ਚੀਨ ‘ਚ ਫੈਲ ਰਿਹਾ ਰਹੱਸਮਈ ਨਿਮੋਨੀਆ, ਕੋਰੋਨਾ ਵਰਗੇ ਬਣ ਰਹੇ ਹਾਲਾਤ ? WHO ਅਲਰਟ

Updated On: 

23 Nov 2023 13:20 PM

ਚੀਨ ਦੇ ਸਕੂਲੀ ਬੱਚੇ ਰਹੱਸਮਈ ਨਿਮੋਨੀਆ ਦਾ ਸ਼ਿਕਾਰ ਹੋ ਰਹੇ ਹਨ। ਸਥਿਤੀ ਦਿਨੋ ਦਿਨ ਵਿਗੜਦੀ ਜਾ ਰਹੀ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸ ਬਿਮਾਰੀ ਨੇ ਇੱਕ ਵਾਰ ਫਿਰ ਚੀਨ ਵਿੱਚ ਕੋਰੋਨਾ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਹੁਣ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਸਬੰਧੀ ਰਿਪੋਰਟ ਮੰਗੀ ਹੈ।

ਚੀਨ ਚ ਫੈਲ ਰਿਹਾ ਰਹੱਸਮਈ ਨਿਮੋਨੀਆ, ਕੋਰੋਨਾ ਵਰਗੇ ਬਣ ਰਹੇ ਹਾਲਾਤ ? WHO ਅਲਰਟ
Follow Us On

ਚੀਨ ਅਜੇ ਕੋਰੋਨਾ ਮਹਾਮਾਰੀ ਦੇ ਦਰਦ ਤੋਂ ਉਭਰਿਆ ਵੀ ਨਹੀਂ ਸੀ ਕਿ ਉਥੇ ਇਕ ਨਵੇਂ ਖ਼ਤਰੇ ਨੇ ਦਸਤਕ ਦੇ ਦਿੱਤੀ। ਚੀਨ ਵਿੱਚ ਇਨ੍ਹੀਂ ਦਿਨੀਂ ਨਿਮੋਨੀਆ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਸਕੂਲੀ ਬੱਚੇ ਇਸ ਰਹੱਸਮਈ ਨਿਮੋਨੀਆ ਦਾ ਸ਼ਿਕਾਰ ਹੋ ਰਹੇ ਹਨ। ਸਥਿਤੀ ਅਜਿਹੀ ਜਾਪਦੀ ਹੈ ਜਿਵੇਂ ਕਿ ਕਰੋਨਾ ਦੇ ਸ਼ੁਰੂਆਤੀ ਦੌਰ ਵਿੱਚ ਸੀ। ਇਸ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ। ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਉੱਥੇ ਇੱਕ ਵਾਰ ਫਿਰ ਕੋਰੋਨਾ ਦੌਰ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਇਸ ਬਿਮਾਰੀ ਤੋਂ ਪ੍ਰਭਾਵਿਤ ਬੱਚਿਆਂ ਵਿੱਚ ਅਸਾਧਾਰਨ ਲੱਛਣ ਦੇਖਣ ਨੂੰ ਮਿਲ ਰਹੇ ਹਨ, ਬੱਚਿਆਂ ਦੇ ਫੇਫੜਿਆਂ ਵਿੱਚ ਸੋਜ ਅਤੇ ਤੇਜ਼ ਬੁਖਾਰ ਇਸ ਦੇ ਲੱਛਣ ਦੱਸੇ ਜਾ ਰਹੇ ਹਨ।

ਚੀਨ ਦੇ ਬੀਜਿੰਗ ਅਤੇ ਲਿਓਨਿੰਗ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਮਰੀਜ਼ਾਂ ਦੀ ਗਿਣਤੀ ਕਾਰਨ ਹਸਪਤਾਲ ਦੀ ਹਾਲਤ ਵੀ ਖ਼ਰਾਬ ਹੁੰਦੀ ਜਾ ਰਹੀ ਹੈ। ਮਰੀਜ਼ਾਂ ਨੂੰ ਘੰਟਿਆਂਬੱਧੀ ਲਾਈਨਾਂ ਵਿੱਚ ਖੜ੍ਹਾ ਹੋਣਾ ਪੈਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਾਤਕ ਬੀਮਾਰੀ ਕਾਰਨ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

