ਤੇਲ੍ਹ ਚਾਹੀਦਾ ਹੈ ਤਾਂ ਹੋਰਮੁਜ਼ ਵਿੱਚ ਖੁਦ ਲੜੋ… ਈਰਾਨ ਜੰਗ ਵਿੱਚ ਇਨ੍ਹਾਂ ਦੇਸ਼ਾਂ ਨੂੰ ਡੋਨਾਲਡ ਟਰੰਪ ਦਾ ਫਰਮਾਨ
ਡੋਨਾਲਡ ਟਰੰਪ ਨੇ ਸਹਿਯੋਗੀਆਂ ਨੂੰ ਅਪੀਲ ਕੀਤੀ ਕਿ ਉਹ ਸਟ੍ਰੇਟ ਆਫ ਹੋਰਮੁਜ਼ ਸੰਕਟ ਦੌਰਾਨ ਅਮਰੀਕਾ 'ਤੇ ਭਰੋਸੇ ਨਾ ਰਹਿਣ। ਟਰੰਪ ਨੇ ਬ੍ਰਿਟੇਨ ਅਤੇ ਫਰਾਂਸ ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਤੇਲ੍ਹ ਅਮਰੀਕਾ ਤੋਂ ਖਰੀਦਣ ਅਤੇ ਆਪਣੀ ਸੁਰੱਖਿਆ ਦਾ ਧਿਆਨ ਰੱਖਣ ਦੀ ਗੱਲ ਕਹੀ।
Photo Credit: PTI
ਈਰਾਨ ਯੁੱਧ ਵਿੱਚ ਬੈਕਫੁਟ ਤੇ ਜਾਣ ਤੋਂ ਨਾਰਾਜ਼, ਡੋਨਾਲਡ ਟਰੰਪ ਨੇ ਆਪਣੇ ਸਹਿਯੋਗੀ ਦੇਸ਼ਾਂ ਨੂੰ ਸਖ਼ਤ ਸੰਦੇਸ਼ ਜਾਰੀ ਕੀਤਾ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਸੁਰੱਖਿਆ ਅਤੇ ਜ਼ਰੂਰਤਾਂ ਦੀ ਜ਼ਿੰਮੇਵਾਰੀ ਖੁਦ ਲੈਣੀ ਹੋਵੇਗੀ। ਉਨ੍ਹਾਂ ਨੇ ਸਹਿਯੋਗੀ ਦੇਸ਼ਾਂ ਨੂੰ ਦੋ ਸਲਾਹਾਂ ਦਿੱਤੀਆਂ। ਪਹਿਲੀ ਇਹ ਸੀ ਕਿ ਸਟ੍ਰੇਟ ਆਫ ਹੋਰਮੁਜ਼ ਕਾਰਨ ਜੈੱਟ ਫਿਊਲ ਦੀ ਕਮੀ ਝੱਲ ਰਹੇ ਦੇਸ਼ ਅਮਰੀਕਾ ਤੋਂ ਤੇਲ ਖਰੀਦ ਸਕਦੇ ਹਨ, ਕਿਉਂਕਿ ਅਮਰੀਕਾ ਕੋਲ ਕਾਫ਼ੀ ਤੇਲ ਹੈ।
ਟਰੰਪ ਨੇ ਖਾਸ ਤੌਰ ‘ਤੇ ਬ੍ਰਿਟੇਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਨੇ ਈਰਾਨ ਵਿਰੁੱਧ ਕਾਰਵਾਈ ਵਿੱਚ ਹਿੱਸਾ ਨਹੀਂ ਲਿਆ, ਪਰ ਹੁਣ ਉਹ ਜੈੱਟ ਈਂਧਨ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਦੂਜੀ ਸਲਾਹ ਵਿੱਚ ਕਿਹਾ ਕਿ ਇਹ ਦੇਸ਼ ਹਿੰਮਤ ਦਿਖਾਉਣ ਅਤੇ ਜਰੂਰਤ ਪੈਣ ਤੇ ਸਟ੍ਰੇਟ ਆਫ ਹੋਰਮੁਜ਼ ਤੇ ਜਾ ਕੇ ਖੁਦ ਕੰਟਰੋਲ ਹਾਸਿਲ ਕਰਨ। ਟਰੰਪ ਨੇ ਕਿਹਾ, “ਤੁਹਾਨੂੰ ਆਪਣੇ ਦਮ ‘ਤੇ ਲੜਨਾ ਸਿੱਖਣਾ ਪਵੇਗਾ; ਅਮਰੀਕਾ ਹਮੇਸ਼ਾ ਤੁਹਾਡੇ ਨਾਲ ਨਹੀਂ ਰਹੇਗਾ।”
ਟਰੰਪ ਦੇ ਬਿਆਨ ਦਾ ਕੀ ਮਤਲਬ?
