵਕੀਲ ਗੁਰਭੇਜ ਸਿੰਘ ਨੇ ਦੱਸਿਆ ਕਿ ਮਲੋਟ ਦੀ ਕੁੜੀ ਸਬੰਧੀ ਮਾਮਲੇ ਵਿੱਚ ਪੰਜਾਬ ਦੇ ਦੋ ਟ੍ਰੈਵਲ ਏਜੰਟ ਸ਼ਾਮਿਲ ਹਨ ਜਿਨ੍ਹਾਂ ਵਿੱਚੋਂ ਇੱਕ ਕਮਲਜੀਤ ਕੌਰ ਨਾਂ ਦੀ ਇੱਕ ਮਹਿਲਾ ਅਤੇ ਉਨ੍ਹਾਂ ਦਾ ਸਾਥੀ ਰੇਸ਼ਮ ਸਿੰਘ ਹੈ। ਇਨ੍ਹਾਂ ਦੋਨਾਂ ਦੇ ਖਿਲਾਫ ਮਾਮਲਾ ਦਰਜ ਕਰਨ ਮਗਰੋਂ ਕਮਲਜੀਤ ਕੌਰ ਨੂੰ ਫੜ ਲਿਆ ਗਿਆ।

Exit mobile version