ਬਲੋਚਿਸਤਾਨ ਲਿਬਰੇਸ਼ਨ ਆਰਮੀ ਹੁਣ ਅੱਤਵਾਦੀ ਸੰਗਠਨ, ਅਮਰੀਕਾ ਨੇ ਕੀਤਾ ਐਲਾਨ
America Declared BLA as Terrorist Organisaton: ਅਮਰੀਕਾ ਨੇ ਆਜਾਦ ਬਲੋਚਿਸਤਾਨ ਦੀ ਮੰਗ ਕਰਨ ਵਾਲੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਅੱਤਵਾਦੀ ਸੰਗਠਨ ਐਲਾਨਿਆ ਹੈ। ਪਾਕਿਸਤਾਨ ਦੀ ਅਫਗਾਨਿਸਤਾਨ ਅਤੇ ਈਰਾਨ ਸਰਹੱਦ 'ਤੇ ਸਥਿਤ ਇਸ ਸੂਬੇ ਦੇ ਬਾਗੀ ਸੰਗਠਨ ਨੇ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਕਈ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ।
ਅਮਰੀਕਾ ਨੇ ਪਾਕਿਸਤਾਨ ਦੇ ਦੱਖਣੀ ਸੂਬੇ ਵਿੱਚ ਸਰਗਰਮ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਇਹ ਜਾਣਕਾਰੀ ਅਮਰੀਕੀ ਵਿਦੇਸ਼ ਵਿਭਾਗ ਨੇ ਦਿੱਤੀ ਹੈ। ਬੀਐਲਏ ਨੂੰ ਮਜੀਦ ਬ੍ਰਿਗੇਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜੋ ਪਿਛਲੇ ਕਈ ਦਹਾਕਿਆਂ ਤੋਂ ਇੱਕ ਆਜ਼ਾਦ ਬਲੋਚਿਸਤਾਨ ਲਈ ਲੜ ਰਿਹਾ ਹੈ।
ਇਸ ਸੰਬੰਧੀ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਵਿਭਾਗ ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਅਤੇ ਇਸ ਦੇ ਸਹਿਯੋਗੀ ਮਜੀਦ ਬ੍ਰਿਗੇਡ ਨੂੰ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ (FTO) ਵਜੋਂ ਨਾਮਜ਼ਦ ਕਰ ਰਿਹਾ ਹੈ। ਇਸ ਤੋਂ ਪਹਿਲਾਂ, BLA ਨੂੰ ਪਹਿਲਾਂ ਹੀ ਵਿਸ਼ੇਸ਼ ਤੌਰ ‘ਤੇ ਮਨੋਨੀਤ ਗਲੋਬਲ ਅੱਤਵਾਦੀ ਸੰਗਠਨ (SDGT) ਵਿੱਚ ਸ਼ਾਮਲ ਕੀਤਾ ਗਿਆ ਸੀ। ਅਮਰੀਕਾ ਨੇ ਇਹ ਕਾਰਵਾਈ 2019 ਵਿੱਚ ਕੀਤੀ ਸੀ।
ਟ੍ਰੇਨ ਹਾਈਜੈਕਿੰਗ ਅਤੇ ਆਤਮਘਾਤੀ ਹਮਲਿਆਂ ‘ਤੇ ਕਾਰਵਾਈ
ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਬੀਐਲਏ ਕਈ ਅੱਤਵਾਦੀ ਘਟਨਾਵਾਂ ਵਿੱਚ ਸ਼ਾਮਲ ਪਾਇਆ ਗਿਆ ਹੈ। 2019 ਤੋਂ, ਇਸ ਨੇ ਲਗਾਤਾਰ ਕਈ ਹੋਰ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। 2024 ਵਿੱਚ, ਬੀਐਲਏ ਨੇ ਦਾਅਵਾ ਕੀਤਾ ਕਿ ਇਸ ਨੇ ਕਰਾਚੀ ਹਵਾਈ ਅੱਡੇ ਅਤੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ਦੇ ਨੇੜੇ ਆਤਮਘਾਤੀ ਹਮਲੇ ਕੀਤੇ। ਇਸ ਤੋਂ ਬਾਅਦ, 2025 ਵਿੱਚ, ਬੀਐਲਏ ਨੇ ਦਾਅਵਾ ਕੀਤਾ ਕਿ ਇਸ ਨੇ ਮਾਰਚ ਵਿੱਚ ਕਵੇਟਾ ਤੋਂ ਪੇਸ਼ਾਵਰ ਜਾਣ ਵਾਲੀ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਹਾਈਜੈਕ ਕਰ ਲਿਆ, ਜਿਸ ਵਿੱਚ 31 ਨਾਗਰਿਕ ਅਤੇ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ। ਟ੍ਰੇਨ ਵਿੱਚ 300 ਤੋਂ ਵੱਧ ਯਾਤਰੀ ਸਨ ਜਿਨ੍ਹਾਂ ਨੂੰ ਬੰਧਕ ਬਣਾਇਆ ਗਿਆ ਸੀ।
ਅਮਰੀਕਾ ਅੱਤਵਾਦ ਨਾਲ ਲੜਨ ਲਈ ਵਚਨਬੱਧ
ਵਿਦੇਸ਼ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਬੀਐਲਏ ਨੂੰ ਅੱਤਵਾਦੀ ਸੂਚੀ ਵਿੱਚ ਪਾਉਣ ਦਾ ਕਦਮ ਦਰਸਾਉਂਦਾ ਹੈ ਕਿ ਅਮਰੀਕਾ ਅੱਤਵਾਦ ਨਾਲ ਲੜਨ ਲਈ ਵਚਨਬੱਧ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਅੱਤਵਾਦੀ ਸੰਗਠਨਾਂ ਦੀ ਇਸ ਸੂਚੀ ਨੂੰ ਬਣਾਉਣ ਦਾ ਉਦੇਸ਼ ਇਨ੍ਹਾਂ ਖਤਰਿਆਂ ਨੂੰ ਘਟਾਉਣਾ ਹੈ। ਇਸ ਤੋਂ ਇਲਾਵਾ, ਇਹ ਅੱਤਵਾਦੀ ਗਤੀਵਿਧੀਆਂ ਲਈ ਬਾਹਰੀ ਸਮਰਥਨ ਨੂੰ ਰੋਕਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਵੀ ਹੈ।
