ਨਿੱਝਰ ਕਤਲ ਮਾਮਲੇ ‘ਚ ਮੁਲਜ਼ਮ 4 ਭਾਰਤੀਆਂ ਖਿਲਾਫ਼ ਚੱਲੇਗਾ ‘ਸਿੱਧਾ ਮੁਕਦਮਾ’, ਕੈਨੇਡੀਅਨ ਸਰਕਾਰ ਦਾ ਫੈਸਲਾ

Updated On: 

25 Nov 2024 13:38 PM

Hardeep Singh Nijjar: ਜਾਣਕਾਰੀ ਅਨੁਸਾਰ ਕੈਨੇਡੀਅਨ ਪੁਲਿਸ ਨੇ ਨਿੱਝਰ ਕਤਲ ਕੇਸ ਵਿੱਚ ਕਰਨ ਬਰਾੜ, ਅਮਨਦੀਪ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਚਾਰਾਂ ਨੂੰ 21 ਨਵੰਬਰ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਨਾ ਸੀ, ਪਰ ਇਸਨੂੰ ਰੱਦ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ 11 ਫਰਵਰੀ 2025 ਨੂੰ ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਨਿੱਝਰ ਕਤਲ ਮਾਮਲੇ ਚ ਮੁਲਜ਼ਮ 4 ਭਾਰਤੀਆਂ ਖਿਲਾਫ਼ ਚੱਲੇਗਾ ਸਿੱਧਾ ਮੁਕਦਮਾ, ਕੈਨੇਡੀਅਨ ਸਰਕਾਰ ਦਾ ਫੈਸਲਾ

ਹਰਦੀਪ ਸਿੰਘ ਨਿੱਜਰ ਅਤੇ ਜਸਟਿਨ ਟਰੂਡੋ

Follow Us On

Hardeep Singh Nijjar Murder: ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਕੈਨੇਡਾ ਸਰਕਾਰ ਨੇ ਨਵਾਂ ਕਦਮ ਚੁੱਕਿਆ ਹੈ, ਹਾਲਾਂਕਿ ਇਸ ਮਾਮਲੇ ਵਿੱਚ ਕੋਈ ਠੋਸ ਸਬੂਤ ਨਹੀਂ ਹੈ। ਕੈਨੇਡਾ ਨੇ ਮੁੱਢਲੀ ਸੁਣਵਾਈ ਤੋਂ ਬਿਨਾਂ ਚਾਰ ਭਾਰਤੀ ਨਾਗਰਿਕਾਂ ਖ਼ਿਲਾਫ਼ ਸਿੱਧੀ ਸੁਣਵਾਈ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਪ੍ਰੌਸੀਕਿਊਸ਼ਨ ਸਰਵਿਸ ਦੇ ਅਨੁਸਾਰ, ਇਸ ਫੈਸਲੇ ਦਾ ਮਤਲਬ ਹੈ ਕਿ ਕੇਸ ਸਿੱਧਾ ਸੁਪਰੀਮ ਕੋਰਟ ਵਿੱਚ ਜਾਵੇਗਾ, ਅਤੇ ਸ਼ੁਰੂਆਤੀ ਸੁਣਵਾਈ ਦੇ ਪੜਾਅ ਵਿੱਚੋਂ ਨਹੀਂ ਲੰਘੇਗਾ। ਆਮ ਤੌਰ ‘ਤੇ ਇਸ ਪ੍ਰਕਿਰਿਆ ਵਿਚ ਮੁਲਜ਼ਮ ਨੂੰ ਸਰਕਾਰੀ ਗਵਾਹਾਂ ਤੋਂ ਪੁੱਛਗਿੱਛ ਕਰਨ ਅਤੇ ਸਬੂਤਾਂ ਦੀ ਜਾਂਚ ਕਰਨ ਦਾ ਮੌਕਾ ਮਿਲਦਾ ਹੈ, ਪਰ ਇਸ ਵਾਰ ਬਚਾਅ ਪੱਖ ਨੂੰ ਇਹ ਮੌਕਾ ਨਹੀਂ ਮਿਲੇਗਾ, ਜਿਸ ਕਾਰਨ ਮੁਕੱਦਮੇ ਦੀ ਪ੍ਰਕਿਰਿਆ ਹੋਰ ਗੁੰਝਲਦਾਰ ਹੋ ਸਕਦੀ ਹੈ। ਜਿਕਰਯੋਗ ਹੈ ਕਿ ਇਹ ਚਾਰੇ ਮੁਲਜ਼ਮ ਆਪਣਾ ਕੇਸ ਖੁਦ ਲੜ ਰਹੇ ਹਨ।

ਬਹੁਤ ਘੱਟ ਮਾਮਲਿਆਂ ਵਿੱਚ ਲਾਗੂ ਹੁੰਦਾ ਹੈ ਨਿਯਮ

ਕੈਨੇਡਾ ਦੇ ਕ੍ਰਿਮੀਨਲ ਕੋਡ ਦੇ ਤਹਿਤ ਸਿੱਧੇ ਦੋਸ਼ ਲਗਾਉਣ ਦੀ ਵਿਵਸਥਾ ਬਹੁਤ ਘੱਟ ਮਾਮਲਿਆਂ ਵਿੱਚ ਲਾਗੂ ਹੁੰਦੀ ਹੈ। ਇਹ ਫੈਸਲਾ ਅਟਾਰਨੀ ਜਨਰਲ ਦੀ ਜ਼ਿੰਮੇਵਾਰੀ ਹੈ ਅਤੇ ਆਮ ਤੌਰ ‘ਤੇ ਸਿਰਫ਼ ਜਨਤਕ ਹਿੱਤਾਂ, ਜਿਵੇਂ ਕਿ ਗਵਾਹਾਂ ਦੀ ਸੁਰੱਖਿਆ ਜਾਂ ਸੰਵੇਦਨਸ਼ੀਲ ਮੁੱਦਿਆਂ ਨਾਲ ਜੁੜੇ ਮਾਮਲਿਆਂ ਵਿੱਚ ਕੀਤਾ ਜਾਂਦਾ ਹੈ।

