ਕੈਨੇਡਾ ‘ਚ 17 ਪੰਜਾਬੀ ਗ੍ਰਿਫ਼ਤਾਰ: ਅੰਤਰਰਾਸ਼ਟਰੀ ਜਬਰਨ ਵਸੂਲੀ ਗਿਰੋਹ ਦਾ ਪਰਦਾਫਾਸ਼, ਏਸ਼ੀਆਈ ਕਾਰੋਬਾਰੀਆਂ ਨੂੰ ਬਣਾਉਂਦੇ ਸਨ ਨਿਸ਼ਾਨਾ
ਪੀਲ ਰੀਜਨਲ ਪੁਲਿਸ ਮੁਖੀ ਨਿਸ਼ਾਨ ਦੁਰਈਅੱਪਾ ਨੇ ਕਿਹਾ ਕਿ ਇਹ ਗਿਰੋਹ ਸਰਹੱਦ ਪਾਰ ਸੰਗਠਿਤ ਅਪਰਾਧ ਨੈੱਟਵਰਕ ਨਾਲ ਜੁੜਿਆ ਹੋਇਆ ਸੀ ਅਤੇ ਕਈ ਏਜੰਸੀਆਂ ਦੇ ਸਾਂਝੇ ਯਤਨਾਂ ਰਾਹੀਂ ਇਸਨੂੰ ਖਤਮ ਕੀਤਾ ਗਿਆ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਮੀਗ੍ਰੇਸ਼ਨ ਉਲੰਘਣਾਵਾਂ ਲਈ ਛੇ ਸ਼ੱਕੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਨੂੰ ਭਾਰਤ ਭੇਜੇ ਜਾਣ ਦੀ ਸੰਭਾਵਨਾ ਹੈ।
(Photo Credit: ChatGpt.com)
ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਇੱਕ ਵੱਡੇ ਸਾਂਝੇ ਆਪ੍ਰੇਸ਼ਨ ਵਿੱਚ ਭਾਰਤੀ ਤੇ ਪੰਜਾਬੀ ਮੂਲ ਦੇ 17 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਵਿੱਚ ਇੱਕ ਅੰਤਰਰਾਸ਼ਟਰੀ ਜਬਰਨ ਵਸੂਲੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਬ੍ਰੈਂਪਟਨ, ਮਿਸੀਸਾਗਾ, ਕੈਲੇਡਨ, ਬ੍ਰਿਟਿਸ਼ ਕੋਲੰਬੀਆ ਅਤੇ ਕੈਲੀਫੋਰਨੀਆ ਤੱਕ ਸਰਗਰਮ ਸੀ, ਜੋ ਪੰਜਾਬੀ ਅਤੇ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ।
ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਿਰੋਹ ਰੈਸਟੋਰੈਂਟ ਮਾਲਕਾਂ, ਟਰੱਕਿੰਗ ਕੰਪਨੀਆਂ ਅਤੇ ਕਾਰੋਬਾਰੀਆਂ ਤੋਂ ਧਮਕੀਆਂ ਦੇ ਕੇ ਪੈਸੇ ਵਸੂਲਦਾ ਸੀ। ਭੁਗਤਾਨ ਨਾ ਕਰਨ ‘ਤੇ ਗੋਲੀਬਾਰੀ, ਅੱਗਜ਼ਨੀ ਅਤੇ ਹਿੰਸਕ ਹਮਲੇ ਵੀ ਹੋਏ ਹਨ। ਪੁਲਿਸ ਨੇ ਇਸ ਨੈੱਟਵਰਕ ਨਾਲ ਜੁੜੀਆਂ ਕੁੱਲ 24 ਘਟਨਾਵਾਂ ਦਾ ਪਰਦਾਫਾਸ਼ ਕੀਤਾ ਹੈ। ਜਿਨ੍ਹਾਂ ਵਿੱਚ 16 ਗੰਭੀਰ ਹਿੰਸਕ ਘਟਨਾਵਾਂ ਸ਼ਾਮਲ ਹਨ। ਕੁਝ ਮਾਮਲਿਆਂ ਵਿੱਚ, ਲਗਭਗ 324 ਗੋਲੀਆਂ ਚਲਾਈਆਂ ਗਈਆਂ।
ਛਾਪੇਮਾਰੀ ਦੌਰਾਨ ਵੱਡੀ ਬਰਾਮਦਗੀ
ਛਾਪੇਮਾਰੀ ਦੌਰਾਨ ਪੁਲਿਸ ਨੇ ਛੇ ਗੈਰ-ਕਾਨੂੰਨੀ ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਮ ਕਾਰਡ ਅਤੇ ਜਾਅਲੀ ਪਛਾਣ ਪੱਤਰ ਜ਼ਬਤ ਕੀਤੇ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ‘ਤੇ ਕੁੱਲ 106 ਅਪਰਾਧਿਕ ਮਾਮਲੇ ਦਰਜ ਹਨ।
ਫੜੇ ਗਏ ਮੁਲਜ਼ਮਾਂ ਵਿੱਚ ਇਕਬਾਲ ਸਿੰਘ ਭਗਰੀਆ, ਅਕਾਸ਼ਦੀਪ ਸਿੰਘ, ਰਵਿੰਦਰ ਸਿੰਘ, ਜਸ਼ਨਬੀਰ ਸਿੰਘ, ਦਿਲਾਵਰਪ੍ਰੀਤ ਸਿੰਘ, ਮਨਦੀਪ ਸਿੰਘ, ਪ੍ਰਭਦੀਪ ਸੋਹਲ, ਪ੍ਰਤਾਪਬੀਰ ਘੁੰਮਣ, ਅਜੈਦੀਪ ਸਿੰਘ, ਨਵਰੂਪ ਸਿੰਘ, ਰਾਜਨ ਸਿੰਘ, ਅੰਮ੍ਰਿਤਜੋਤ ਸਿੰਘ, ਜਸ਼ਨਪ੍ਰੀਤ ਸਿੰਘ, ਗੁਨੀਤ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ ਅਤੇ ਗੌਤਮ ਸ਼ਾਮਲ ਹਨ।