WHO ਨੇ ਮੰਗੀ ਰਿਪੋਰਟ

ਦੂਜੇ ਪਾਸੇ ਇਸ ਬਿਮਾਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਬਾਰੇ ਰਿਪੋਰਟ ਮੰਗੀ ਹੈ। ਜਿਸ ਅਨੁਸਾਰ ਹਸਪਤਾਲ ਵਿੱਚ ਇਸ ਬਿਮਾਰੀ ਦਾ ਸ਼ਿਕਾਰ ਹੋਏ ਬੱਚਿਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ। ਹਸਪਤਾਲਾਂ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਡਬਲਯੂਐਚਓ ਨੇ ਕਿਹਾ ਕਿ ਰਾਸ਼ਟਰੀ ਸਿਹਤ ਕਮਿਸ਼ਨ ਦੇ ਚੀਨੀ ਅਧਿਕਾਰੀਆਂ ਨੇ 12 ਨਵੰਬਰ ਨੂੰ ਪ੍ਰੈੱਸ ਕਾਨਫਰੰਸ ਰਾਹੀਂ ਇਸ ਰਹੱਸਮਈ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਸੀ। WHO ਨੇ ਇਨਫਲੂਐਂਜ਼ਾ, SARS-CoV-2 (ਕੋਵਿਡ-19 ਦਾ ਕਾਰਨ ਬਣਨ ਵਾਲਾ ਵਾਇਰਸ), RSV ਦੇ ਨਾਲ-ਨਾਲ ਮਾਈਕੋਪਲਾਜ਼ਮਾ ਨਿਮੋਨੀਆ ਦੀ ਰਿਪੋਰਟ ਮੰਗੀ ਹੈ।

ਪ੍ਰੋਮੇਡ ਨੇ ਕੀਤਾ ਸੀ ਸੁਚੇਤ

ਪ੍ਰੋਮੇਡ , ਜੋ ਛੂਤ ਦੀਆਂ ਬਿਮਾਰੀਆਂ ਦੇ ਪ੍ਰਕੋਪ ‘ਤੇ ਗਲੋਬਲ ਰਿਪੋਰਟਿੰਗ ਕਰਦਾ ਹੈ, ਨੇ ਬੱਚਿਆਂ ਵਿੱਚ ਫੈਲਣ ਵਾਲੇ ਇਸ ਰਹੱਸਮਈ ਨਿਮੋਨੀਆ ਬਾਰੇ ਸੁਚੇਤ ਕੀਤਾ ਸੀ। ਇਸ ਤੋਂ ਪਹਿਲਾਂ ਪ੍ਰੋਮੇਡ ਨੇ ਵੀ ਕੋਰੋਨਾ ਮਹਾਮਾਰੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਅਧਿਆਪਕ ਵੀ ਇਸ ਬੀਮਾਰੀ ਦੀ ਲਪੇਟ ‘ਚ ਆਏ ਹਨ। ਇਸ ਦਾ ਅਸਰ ਮੁੱਖ ਤੌਰ ‘ਤੇ ਸਕੂਲਾਂ ‘ਤੇ ਪੈਂਦਾ ਹੈ। ਇਸ ਦੌਰਾਨ, ਮਹਾਂਮਾਰੀ ਵਿਗਿਆਨੀ ਐਰਿਕ-ਫੀਗਲ-ਡਿੰਗ ਨੇ ਸੋਸ਼ਲ ਮੀਡੀਆ ਸਾਈਟ ਐਕਸ (ਪਹਿਲਾਂ ਟਵਿੱਟਰ) ‘ਤੇ ਹਸਪਤਾਲਾਂ ਦਾ ਵੀਡੀਓ ਸਾਂਝਾ ਕੀਤਾ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਦਿੱਤੀ ਹੈ।