ਇਹ ਹਨ ਚਾਰ ਮੁਲਜ਼ਮ

ਚਾਰ ਮੁਲਜ਼ਮਾਂ ਵਿੱਚ ਕਰਨ ਬਰਾੜ, ਅਮਨਦੀਪ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਸ਼ਾਮਲ ਹਨ। ਉਨ੍ਹਾਂ ‘ਤੇ 18 ਜੂਨ, 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਗੁਰਦੁਆਰੇ ਵਿੱਚ ਹਰਦੀਪ ਸਿੰਘ ਨਿੱਝਰ ਦੀ ਸਾਜ਼ਿਸ਼ ਰਚਣ ਅਤੇ ਕਤਲ ਕਰਨ ਦਾ ਦੋਸ਼ ਹੈ। ਇਨ੍ਹਾਂ ਚਾਰਾਂ ਨੂੰ ਮਈ 2023 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਪਰ ਹੁਣ ਤੱਕ ਇਸ ਕੇਸ ਵਿੱਚ ਕੋਈ ਮਹੱਤਵਪੂਰਨ ਕਾਰਵਾਈ ਨਹੀਂ ਹੋਈ ਹੈ ਅਤੇ ਸੁਣਵਾਈ ਪਹਿਲਾਂ ਹੀ ਪੰਜ ਵਾਰ ਮੁਲਤਵੀ ਕੀਤੀ ਜਾ ਚੁੱਕੀ ਹੈ। ਹੁਣ ਇਸ ਕੇਸ ਦੀ ਸੁਣਵਾਈ 11 ਫਰਵਰੀ 2025 ਨੂੰ ਤੈਅ ਕੀਤੀ ਗਈ ਹੈ।

ਪਿਛਲੇ ਸਾਲ ਹੋਇਆ ਸੀ ਕਤਲ

ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਨੂੰ ਪਿਛਲੇ ਸਾਲ 18 ਜੂਨ ਨੂੰ ਗੁਰਦੁਆਰੇ ਦੀ ਪਾਰਕਿੰਗ ਵਿੱਚ ਕੁਝ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਹਰਦੀਪ ਸਿੰਘ ਕੈਨੇਡਾ ਦੇ ਵੈਨਕੂਵਰ ਸ਼ਹਿਰ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਪ੍ਰਧਾਨ ਵੀ ਸੀ। ਉਸ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਾਇਆ ਹੋਇਆ ਸੀ। ਉਹ ਅੱਤਵਾਦੀ ਸੰਗਠਨ ਖਾਲਿਸਤਾਨ ਟਾਈਗਰ ਫੋਰਸ ਨਾਲ ਜੁੜਿਆ ਹੋਇਆ ਸੀ।

ਨਿੱਝਰ ਪੰਜਾਬ ਦੇ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਦਾ ਰਹਿਣ ਵਾਲਾ ਸੀ। 1990 ਦੇ ਦਹਾਕੇ ਦੌਰਾਨ ਉਹ ਕੈਨੇਡਾ ਜਾ ਕੇ ਸੈਟਲ ਹੋ ਗਿਆ ਅਤੇ ਉੱਥੋਂ ਭਾਰਤ ਵਿਰੋਧੀ ਮੁਹਿੰਮ ਚਲਾਉਣ ਲੱਗਾ। ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਸੀ ਅਤੇ ਉਹ ਫੋਰਸ ਦੇ ਮੈਂਬਰਾਂ ਨੂੰ ਆਪਰੇਸ਼ਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਸੀ। ਇਹ ਜਥੇਬੰਦੀ ਵੱਖਰੇ ਖਾਲਿਸਤਾਨੀ ਰਾਸ਼ਟਰ ਦੀ ਮੰਗ ਕਰਦੀ ਆ ਰਹੀ ਹੈ।

ਨਿੱਝਰ ਨੇ “ਸਿੱਖ ਰੈਫਰੈਂਡਮ 2020” ਵਜੋਂ ਵੱਖਰੇ ਖਾਲਿਸਤਾਨ ਦੇਸ਼ ਲਈ ਆਨਲਾਈਨ ਮੁਹਿੰਮ ਚਲਾਈ ਸੀ। ਇਸੇ ਕਰਕੇ ਹੀ ਸਾਲ 2020 ਵਿੱਚ ਪੰਜਾਬ ਵਿੱਚ ਉਸਦੀ ਜਾਇਦਾਦ ਵੀ ਕੁਰਕ ਕੀਤੀ ਗਈ ਸੀ। ਉਹ ਸਿੱਖ ਫਾਰ ਜਸਟਿਸ ਨਾਲ ਵੀ ਜੁੜਿਆ ਹੋਇਆ ਸੀ।

Exit mobile version