ਟਰੰਪ ਦੇ ਬਿਆਨ ਦਾ ਮਤਲਬ ਹੈ ਕਿ ਭਾਵੇਂ ਇਹ ਸੁਰੱਖਿਆ ਦਾ ਮਾਮਲਾ ਹੋਵੇ ਜਾਂ ਤੇਲ ਸਪਲਾਈ ਦਾ, ਸਹਿਯੋਗੀਆਂ ਨੂੰ ਹੁਣ ਖੁਦ ਅੱਗੇ ਵਧਣਾ ਪਵੇਗਾ। ਟਰੰਪ ਦਾ ਸੰਕੇਤ ਸਪੱਸ਼ਟ ਸੀ ਕਿ ਅਮਰੀਕਾ ਉਨ੍ਹਾਂ ਦੇਸ਼ਾਂ ਤੋਂ ਆਪਣੇ ਆਪ ਨੂੰ ਦੂਰ ਕਰ ਸਕਦਾ ਹੈ ਜੋ ਪਹਿਲਾਂ ਅਮਰੀਕਾ ਦੇ ਨਾਲ ਨਹੀਂ ਖੜ੍ਹੇ ਸਨ। ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਕਾਫ਼ੀ ਕਮਜ਼ੋਰ ਹੋ ਗਿਆ ਹੈ ਅਤੇ ਯੁੱਧ ਦਾ ਸਭ ਤੋਂ ਔਖਾ ਹਿੱਸਾ ਪੂਰਾ ਹੋ ਚੁੱਕਾ ਹੈ। ਹੁਣ, ਦੂਜੇ ਦੇਸ਼ਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਆਪਣੀਆਂ ਤੇਲ ਦੀਆਂ ਜ਼ਰੂਰਤਾਂ ਨੂੰ ਖੁਦ ਪੂਰਾ ਕਰਨਾ ਚਾਹੀਦਾ ਹੈ।
ਫਰਾਂਸ ਨੂੰ ਸਾਧਿਆ ਨਿਸ਼ਾਨਾ
ਟਰੰਪ ਨੇ ਫਰਾਂਸ ਨਾਲ ਵੀ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਨੇ ਫਰਾਂਸ ‘ਤੇ ਇਜ਼ਰਾਈਲ ਜਾਣ ਵਾਲੇ ਅਮਰੀਕੀ ਫੌਜੀ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਵਿੱਚੋਂ ਉੱਡਣ ਦੀ ਇਜਾਜ਼ਤ ਨਾ ਦੇਣ ਦਾ ਆਰੋਪ ਲਗਾਇਆ। ਟਰੰਪ ਨੇ ਇਸਨੂੰ ਬੁਰਾ ਵਿਵਹਾਰ ਕਿਹਾ ਅਤੇ ਕਿਹਾ ਕਿ ਅਮਰੀਕਾ ਇਸਨੂੰ ਯਾਦ ਰੱਖੇਗਾ।
